ਕੈਨੇਡਾ ਵਿਚ ਦਿਨੋ ਦਿਨ ਔਖੀ ਹੁੰਦੀ ਜਾ ਰਹੀ ਹੈ ਪੁਲਿਸ ਦੀ ਨੌਕਰੀ

ਸੱਤ ਮਹੀਨਿਆਂ ਦੌਰਾਨ ਬੀ.ਸੀ. ਵਿਚ ਪੁਲਿਸ ਦੇ 108 ਅਫਸਰ ਹੋਏ ਫੱਟੜ

ਸਰੀ -ਕੈਨੇਡਾ ਵਿਚ ਪੁਲਿਸ ਅਫਸਰਾਂ ਦੀਆਂ ਦਿਨ ਬਦਿਨ ਵਧ ਰਹੀਆਂ ਹਨ ਅਤੇ ਕਈ ਪੁਲਿਸ ਅਫਸਰ ਮਹਿਸੂਸ ਕਰ ਰਹੇ ਹਨ ਕਿ ਪੁਲਿਸ ਦੀ ਨੌਕਰੀ ਹੁਣ ਔਖੀ ਹੁੰਦੀ ਜਾ ਰਹੀ ਹੈ। ਇਨ੍ਹਾਂ ਮੁਸ਼ਕਿਲਾਂ ਦਾ ਸਭ ਤੋਂ ਵੱਡਾ ਕਾਰਨ ਇਹ ਬਣਦਾ ਜਾ ਰਿਹਾ ਹੈ ਕਿ ਜਦ ਕਿਸੇ ਵਾਰਦਾਤ ਸਮੇਂ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਅਤੇ ਪੁਲਿਸ ਅਫਸਰ ਘਟਨਾ ਸਥਾਨ ਤੇ ਪਹੁੰਚ ਕੇ ਕਥਿਤ ਦੋਸ਼ੀ ਨੂੰ ਕਾਬੂ ਕਰਨਾ ਚਾਹੁੰਦੇ ਹਨ ਤਾਂ ਕਈ ਘਟਨਾਵਾਂ ਵਿਚ ਅਜਿਹੇ ਲੋਕ ਉਲਟਾ ਪੁਲਿਸ ਉਪਰ ਵਾਰ ਕਰ ਜਾਂਦੇ ਹਨ। ਇਸ ਤਰ੍ਹਾਂ ਪੁਲਿਸ ਅਫਸਰ ਜ਼ਖ਼ਮੀ ਹੋ ਜਾਂਦੇ ਹਨ। ਅੰਕੜਿਆਂ ਅਨੁਸਾਰ ਸਾਲ 2021 ਦੇ ਪਹਿਲੇ ਸੱਤ ਮਹੀਨਿਆਂ ਦੌਰਾਨ ਬੀ.ਸੀ. ਵਿਚ ਪੁਲਿਸ ਦੇ 108 ਅਫਸਰ ਜ਼ਖ਼ਮੀ ਹੋ ਚੁੱਕੇ ਹਨ।

ਤਾਜ਼ਾ ਹਾਲਾਤ ਵੀ ਦੱਸਦੇ ਹਨ ਕਿ ਸੋਮਵਾਰ (ਲੇਬਰ ਡੇ ਲੌਂਗ ਵੀਕਐਂਡ) ਦੌਰਾਨ ਇਕੱਲੇ ਵੈਨਕੂਵਰ ਸ਼ਹਿਰ ਵਿਚ ਹੀ ਕਈ ਘਟਨਾਵਾਂ ਹੋਈਆਂ ਜਿਨ੍ਹਾਂ ਵਿਚ 11 ਪੁਲਿਸ ਅਫ਼ਸਰ ਜ਼ਖ਼ਮੀ ਹੋ ਗਏ ਹਨ। ਵੈਨਕੂਵਰ ਦੇ ਪੁਲਿਸ ਸਾਰਜੈਂਟ ਸਟੀਵ ਐਡੀਸਨ ਨੇ ਵੀ ਅਜਿਹੇ ਹੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਹੈ ਕਿ ਹੁਣ ਪੁਲਿਸ ਦੀ ਨੌਕਰੀ ਔਖੀ ਹੋ ਗਈ ਹੈ ਅਤੇ ਹਰ ਰੋਜ਼ ਪੁਲਿਸ ਦੇ ਫਰੰਟ ਲਾਈਨ ਅਫ਼ਸਰ ਆਪਣੇ ਆਪ ਨੂੰ ਖਤਰੇ ਵਿਚ ਪਾ ਕੇ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਹਨ।

