ਕੈਨੇਡੀਅਨ ਪ੍ਰਧਾਨ ਮੰਤਰੀ ਦਾ ਸਿੱਖਾਂ ਪ੍ਰਤੀ ਮੋਹ

1064576-justin-1457791883-812-640x480
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਪਾਇਰੀ ਜੇਮਸ ਟਰੂਡੋ ਦਾ ਸਿੱਖਾਂ ਪ੍ਰਤੀ ਮੋਹ ਕਈਆਂ ਨੂੰ ਹੈਰਾਨ ਕਰ ਰਿਹਾ ਹੈ। ਵੈਸੇ ਇਹ ਹੈਰਾਨਗੀ ਖ਼ੁਸ਼ੀ ਭਰੀ ਹੈ। ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਕੁੱਝ ਹੋਰ ਨੁਕਤਿਆਂ ਨੂੰ ਜਾਣ ਲੈਣਾ ਠੀਕ ਰਹੇਗਾ।
ਮੌਜੂਦਾ ਕੈਨੇਡੀਅਨ ਪ੍ਰਧਾਨ ਮੰਤਰੀ ਲਿਬਰਲ ਪਾਰਟੀ ਦਾ ਨੇਤਾ ਹੈ। ਕੈਨੇਡਾ ਦੇ ਇਤਿਹਾਸ ਵਿਚ ਉਹ ਜੋ ਕਲਾਰਕ ਤੋਂ ਬਾਅਦ ਦੂਜਾ ਯੁਵਾ ਪ੍ਰਧਾਨ ਮੰਤਰੀ ਹੈ ਅਤੇ ਕੈਨੇਡਾ ਦੇ 15ਵੇਂ ਪ੍ਰਧਾਨ ਮੰਤਰੀ ਪਾਇਰੀ ਟਰੂਡੋ ਦਾ ਪੁੱਤਰ ਹੈ। ਕੈਨੇਡਾ ਦੇ ਸਭ ਤੋਂ ਹਰਮਨ-ਪਿਆਰੇ ਤੇ ਪਸੰਦੀਦਾ ਪ੍ਰਧਾਨ ਮੰਤਰੀ ਦੀ ਜਦੋਂ ਗੱਲ ਆਉਂਦੀ ਹੈ ਤਾਂ ਜਸਟਿਨ ਟਰੂਡੋ ਦੇ ਪਿਤਾ ਪਿਏਰੇ ਟਰੂਡੋ ਦਾ ਨਾਂ ਸਭ ਤੋਂ ਪਹਿਲਾਂ ਲੋਕਾਂ ਦੀ ਜ਼ੁਬਾਨ ਉੱਤੇ ਆਉਂਦਾ ਹੈ। ਪਿਛਲੇ ਦਿਨੀਂ ਫੋਰਮ ਰਿਸਰਚ ਵੱਲੋਂ ਕਰਵਾਏ ਗਏ ਸਰਵੇਖਣ ਦੇ ਨਤੀਜੇ ਜਾਰੀ ਕੀਤੇ ਗਏ। 1,525 ਕੈਨੇਡੀਅਨਾਂ ਤੋਂ ਇਹ ਪੁੱਛਿਆ ਗਿਆ ਕਿ ਹੇਠਾਂ ਦਿੱਤੇ ਪ੍ਰਧਾਨ ਮੰਤਰੀਆਂ ਵਿਚੋਂ ਬਿਹਤਰੀਨ ਕੌਣ ਸੀ? ਸਭ ਤੋਂ ਵੱਧ 26 ਫ਼ੀ ਸਦੀ ਲੋਕਾਂ ਨੇ ਪਿਏਰੇ ਟਰੂਡੋ ਨੂੰ ਪਸੰਦ ਕੀਤਾ।  ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਜਸਟਿਨ ਟਰੂਡੋ ਰਾਜਨੀਤੀ ਵਿਚ ਹੋਰ ਅੱਗੇ ਵਧੇ ਅਤੇ 2008 ਵਿਚ ਫੈਡਰਲ ਚੋਣਾਂ ਜਿੱਤੇ ਅਤੇ ਹਾਊਸ ਆਫ਼ ਕਾਮਨਜ਼ ਵਿਚ ਪੈਪੀਨਿਓ ਦੀ ਪ੍ਰਤੀਨਿਧਤਾ ਕੀਤੀ। ਫਿਰ 2009 ਵਿਚ ਲਿਬਰਲ ਪਾਰਟੀ ਵੱਲੋਂ ਯੁਵਕ ਅਤੇ ਬਹੁਰਾਸਰੀਅਤਾ ਮੰਤਰੀ ਬਣੇ ਅਤੇ ਉਸੇ ਸਾਲ ਹੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਮੰਤਰਾਲੇ ‘ਚ ਨਾਮਜ਼ਦ ਹੋਏ। ਸਾਲ 2011 ਵਿਚ ਉਨ੍ਹਾਂ ਨੂੰ ਸੈਕੰਡਰੀ ਸਿੱਖਿਆ, ਯੁਵਕ ਉੱਤੇ ਖੇਡ ਮੰਤਰਾਲੇ ‘ਚ ਨਾਮਜ਼ਦ ਕੀਤਾ ਗਿਆ। ਟਰੂਡੋ ਨੇ ਲਿਬਰਲ ਪਾਰਟੀ ਦੀ ਕਮਾਨ ਅਪ੍ਰੈਲ 2013 ਵਿਚ ਸੰਭਾਲੀ ਅਤੇ ਫਿਰ ਇਸ ਪਾਰਟੀ ਨੇ 2015 ਵਿਚ ਚੋਣਾਂ ‘ਚ ਭਾਰੀ ਜਿੱਤ ਪ੍ਰਾਪਤ ਕੀਤੀ।
ਜਸਟਿਨ ਟਰੂਡੋ ਇਸ ਵੇਲੇ ਦੁਨੀਆ ਭਰ ਵਿਚ ਮਕਬੂਲ ਨੇਤਾ ਵਜੋਂ ਉੱਭਰ ਰਹੇ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਕੈਨੇਡਾ ਬਹੁ-ਸਭਿਆਚਾਰਕ ਮੁਲਕ ਹੈ ਤੇ ਜਸਟਿਨ ਟਰੂਡੋ ਇਸ ਨੁਕਤੇ ਨੂੰ ਬਹੁਤ ਸੰਜੀਦਗੀ ਨਾਲ ਲਾਗੂ ਕਰ ਰਹੇ ਹਨ। ਉਹ ਘੱਟ-ਗਿਣਤੀਆਂ ਦੇ ਸਭਿਆਚਾਰਕ ਤੇ ਧਾਰਮਿਕ ਸਮਾਗਮਾਂ ਦੇ ਨਿਰੰਤਰ ਹਿੱਸੇਦਾਰ ਬਣਦੇ ਰਹਿੰਦੇ ਹਨ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਿਹੜਾ ਕਥਨ ਲੋਕਾਂ ਚ ਬਹੁਤ ਮਕਬੂਲ ਹੋਇਆ ਉਹ ਸੀ ਜਦੋਂ ਉਨ੍ਹਾਂ ਕਿਹਾ ਕਿ ਸਾਨੂੰ ਦੁਨੀਆ ਨੂੰ ਬਿਹਤਰ ਬਣਾਉਣ ਲਈ ਕਵੀਆਂ ਦੀ ਜ਼ਰੂਰਤ ਹੈ। ਇਹ ਕੋਈ ਸਾਧਾਰਨ ਕਥਨ ਨਹੀਂ ਬਲਕਿ ਇਹ ਇੱਕ ਦਾਰਸ਼ਨਿਕ ਵਿਚਾਰ ਹੈ। ਇੱਕ ਵੇਲੇ ਪਲੈਟੋ ਨੇ ਵੀ ਕਿਹਾ ਸੀ ਕਿ ਕਵਿਤਾ, ਇਤਿਹਾਸ ਨਾਲੋਂ ਮਾਰਮਿਕ ਸੱਚ ਦੇ ਵਧੇਰੇ ਨੇੜੇ ਹੁੰਦੀ ਹੈ।
ਜਸਟਿਨ ਟਰੁਡੋ ਨੇ ਆਪਣੇ ਮੰਤਰੀ ਮੰਡਲ ਵਿਚ ਚਾਰ ਸਿੱਖ ਕੈਨੇਡੀਅਨਾਂ ਨੂੰ ਸ਼ਾਮਲ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਟਰੂਡੋ ਮੰਤਰੀ ਮੰਡਲ ਵਿਚ ਸ਼ਾਮਿਲ ਚਾਰ ਸਿੱਖ ਮੰਤਰੀਆਂ ਵਿਚ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਕੈਨੇਡਾ ਦੀਆਂ ਹਥਿਆਰਬੰਦ ਸੈਨਾਵਾਂ ਦੇ ਮੈਂਬਰ ਵਜੋਂ ਅਫ਼ਗ਼ਾਨਿਸਤਾਨ ਦਾ ਤਿੰਨ ਵਾਰ ਦੌਰਾ ਕੀਤਾ ਸੀ। ਸੱਜਣ ਤੋਂ ਇਲਾਵਾ ਦੂਸਰੇ ਤਿੰਨ ਸਿੱਖ ਮੰਤਰੀ ਹਨ, ਬੁਨਿਆਦੀ ਢਾਂਚੇ ਬਾਰੇ ਮੰਤਰੀ ਅਮਰਜੀਤ ਸੋਹੀ, ਛੋਟੇ ਕਾਰੋਬਾਰ ਬਾਰੇ ਮੰਤਰੀ ਬਰਦਿਸ਼ ਚੱਗਰ ਅਤੇ ਇਨੋਵੇਸ਼ਨ ਮੰਤਰੀ ਨਵਦੀਪ ਸਿੰਘ ਬੈਂਸ। ਕੈਨੇਡਾ ਵਿਚ ਪਿਛਲੇ ਸਾਲ ਹੋਈਆਂ ਚੋਣਾਂ ਵਿਚ 17 ਸਿੱਖ ਸੰਸਦ ਮੈਂਬਰ ਚੁਣੇ ਗਏ ਸਨ ਜਿਨ੍ਹਾਂ ਵਿਚੋਂ 16 ਕੈਨੇਡਾ  ਦੀ ਲਿਬਰਲ ਪਾਰਟੀ ਅਤੇ ਇੱਕ ਕੰਸਰਵੇਟਿਵ ਪਾਰਟੀ ਨਾਲ ਸਬੰਧਿਤ ਹੈ।  ਇਸ ਦੇ ਉਲਟ ਮੋਦੀ ਸਰਕਾਰ ‘ਚ ਸਿਰਫ਼ ਇੱਕ ਸਿੱਖ ਮੰਤਰੀ ਹਨ ਹਰਸਿਮਰਤ ਕੌਰ ਬਾਦਲ। 31 ਮੈਂਬਰੀ ਵਜ਼ਾਰਤ ‘ਚ ਅੱਧੇ ਮੰਤਰੀ ਮਰਦ ਅਤੇ ਅੱਧੀਆਂ ਔਰਤਾਂ ਸ਼ਾਮਲ ਕੀਤੀਆਂ ਗਈਆਂ ਹਨ।
