ਨਿਊਜ਼ੀਲੈਂਡ ਪੰਜਾਬੀ ਮੀਡੀਆ ਦੇ ਨਾਲ ਕੈਨੇਡੀਅਨ ਵਿਧਾਇਕ ਸ. ਜਗਮੀਤ ਸਿੰਘ ਹੋਏ ਰੂਬਰੂ

NZ PIC 26 Dec-1ਕੈਨੇਡਾ ਦੀ ਓਨਟਾਰੀਓ ਅਸੈਂਬਲੀ ਜਿਸਨੂੰ ਸੂਬੇ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ ਦੇ ਅੰਮ੍ਰਿਤਧਾਰੀ ਮੈਂਬਰ ਸ. ਜਗਮੀਤ ਸਿੰਘ ਬੀਤੇ ਕੱਲ੍ਹ ਤੋਂ ਨਿਊਜ਼ੀਲੈਂਡ ਦੌਰੇ ‘ਤੇ ਹਨ। ਅੱਜ ਉਹ ਨਿਊਜ਼ੀਲੈਂਡ ਪੰਜਾਬੀ ਮੀਡੀਆ ਨਾਲ ਰੂਬਰੂ ਹੋਏ ਜਿਸ ਦੇ ਵਿਚ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਨਵਤੇਜ ਸਿੰਘ ਰੰਧਾਵਾ, ਜੁਗਰਾਜ ਮਾਨ, ਮਨਪ੍ਰੀਤ ਸਿੰਘ ਤੇ ਹਰਜਿੰਦਰ ਸਿੰਘ ਸ਼ਾਮਿਲ ਹੋਏ। ਉਨ੍ਹਾਂ ਦੇ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਸ. ਹਰਮੇਸ਼ ਸਿੰਘ, ਸਕੱਤਰ ਸ. ਮਨਜਿੰਦਰ ਸਿੰਘ ਬਾਸੀ ਅਤੇ ਸਾਬਕਾ ਪ੍ਰਧਾਨ ਸ. ਰਜਿੰਦਰ ਸਿੰਘ ਜਿੰਦੀ ਵੀ ਪਹੁੰਚੇ ਸਨ। ਸ. ਜਗਮੀਤ ਸਿੰਘ ਹੋਰਾਂ ਨੂੰ ਪੰਜਾਬੀ ਮੀਡੀਆ ਵੱਲੋਂ ਇਕ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ ਗਿਆ। ਉਨ੍ਹਾਂ ਆਪਣੀ ਇਸ ਭੇਟ ਦੇ ਵਿਚ ਆਪਣੇ ਜੀਵਨ, ਜੀਵਨ ਮਨੋਰਥ ਅਤੇ ਵਿਦੇਸ਼ੀ ਵਸਦੇ ਸਿੱਖਾਂ ਦੀ ਅਲੱਗ ਪਹਿਚਾਣ ਅਤੇ ਹੋਰ ਚਲੰਤ ਮਸਲਿਆਂ ਉਤੇ ਆਪਣੇ ਵਿਚਾਰ ਦਿੱਤੇ। ਉਨ੍ਹਾਂ ਆਪਣੇ ਪਿਛੋਕੜ ਬਾਰੇ ਦੱਸਿਆ ਕਿ ਉਨ੍ਹਾਂ ਦਾ ਜੱਦੀ ਪਿੰਡ ਠੀਕਰੀਵਾਲਾ ਹੈ। ਪੰਜਾਬੀ ਬੋਲਣੀ ਤੇ ਲਿੱਖਣੀ ਇਨ੍ਹਾਂ ਵਾਸਤੇ ਕਾਫੀ ਔਖੀ ਸੀ, ਪਰ ਉਨ੍ਹਾਂ ਦਾ ਜਨੂੰਨ ਸੀ ਉਨ੍ਹਾਂ ਨੇ ਪਿਛਲੇ ਚਾਰ ਸਾਲਾਂ ਤੋਂ ਕਈ ਤਰੀਕਿਆ ਨਾਲ ਸਿੱਖੀ ਹੈ। ਰਾਜਨੀਤੀ ਦੇ ਵਿਚ ਆਉਣ ਬਾਰੇ ਉਨ੍ਹਾਂ ਦੱਸਿਆ ਕਿ ਉਹ ਵਕੀਲ ਹਨ ਅਤੇ ਆਪਣੇ ਇਸ ਕਾਰਜ ਕਾਲ ਦੇ ਵਿਚ ਉਨ੍ਹਾਂ ਕੋਲ ਕਈ ਅਜਿਹੇ ਸਿੱਖ ਭਾਈਚਾਰੇ ਦੇ ਕੇਸ ਵੀ ਆਉਂਦੇ ਸਨ ਜਿਨ੍ਹਾਂ ਬਾਰੇ ਉਹ ਸੋਚਦੇ ਸਨ ਕਿ ਇਨ੍ਹਾਂ ਨੂੰ ਕਿਵੇਂ ਸਾਰਥਿਕ ਤੌਰ ‘ਤੇ ਚਿਰਸਥਾਈ ਹੱਲ ਕੀਤਾ ਜਾਵੇ? ਇਨ੍ਹਾਂ ਦੇ ਛੋਟੇ ਵੀਰ ਜੋ ਆਪ ਵੀ ਵਕੀਲ ਨੇ ਉਨ੍ਹਾਂ ਨੂੰ ਰਾਜਨੀਤੀ ਵਾਲੇ ਪਾਸੇ ਪ੍ਰੇਰਿਤ ਕੀਤਾ। 2011 ਦੇ ਵਿਚ ਉਹ ਬਰਮਾਲੀਆ ਗੋਰੇ ਮਾਲਟਨ ਤੋਂ ਐਮ. ਪੀ.ਪੀ. (ਵਿਧਾਇਕ ਚੁਣੇ ਗਏ)। ਮਨੁੱਖੀ ਅਧਿਕਾਰਾਂ ਵਾਸਤੇ ਉਨ੍ਹਾਂ ਕਾਫੀ ਆਵਾਜ਼ ਬੁਲੰਦ ਕੀਤੀ। ਉਹ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੋਂ ਵੀ ਕਾਫੀ ਪ੍ਰਭਾਵਿਤ ਹਨ। ਸੀਰੀਆ ਰਿਫਿਊਜ਼ੀ ਮਸਲਾ, ਪੰਜਾਬ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਪੁਲਿਸ ਗੋਲੀ ਅਤੇ  ਨਵੰਬਰ 1984 ਵੇਲੇ ਸਿੱਖ ਨਸਲਕੁਸ਼ੀ ਸਬੰਧੀ ਉਨ੍ਹਾਂ ਉਨਟਾਰੀਓ ਦੀ ਅਸੈਂਬਲੀ ਦੇ ਵਿਚ ਜੋਸ਼ ਦੇ ਨਾਲ ਪਰਚੇ ਪੜ੍ਹੇ ਹਨ ਅਤੇ ਦੁਨੀਆ ਦਾ ਧਿਆਨ ਇਸ ਪਾਸੇ ਦਿਵਾਇਆ। ਕੈਨੇਡਾ ਦੇ ਮੁਕਾਲਬੇ ਉਨ੍ਹਾਂ  ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਸਿੱਖਾਂ ਵੱਲੋਂ ਕੀਤੇ ਜਾ ਰਹੇ ਸਿੱਖੀ ਪ੍ਰਸਾਰ ਨੂੰ ਕਾਫੀ ਸਲਾਹਿਆ ਅਤੇ ਕਈ ਥਾਵਾਂ ਉਤੇ ਦੂਜੇ ਮੁਲਕਾਂ ਦੀ ਆਬਾਦੀ ਮੁਤਾਬਿਕ ਬਿਹਤਰ ਦੱਸਿਆ।
