ਪਿਛਲੇ ਸਾਲ ਕੈਨੇਡਾ ਦੀ ਆਬਾਦੀ ਵਿਚ 10 ਲੱਖ ਦਾ ਵਾਧਾ -ਪਿਛਲੇ ਸਾਰੇ ਰਿਕਾਰਡ ਕੀਤੇ ਮਾਤ

(ਸਰੀ) -ਕੈਨੇਡਾ ਦੀ ਆਬਾਦੀ ਵਿਚ 1 ਜਨਵਰੀ, 2022 ਤੋਂ 1 ਜਨਵਰੀ, 2023 ਤੱਕ 10 ਲੱਖ ਲੋਕਾਂ ਦਾ ਵਾਧਾ ਹੋਇਆ ਹੈ ਜਿਸ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਹਫ਼ਤੇ ਜਾਰੀ ਕੀਤੇ ਗਏ ਅੰਕੜਿਆਂ ਸਾਲ 2022 ਵਿਚ ਕੈਨੇਡਾ ਦੀ ਆਬਾਦੀ ਵਿਚ 1,050,110 ਦਾ ਵਾਧਾ ਹੋਇਆ ਹੈ ਜਿਸ ਨਾਲ 1 ਜਨਵਰੀ, 2023 ਨੂੰ ਕੈਨੇਡਾ ਦੀ ਆਬਾਦੀ 39,566,248 ਹੋ ਗਈ ਹੈ।

ਆਬਾਦੀ ਵਿਚ ਹੋਇਆ ਇਹ ਵਾਧਾ ਕੈਨੇਡਾ ਦੇ ਇਤਿਹਾਸ ਵਿੱਚ 12-ਮਹੀਨਿਆਂ ਵਿਚ ਵਾਧਾ ਹੋਣ ਦਾ ਪਹਿਲਾ ਰਿਕਾਰਡ ਬਣ ਗਿਆ ਹੈ। 2022 ਵਿੱਚ ਕੈਨੇਡਾ ਦੀ ਜਨਸੰਖਿਆ ਵਧਣ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਪ੍ਰਵਾਸ ਦੱਸਿਆ ਗਿਆ ਹੈ। ਕੈਨੇਡਾ 2022 ਵਿੱਚ ਜਨਸੰਖਿਆ ਵਾਧੇ ਲਈ ਜੀ-7 ਦੇਸ਼ਾਂ ਵਿੱਚ ਸਭ ਤੋਂ ਅੱਗੇ ਹੈ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਆਬਾਦੀ ਦੇ ਵਾਧੇ ਦੀ ਇਹ ਦਰ ਇਸੇ ਤਰਾਂ ਬਰਕਰਾਰ ਰਹੀ ਤਾਂ ਆਉਣ ਵਾਲੇ ਲਗਭਗ 26 ਸਾਲਾਂ ਵਿੱਚ ਕੈਨੇਡੀਅਨ ਦੀ ਆਬਾਦੀ ਦੁੱਗਣੀ ਹੋ ਜਾਵੇਗੀ।

ਅੰਤਰਰਾਸ਼ਟਰੀ ਪ੍ਰਵਾਸ ਵਿੱਚ ਦੇਖਿਆ ਗਿਆ ਵਾਧਾ ਕੈਨੇਡਾ ਸਰਕਾਰ ਵੱਲੋਂ ਆਰਥਿਕਤਾ ਦੇ ਮੁੱਖ ਖੇਤਰਾਂ ਵਿੱਚ ਮਜ਼ਦੂਰਾਂ ਦੀ ਕਮੀ ਨੂੰ ਘੱਟ ਕਰਨ ਦੇ ਯਤਨਾਂ ਸਦਕਾ ਹੋਇਆ ਹੈ। ਦੂਜੇ ਪਾਸੇ ਸਥਾਈ ਅਤੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਵਧਣ ਕਾਰਨ ਕੈਨੇਡਾ ਵਿਚ ਰਿਹਾਇਸ਼, ਬੁਨਿਆਦੀ ਢਾਂਚੇ ਅਤੇ ਆਵਾਜਾਈ ਅਤੇ ਜਨਤਕ ਸੇਵਾਵਾਂ ਪ੍ਰਦਾਨ ਕਰਨ ਨਾਲ ਸਬੰਧਤ ਦੇਸ਼ ਦੇ ਕੁਝ ਖੇਤਰਾਂ ਲਈ ਸਾਹਮਣੇ ਵੱਡੀਆਂ ਚੁਣੌਤੀਆਂ ਨੂੰ ਵੀ ਦਰਸਾ ਰਿਹਾ ਹੈ।

(ਹਰਦਮ ਮਾਨ) +1 604 308 6663

maanbabushahi@gmail.com