ਪੰਜਾਬੀ ਵਿਦਿਆਰਥੀਆਂ ਦੀ ਹੁੱਲੜਬਾਜ਼ੀ ਕਰਕੇ ਕੈਨੇਡਾ ਸਰਕਾਰ ਨੇ ਕੀਤਾ ਸਖਤ ਕਨੂੰਨ

  • ਕਈਆਂ ਨੂੰ ਦੇਸ਼ ਨਿਕਾਲਾ ਮਿਲੇਗਾ
FullSizeRender
ਵਾਸ਼ਿੰਗਟਨ ਡੀ. ਸੀ. – ਵੱਖ-ਵੱਖ ਵਾਰਦਾਤਾਂ ਦੇ ਅਨੇਕਾਂ ਦ੍ਰਿਸ਼ ਸ਼ਾਪਿੰਗ ਕੇਂਦਰਾਂ, ਪਲਾਜ਼ਾ ਸ਼ਾਪਿੰਗ ਸੈਂਟਰਾਂ ਅਤੇ ਸ਼ੈਰਡਨ ਕਾਲਜ ਦੇ ਆਲੇ ਦੁਆਲੇ ਵੇਖਣ ਨੂੰ ਮਿਲੇ ਹਨ। ਜਿਨ੍ਹਾਂ ਵਿੱਚ ਪੰਜਾਬ ਤੋਂ ਪੜ੍ਹਨ ਆਏ ਵਿਦਿਆਰਥੀਆਂ ਦੀ ਸ਼ਮੂਲੀਅਤ ਖੁੱਲ੍ਹੇਆਮ ਨਜ਼ਰ ਆਈ ਹੈ। ਜਿਸ ਸਬੰਧੀ ਸਥਾਨਕ ਲੋਕਾਂ ਅਤੇ ਵੱਖ-ਵੱਖ ਕਨੇਡੀਅਨ ਕਮਿਊਨਿਟੀ ਵਲੋਂ ਟੈਲੀਫੋਨ ਅਤੇ ਲਿਖਤੀ ਸ਼ਿਕਾਇਤਾਂ ਦਰਜ ਕਰਵਾ ਕੇ ਇਸ ਤੇ ਕਾਬੂ ਪਾਉਣ ਤੇ ਜ਼ੋਰ ਦਿੱਤਾ ਗਿਆ ਹੈ। ਇਸ ਸਬੰਧੀ ਸਥਾਨਕ ਮੈਂਬਰ ਪਾਰਲੀਮੈਂਟ ਕਮਲ ਗਰੇਵਾਲ ਅਤੇ ਰਾਜ ਗਰੇਵਾਲ ਵਲੋਂ ਵੀ ਲਿਖਤੀ ਪੱਤਰ ਲਿਖ ਕੇ ਸਖਤ ਕਾਰਵਾਈ ਕਰਨ ਤੇ ਜ਼ੋਰ ਦਿੱਤਾ ਹੈ ਕਿ ਭਵਿੱਖ ਵਿੱਚ ਅਜਹੀਆਂ ਵਾਰਦਾਤਾਂ ਨਾ ਹੋਣ।
ਸਥਾਨਕ ਸਰਕਾਰ ਅਤੇ ਮੈਂਬਰ ਪਾਰਲੀਮੈਂਟ ਦੇ ਕਹਿਣ ਤੇ ਕਨੇਡਾ ਸਰਕਾਰ ਨੇ ਤੁਰੰਤ ਫੈਸਲਾ ਲੈ ਲਿਆ ਹੈ ਕਿ ਕੋਈ ਵਿਦਿਆਰਥੀ ਜੋ ਪੜ੍ਹਾਈ ਦੌਰਾਨ ਹੁੱਲੜਬਾਜ਼ੀ ਕਰੇਗਾ ਜਾਂ ਹੁੱਲੜਬਾਜ਼ੀਆਂ ਦੀ ਹਮਾਇਤ ਕਰੇਗਾ ਉਸਨੂੰ ਤੁਰੰਤ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਏਥੇ ਹੀ ਬਸ ਨਹੀਂ ਹੈ ਪੰਜਾਬੀ ਵਿਦਿਆਰਥੀਆਂ ਦੇ ਭਵਿੱਖ ਤੇ ਵੀ ਸਵਾਲੀਆ ਚਿੰਨ੍ਹ ਲੱਗ ਸਕਦਾ ਹੈ ਕਿ ਉਨ੍ਹਾਂ ਦੇ ਕੋਟੇ ਵਿੱਚ ਕਟੌਤੀ ਕਰਕੇ ਦੂਸਰੇ ਮੁਲਕਾਂ ਨੂੰ ਤਰਜੀਹ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਲੱਖਾਂ ਰੁਪਏ ਲਗਾ ਕੇ ਵਿਦੇਸ਼ਾ ਵਿੱਚ ਭੇਜਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਾਰਦਾਤਾਂ, ਹੁੱਲੜਬਾਜ਼ੀ ਵਾਲੀਆਂ ਘਟਨਾਵਾਂ ਵਿੱਚ ਹਿੱਸਾ ਲੈਣ ਤੋਂ ਵਰਜਣਾ ਚਾਹੀਦਾ ਹੈ। ਜਿਹੜੇ ਅਜਿਹਾ ਕੁਝ ਕਰ ਰਹੇ ਹਨ ਉਹ ਦੂਸਰਿਆਂ ਦੇ ਭਵਿੱਖ ਨੂੰ ਵੀ ਖਤਰੇ ਵਿੱਚ ਪਾ ਰਹੇ ਹਨ। ਸੋ ਪੰਜਾਬੀ ਵਿਦਿਆਰਥੀਆਂ ਨੂੰ ਸੂਝ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਵਿਦੇਸ਼ੀ ਧਰਤੀ ਤੇ ਕਨੂੰਨ ਵਿੱਚ ਰਹਿ ਕੇ ਵਿਚਰਨਾ ਚਾਹੀਦਾ ਹੈ ਤਾਂ ਜੋ ਉਹ ਆਪਣਾ ਭਵਿੱਖ ਵਧੀਆ ਬਣਾਕੇ ਮਾਪਿਆਂ ਅਤੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰਨ।
ਹਾਲ ਦੀ ਘੜੀ ਕਨੇਡਾ ਸਰਕਾਰ ਵਲੋਂ ਚੁੱਕਿਆ ਸਖਤ ਕਦਮ ਕਈਆ ਦੇ ਘਰਾਂ ਦੇ ਚਿਰਾਗ ਨੂੰ ਸਿੱਖਿਆ ਤੋਂ ਵਾਂਝੇ ਕਰ ਦੇਵੇਗਾ ਅਤੇ ਉਨ੍ਹਾਂ ਦੇ ਵਲੋਂ ਸਜਾਏ ਸੁਪਨਿਆ ਨੂੰ ਚੂਰ ਕਰ ਦੇਵੇਗਾ। ਸੋ ਪੰਜਾਬੀ ਵਿਦਿਆਰਥੀ ਜੋ ਕਨੇਡਾ ਵੱਲ ਵਹੀਰਾਂ ਘੱਤ ਰਹੇ ਹਨ ਉਨ੍ਹਾਂ ਦੀਆਂ ਫਾਈਲਾਂ ਤੇ ਵੀ ਰੋਕ ਲਗਾਉਣ ਦੇ ਅਸਾਰ ਬਣ ਗਏ ਹਨ। ਜਿਸ ਨਾਲ ਕਈਆਂ ਦੇ ਭਵਿੱਖ ਦੇ ਸੁਪਨੇ ਟੁੱਟ ਜਾਣਗੇ। 
ਪੰਜਾਬੀਓ ਜੇਕਰ ਆਪਣੀ ਥਾਂ ਬਣਾਉਣੀ ਹੈ ਤਾਂ ਮਿਹਨਤ, ਕਨੂੰਨ ਦੇ ਦਾਇਰੇ ਵਿੱਚ ਰਹਿ ਕੇ ਤਰੱਕੀ ਕਰੋ। ਬਿਗਾਨਾ ਮੁਲਕ ਕਦੇ ਵੀ ਬਾਹਰ ਦਾ ਰਾਹ ਦਿਖਾ ਸਕਦਾ ਹੈ। ਹਾਲ ਦੀ ਘੜੀ ਦੇਖਣ ਵਾਲੀ ਗੱਲ ਹੈ ਕਿ ਕਨੇਡਾ ਸਰਕਾਰ ਕਿੰਨਿਆਂ ਨੂੰ ਦੇਸ਼ ਨਿਕਾਲਾ ਦਿੰਦੀ ਹੈ ਅਤੇ ਹੁੱਲੜਬਾਜ਼ਾਂ ਦੇ ਭਵਿੱਖ ਨੂੰ ਪੱਕੇ ਤੌਰ ਤੇ ਖਤਮ ਕਰਦੀ ਹੈ।