12 ਅਪ੍ਰੈਲ ਨੂੰ ਕੈਨੇਡਾ ਦੀ ਰਾਜਧਾਨੀ ਔਟਵਾ ਵਿਚ ਪਾਰਲੀਮੈਂਟ ਹਿੱਲ ‘ਤੇ ਵਿਸਾਖੀ ਦਾ ਤਿਉਹਾਰ ਸਾਰੇ ਪਾਰਲੀਮੈਂਟ ਮੈਂਬਰਾਂ ਵੱਲੋਂ ਕੈਨੇਡਾ-ਵਾਸੀਆਂ ਨਾਲ ਮਿਲ ਕੇ ਵੱਡੇ ਪੱਧਰ ‘ਤੇ ਜੋਸ਼-ਓ-ਖ਼ਰੋਸ਼ ਨਾਲ ਮਨਾਇਆ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਪਾਰਲੀਮੈਂਟ ‘ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦਿੱਤਾ ਸੁਨੇਹਾ ਨਾ ਸਿਰਫ਼ ਸਿੱਖ ਧਰਮ ਦੇ ਬਰਾਬਰਤਾ, ਬਹਾਦਰੀ, ਮਾਨਵਵਾਦ ਅਤੇ ਇਨਸਾਫ਼ ਲਈ ਸੰਘਰਸ਼ ਦੇ ਪਹਿਲੂਆਂ ਨੂੰ ਉਜਾਗਰ ਕਰ ਗਿਆ, ਸਗੋਂ ਇਨ੍ਹਾਂ ਸੰਕਲਪਾਂ ਤੋਂ ਸੇਧ ਲੈਂਦਿਆਂ ਮੌਜੂਦਾ ਕੈਨੇਡਾ ਦੇ ਸਰੂਪ ਪ੍ਰਤੀ ਵੀ ਇਹ ਚਾਨਣਾ ਪਾ ਗਿਆ।  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੰਡੋ-ਕੈਨੇਡੀਅਨ ਲੋਕਾਂ ਦੀ ਮੰਗ ਪ੍ਰਵਾਨ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਆਪਣੀ ਲਿਬਰਲ ਸਰਕਾਰ ਵੱਲੋਂ 102 ਵਰ੍ਹੇ ਪਹਿਲਾਂ ਦੇ ‘ਕਾਮਾ ਗਾਟਾ ਮਾਰੂ’ ਦੁਖਾਂਤ ਲਈ ਸੰਸਦ ਵਿਚ ਮੁਆਫ਼ੀ ਮੰਗਣਗੇ। ਵਿਸਾਖੀ ਦੇ ਦਿਹਾੜੇ ‘ਤੇ ਇੱਥੇ ਵਸਦੇ ਸਿੱਖਾਂ ਵੱਲੋਂ ਮੁਲਕ ਦੀ ਸੰਸਦ ਵਿਚ ਪਹਿਲੀ ਵਾਰ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ, ਜਿਨ੍ਹਾਂ ਦੀ ਸਮਾਪਤੀ ਮੌਕੇ ਸ੍ਰੀ ਟਰੂਡੋ ਨੇ ਆਖਿਆ,’ਸਾਨੂੰ ਤਤਕਾਲੀ ਹਕੂਮਤ ਵੱਲੋਂ ਸਿੱਖ ਭਾਈਚਾਰੇ ਨੂੰ ਦਿੱਤੀ ‘ਵਿਤਕਰੇ ਦੀ ਪੀੜ’ ਕਦੇ ਨਹੀਂ ਭੁੱਲੇਗੀ ਅਤੇ ਉਹ 18 ਮਈ ਨੂੰ ਪਾਰਲੀਮੈਂਟ ਵਿਚ ਇਸ ਲਈ ਮੁਆਫ਼ੀ ਮੰਗਣਗੇ।’