ਉਹ 2012 ਦੇ ਵਿਚ ਟੋਰਾਂਟੋ ਸਟਾਰ, 2013 ਦੇ ਵਿਚ ਟੋਰਾਂਟੋ ਲਾਈਫ ਮੈਗਜ਼ੀਨ ਵੱਲੋਂ 5 ਛੋਟੀ ਉਮਰ ਦੇ ਉਪਰ ਉਠ ਰਹੇ ਸਟਾਰ, 2013 ਦੇ ਵਿਚ ਹੀ ਬੈਸਟ ਡ੍ਰੈਸਡ, ਆਪਣੇ ਹਲਕੇ ਦੇ ਵਿਚ ਪਹਿਲੇ 75 ਮੋਸਟ ਪਾਵਰਫੁੱਲ ਲੋਕਾਂ ਦੇ ਸ਼ਾਮਿਲ ਸਨ ਅਤੇ ਫਿਰ 2014 ਦੇ ਵਿਚ ਟੋਰਾਂਟੋ ਸਟਾਇਲ ਮੇਕਰ ਦੇ ਤੌਰ ‘ਤੇ ਵੀ ਚੁਣੇ ਗਏ। ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਉਨ੍ਹਾਂ ਅੱਜ  ਸਿੱਖ ਹੈਰੀਟੇਜ ਸਕੂਲ ਗੁਰਦੁਆਰਾ ਸਾਹਿਬ ਟਾਕਾਨੀਨੀ ਦੇ ਬੱਚਿਆਂ ਨਾਲ ਲਗਪਗ ਦੋ ਘੰਟੇ ਬਿਤਾਏ। ਉਨ੍ਹਾਂ ਬੱਚਿਆਂ ਨੂੰ ਸਿੱਖੀ ਸਰੂਪ ਦੇ ਵਿਚ ਰਹਿ ਕੇ ਕਿਵੇਂ ਬੌਧਿਕ ਵਿਕਾਸ, ਆਰਥਿਕ ਵਿਕਾਸ ਅਤੇ ਰਾਜਨੀਤਕ ਵਿਕਾਸ ਦੇ ਵਿਚ ਅੱਗੇ ਵੱਧਣਾ ਹੈ, ਦੇ ਵਿਸ਼ੇ ਉਤੇ ਆਪਣੇ ਤਜ਼ਰਬੇ ਸਾਂਝੇ ਕੀਤੇ। ਕੱਲ੍ਹ ਹਫਤਾਵਾਰੀ ਪ੍ਰੋਗਰਾਮ ਦੇ ਵਿਚ ਜਿੱਥੇ ਹਜ਼ੂਰੀ ਰਾਗੀ ਜੱਥੇ ਸ਼ਬਦ ਕੀਰਤਨ ਕਰਨਗੇ ਉਥੇ ਕੈਨੇਡੀਅਨ ਐਮ. ਐਮ.ਪੀ. ਸ. ਜਗਮੀਤ ਸਿੰਘ ਸੰਗਤਾਂ ਦੇ ਰੂਬਰੂ ਹੋਣਗੇ। ਸਮਾਪਤੀ ਤੋਂ ਬਾਅਦ ਖੁੱਲਾ੍ਹ ਸਮਾਂ ਲਾਇਬ੍ਰੇਰੀ ਦੇ ਵਿਚ ਪ੍ਰਸ਼ਨ ਉਤਰ ਵਾਸਤੇ ਵੀ ਰੱਖਿਆ ਗਿਆ ਹੈ ਤਾਂ ਕਿ ਦੋਵਾਂ ਮੁਲਕਾਂ ਦੇ ਸਿੱਖ ਮਸਲਿਆਂ ਨੂੰ ਵਿਚਾਰ ਕੇ ਇਕ ਦੂਜੇ ਮੁਲਕ ਦੇ ਵਿਚ ਸਿੱਖ ਕਾਰਗੁਜ਼ਾਰੀ ਦੇ ਵਿਕਾਸ ਅਤੇ ਪ੍ਰਾਪਤੀਆਂ ਲਈ ਹੰਭਲੇ ਮਾਰੇ ਜਾ ਸਕਣ।

Install Punjabi Akhbar App

Install
×