ਕਾਮਾਗਾਟਾਮਾਰੂ ਦੇ ਇਤਿਹਾਸ ਦਾ ਜੇਕਰ ਸੰਖੇਪ ਵੇਰਵਾ ਲਿਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਵੀਹਵੀਂ ਸਦੀ ਦੇ ਆਰੰਭ ਵਿਚ ਹੀ ਪਰਵਾਸੀਆਂ ਦੀ ਵਧ ਰਹੀ ਗਿਣਤੀ ਨੂੰ ਕੈਨੇਡਾ ਦੀ ਸਰਕਾਰ ਫ਼ਿਕਰਮੰਦ ਹੋ ਗਈ ਤੇ ਇਸੇ ਫ਼ਿਕਰਮੰਦੀ ਵਿਚੋਂ 1908 ਈ. ਵਿਚ ਇਮੀਗਰੇਸ਼ਨ ਸੰਬੰਧੀ ਕੈਨੇਡਾ ਦੇ ਡਿਪਟੀ ਮਨਿਸਟਰ ਆਫ਼ ਲੇਬਰ ਮਕੈਂਜੀ ਕਿੰਗ ਦੁਆਰਾ ਪ੍ਰਸਤੁਤ ਰਿਪੋਰਟ ਵਿਚ ਦੋ ਕਾਨੂੰਨ ਬਣਾਉਣ ਲਈ ਕਿਹਾ ਗਿਆ। ਇਸ ਕਾਨੂੰਨ ਅਨੁਸਾਰ ਏਸ਼ੀਆ ਦੇ ਕਿਸੇ ਵੀ ਵਿਅਕਤੀ ਨੂੰ ਕੈਨੇਡਾ ਵਿਚ ਦਾਖਲ ਹੋਣ ਉੱਪਰ ਮੁਕੰਮਲ ਪਾਬੰਦੀ ਲਾਈ ਗਈ। ਇਸ ਦੇ ਨਾਲ-ਨਾਲ ਇਹ ਸ਼ਰਤ ਵੀ ਲਾ ਦਿੱਤੀ ਗਈ ਕਿ ਜੇਕਰ ਕੋਈ ਏਸ਼ੀਆਈ ਵਿਅਕਤੀ ਆਪਣੇ ਮੂਲ ਦੇਸ਼ ਤੋਂ ਸਿੱਧੇ ਸਫ਼ਰ ਰਾਹੀਂ ਕੈਨੇਡਾ ਆਵੇ ਤੇ ਉਸ ਕੋਲ ਸਫ਼ਰ ਦੀ ਟਿਕਟ ਵੀ ਮੂਲ ਦੇਸ਼ ਤੋਂ ਖ਼ਰੀਦੀ ਹੋਵੇ। ਦੂਜੇ ਕਾਨੂੰਨ ਅਨੁਸਾਰ ਕੈਨੇਡਾ ਆਉਣ ਵਾਲੇ ਵਿਅਕਤੀ ਕੋਲ 200 ਡਾਲਰ ਵੀ ਹੋਣ ਦੀ ਸੂਰਤ ਵਿਚ ਹੀ ਉਸ ਨੂੰ ਕੈਨੇਡਾ ਵਿਚ ਦਾਖਲ ਹੋਣ ਦੀ ਆਗਿਆ ਹੋਵੇਗੀ। ਇਨ੍ਹਾਂ ਕਾਨੂੰਨਾਂ ਰਾਹੀਂ  ਕੈਨੇਡਾ ਸਰਕਾਰ ਏਸ਼ੀਆਈ ਲੋਕਾਂ ਦੇ ਕੈਨੇਡਾ ਵਿਚਲੇ ਪਰਵਾਸ ਉੱਤੇ ਰੋਕ ਲਗਾਉਣਾ ਚਾਹੁੰਦੀ ਸੀ।
ਹਿੰਦੁਸਤਾਨ ਤੋਂ ਵਿਦੇਸ਼ ਗਏ ਸਿੰਘਾਪੁਰ ਤੇ ਮਲਾਇਆ ਵਿਚ ਠੇਕੇਦਾਰੀ ਦਾ ਕੰਮ ਕਰਦੇ ਗੁਰਦਿੱਤ ਸਿੰਘ ਨੇ ਕੈਨੇਡਾ ਸਰਕਾਰ ਦੁਆਰਾ ਭਾਰਤੀਆਂ ਦੇ ਪ੍ਰਵੇਸ਼ ਤੇ ਲਾਈ ਪਾਬੰਦੀ ਦੀ ਸ਼ਰਤ ਪੂਰੀ ਕਰਨ ਲਈ ਜਾਪਾਨ ਦੀ ਇੱਕ ਕੰਪਨੀ ਕੋਲੋਂ ਕਾਮਾਗਾਟਾਮਾਰੂ ਨਾਮੀ ਜਹਾਜ਼ ਛੇ ਮਹੀਨੇ ਲਈ ਕਿਰਾਏ ਤੇ ਲੈ ਕੇ ਹਾਂਗਕਾਂਗ ਤੋਂ ਕੈਨੇਡਾ ਅਤੇ ਅਮਰੀਕਾ ਲਈ ਮੁਸਾਫ਼ਰਾਂ ਸਮੇਤ ਤੋਰ ਦਿੱਤਾ। ਉਹ ਹਾਂਗਕਾਂਗ ਤੋਂ 150, ਸ਼ੰਘਾਈ ਤੋਂ 111, ਜਾਪਾਨ ਦੇ ਸ਼ਹਿਰ ਮੋਜ਼ੀ ਤੋਂ 86 ਅਤੇ ਯੋਕੋਹਾਮਾ ਤੋਂ 14 ਹੋਰ ਮੁਸਾਫ਼ਰਾਂ ਨੂੰ ਲੈ ਕੇ ਕੈਨੇਡਾ ਨੂੰ ਰਵਾਨਾ ਹੋ ਗਏ। ਇਨ੍ਹਾਂ ਵਿਚੋਂ ਬਹੁਤੇ ਯਾਤਰੂ ਪੰਜਾਬੀ ਸਿੱਖ ਹੀ ਸਨ। 23 ਮਈ 1914 ਨੂੰ ਇਹ ਜਹਾਜ਼ 376 ਭਾਰਤੀ ਮੁਸਾਫ਼ਰਾਂ ਨੂੰ ਲੈ ਕੇ ਵੈਨਕੂਵਰ ਬੰਦਰਗਾਹ ‘ਤੇ ਪਹੁੰਚ ਗਿਆ। ਇਨ੍ਹਾਂ ਵਿਚੋਂ ਸਿਰਫ਼ 22 ਮੁਸਾਫ਼ਰਾਂ ਨੂੰ ਕੈਨੇਡਾ ਦੀ ਧਰਤੀ ‘ਤੇ ਉਤਰਨ ਦੀ ਆਗਿਆ ਦਿੱਤੀ ਗਈ ਜੋ ਪਹਿਲਾਂ ਵੀ ਕੈਨੇਡਾ ਹੋ ਕੇ ਆਏ ਸਨ। ਇਸ ਦੇ ਵਿਰੋਧ ਵਿਚ ਵੈਨਕੂਵਰ ਰਹਿੰਦੇ ਪੰਜਾਬੀਆਂ ਨੇ ਅਦਾਲਤ ਤੱਕ ਪਹੁੰਚ ਕੀਤੀ ਪਰ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਦਰਖ਼ਾਸਤ ਰੱਦ ਕਰ ਕੇ ਪੰਜਾਬੀ ਮੁਸਾਫ਼ਰਾਂ ਨੂੰ ਕੈਨੇਡਾ ਉਤਰਨ ਦੀ ਇਜਾਜ਼ਤ ਨਾ ਦਿੱਤੀ। ਵੈਨਕੂਵਰ ਦੀ ਬੰਦਰਗਾਹ ‘ਤੇ ਲਗਾਤਾਰ ਕਈ ਦਿਨ ਜਹਾਜ਼ ਖੜ੍ਹਾ ਰਹਿਣ ਕਰ ਕੇ ਮੁਸਾਫ਼ਰਾਂ ਦਾ ਰਾਸ਼ਨ ਖ਼ਤਮ ਹੋ ਗਿਆ ਅਤੇ ਲਗਭਗ ਮਹੀਨੇ ਬਾਅਦ ਕੈਨੇਡਾ ਸਰਕਾਰ ਕੋਲੋਂ ਰਾਸ਼ਨ ਲੈ ਕੇ ਜਹਾਜ਼ ਵਾਪਸ ਭਾਰਤ ਲਈ ਰਵਾਨਾ ਹੋ ਗਿਆ। ਇਹ ਘਟਨਾ ਨਾਲ ਪੂਰੇ ਸੰਸਾਰ ‘ਚ ਰਹਿੰਦੇ ਪੰਜਾਬੀਆਂ ਨੇ ਬੁਰਾ ਮਨਾਇਆ। ਵਾਪਸ ਆ ਰਹੇ ਜਹਾਜ਼ ਮੁਸਾਫ਼ਰਾਂ ਦੇ ਗ਼ੁੱਸੇ ਨੂੰ ‘ਗ਼ਦਰ’ ਵਿਚ ਤਬਦੀਲ ਕਰਨ ਲਈ ਸੋਹਣ ਸਿੰਘ ਭਕਨਾ ਨੂੰ ਭੇਜਿਆ ਗਿਆ ਤਾਂ ਜੋ ਮੁਸਾਫ਼ਰਾਂ ਨੂੰ ਇਨਕਲਾਬ ਲਈ ਪ੍ਰੇਰਿਆ ਜਾ ਸਕੇ। ਮੁਸਾਫ਼ਰਾਂ ਨੂੰ ਦੇਣ ਲਈ ਹਥਿਆਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਅੰਤ ਕਾਮਾਗਾਟਾਮਾਰੂ ਜਹਾਜ਼ ਦੇ 28 ਸਤੰਬਰ, 1914 ਨੂੰ ਬਜਬਜ ਘਾਟ, ਕਲਕੱਤਾ ਪਹੁੰਚਣ ‘ਤੇ ਜਹਾਜ਼ ਮੁਸਾਫ਼ਰਾਂ ‘ਤੇ ਅੰਗਰੇਜ਼ੀ ਸਰਕਾਰ ਵੱਲੋਂ ਅੰਨ੍ਹਾ ਤਸ਼ੱਦਦ ਕੀਤਾ ਗਿਆ ਜਿਸ ਵਿਚ ਕਈ ਪੰਜਾਬੀ ਮਰੇ, ਫੱਟੜ ਹੋਏ ਅਤੇ ਕਈ ਬਚਣ ਵਿਚ ਕਾਮਯਾਬ ਹੋ ਗਏ।
ਇਹ ਨੁਕਤਾ ਵੀ ਵਿਚਾਰਨਯੋਗ ਹੈ ਕਿ ਭਾਵੇਂ ਇਹ ਸਾਰੇ ਲੋਕ ਕਾਮਿਆਂ ਦੇ ਰੂਪ ਵਿਚ ਕੈਨੇਡਾ ਜਾਣਾ ਚਾਹੁੰਦੇ ਸਨ ਪਰ ਕਾਮਾ ਸਿਰਫ਼ ਕਾਮਾ ਨਹੀਂ ਹੁੰਦਾ ਉਹ ਕਿਸੇ ਧਰਮ ਜਾਂ ਨਸਲ ਦਾ ਹਿੱਸਾ ਵੀ ਹੁੰਦਾ ਹੈ। ਭਾਵੇਂ ਇਹ ਨੁਕਤਾ ਵਾਦ-ਵਿਵਾਦ ਦਾ ਵਿਸ਼ਾ ਹੈ ਕਿ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫ਼ਰਾਂ ਨੂੰ ਪੰਜਾਬੀ ਕਿਹਾ ਜਾਵੇ ਜਾਂ ਸਿੱਖ? ਪਹਿਲੀ ਗੱਲ ਤਾਂ ਸਪਸ਼ਟ ਹੈ ਕਿ ਇਹ ਪੰਜਾਬ ਦਾ ਬਾਸ਼ਿੰਦੇ ਹੋਣ ਦੇ ਨਾਤੇ ਪੰਜਾਬੀ ਸਨ ਪਰ ਇਹ ਹੀ ਸਪਸ਼ਟ ਹੈ ਕਿ ਇਨ੍ਹਾਂ ਵਿਚੋਂ ਬਹੁਤੇ ਮੁਸਾਫ਼ਰ ਸਿੱਖ ਸਨ ਤੇ ਬਜਬਜ ਘਾਟ ‘ਤੇ ਉਤਰਨ ਸਮੇਂ ਇਨ੍ਹਾਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਵੀ ਇਨ੍ਹਾਂ ਵਿਚੋਂ ਬਹੁਗਿਣਤੀ ਦਾ ਸਿੱਖ ਹੋਣਾ ਸਿੱਧ ਕਰਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਵੀ ਆਪਣੇ ਭਾਸ਼ਣ ਵਿਚ ‘ਸਿੱਖ ਭਾਈਚਾਰੇ ਨੂੰ ਦਿੱਤੀ ਵਿਤਕਰੇ ਦੀ ਪੀੜ’ ਕਿਹਾ ਹੈ। ਵੈਸੇ ਇਹ ਵੱਖਰੀ ਬਹਿਸ ਦਾ ਮੁੱਦਾ ਹੈ ਕਿ ‘ਪਰਵਾਸੀ ਪੰਜਾਬੀ’ ਤੇ ‘ਪਰਵਾਸੀ ਸਿੱਖ’ ਪਦਾਂ ਵਿਚ ਕੀ-ਕੀ ਵੱਖਰਤਾਵਾਂ ਤੇ ਸਮਾਨਤਾਵਾਂ ਹਨ।
ਭਾਵੇਂ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਪਿਛਲੇ ਸਾਲ ਵੈਨਕੂਵਰ ਦੇ ਇੱਕ ਜਨਤਕ ਇਕੱਠ ‘ਚ ਇਸ ਘਟਨਾ ਲਈ ਮੁਆਫ਼ੀ ਤਾਂ ਮੰਗੀ ਸੀ ਪਰ ਸੰਸਦ ਵਿਚ ਦਸਤਾਵੇਜ਼ੀ ਮੁਆਫੀਨਾਮਾ ਨਾ ਹੋਣ ਕਾਰਨ ਸਿੱਖਾਂ ਨੇ ਇਹ ਪ੍ਰਵਾਨ ਨਹੀਂ ਕੀਤੀ। ਹੁਣ ਮੌਜੂਦਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਮਈ ਵਿਚ ਮੁਆਫ਼ੀ ਮੰਗੇ ਜਾਣ ਨਾਲ ਨਿਸ਼ਚੇ ਹੀ ਪੰਜਾਬੀਆਂ ਖ਼ਾਸਕਰ ਸਿੱਖਾਂ ਲਈ ਇਤਿਹਾਸਕ ਪ੍ਰਾਪਤੀ ਹੋਵੇਗੀ। ਇਸ ਨਾਲ ਘੱਟ-ਗਿਣਤੀਆਂ ਨੂੰ ਹੌਸਲਾ ਵੀ ਮਿਲੇਗਾ ਅਤੇ ਸਿੱਖਾਂ ਉੱਪਰ ਪ੍ਰਵਾਸ ਦੌਰਾਨ ਹੋ ਰਹੇ ਨਸਲੀ ਵਿਤਕਰਿਆਂ ਨੂੰ ਵੀ ਠੱਲ੍ਹ ਪੈਣ ਦੀ ਆਸ ਹੈ।

ਡਾ. ਪਰਮਜੀਤ ਸਿੰਘ ਕੱਟੂ

94631 24131 ; pkattu@yahoo.in