ਉਨ੍ਹਾਂ ਤਾਜ਼ਾ ਘਟਨਾਵਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸੋਮਵਾਰ ਨੂੰ ਵੈਨਕੂਵਰ ਵਿਚ ਇਕ ਆਦਮੀ ਤੋਂ ਚਾਕੂ ਦੀ ਨੋਕ ਤੇ ਬਾਈਕ ਖੋਹ ਲਿਆ ਗਿਆ। ਸੂਚਨਾ ਮਿਲਣ ਪੁਲਿਸ ਉਥੇ ਪਹੁੰਚੀ ਅਤੇ ਬਾਈਕ ਖੋਹਣ ਵਾਲੀ ਔਰਤ ਨੂੰ ਨਾਈਟ ਸਟ੍ਰੀਟ ਅਤੇ ਈਸਟ 54 ਐਵੀਨਿਊ ਕੋਲ ਗ੍ਰਿਫਤਾਰ ਕਰ ਲਿਆ ਪਰ ਉਸ ਸ਼ੱਕੀ ਔਰਤ ਨੇ ਪੁਲਿਸ ਅਫ਼ਸਰ ਦੇ ਮੂੰਹ ਅਤੇ ਸਿਰ ‘ਤੇ ਥੁੱਕ ਦਿੱਤਾ। ਪੁਲਿਸ ਅਫ਼ਸਰ ਨੂੰ ਇਨਫੈਕਸ਼ਨ ਦੇ ਸ਼ੱਕ ਤਹਿਤ ਹਸਪਤਾਲ ਪਹੁੰਚਾਇਆ ਗਿਆ।

ਏਸੇ ਦਿਨ ਹੀ ਪੁਲਿਸ ਅਫ਼ਸਰਾਂ ਨੇ ਡੁੰਡਾਸ ਸਟ੍ਰੀਟ ਦੇ ਕੋਲ ਇੱਕ ਅਪਾਰਟਮੈਂਟ ਦੀ ਇੱਕ ਔਰਤ ਵੱਲੋਂ ਸ਼ਿਕਾਇਤ ਮਿਲੀ ਕਿ ਉਸ ਦੇ ਸਾਬਕਾ ਬੁਆਏਫਰੈਂਡ ਨੇ ਉਸ ਦੀ ਖਿੜਕੀ ਵਿਚ ਪੱਥਰ ਸੁੱਟੇ ਹਨ ਅਤੇ ਡਰਾ ਧਮਕਾ ਰਿਹਾ ਹੈ। ਪੁਲਿਸ ਦੇ ਉਥੇ ਪੁੱਜਣ ਤੋਂ ਪਹਿਲਾਂ ਉਹ ਸ਼ੱਕੀ ਆਦਮੀ ਝਾੜੀਆਂ ‘ਚ ਲੁਕ ਗਿਆ ਸੀ। ਪੁਲਿਸ ਅਫ਼ਸਰਾਂ ਨੇ ਉਸ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਸ਼ੱਕੀ ਕੋਲ ਚਾਕੂ ਹੈ। ਇਸ ਦੌਰਾਨ ਉਸ ਦੇ ਭਰਾ ਨੇ ਇੱਕ ਪੁਲਿਸ ਅਫ਼ਸਰ ‘ਤੇ ਹਮਲਾ ਕਰ ਦਿੱਤਾ। ਪੁਲਿਸ ਅਫ਼ਸਰ ਨੂੰ ਸੱਟਾਂ ਲੱਗੀਆਂ ਅਤੇ ਬਾਅਦ ਵਿਚ ਸ਼ੱਕੀ ਆਦਮੀ ਨੂੰ ਜੇਲ੍ਹ ਭੇਜਿਆ ਗਿਆ।

ਬੀਤੇ ਐਤਵਾਰ ਨੂੰ ਹੀ ਪੁਲਿਸ ਨੂੰ ਕਿਟਸੀਲਾਨੋ ਦੇ ਇੱਕ ਗਰੋਸਰੀ ਸਟੋਰ ਵਿਚ ਇਕ ਆਦਮੀ ਵੱਲੋਂ ਹਿੰਸਾ ਕਰਨ ਦੀ ਸੂਚਨਾ ਮਿਲੀ। ਪੁਲਿਸ ਮੌਕੇ ਤੇ ਪਹੁੰਚੀ ਪਰ ਹਿੰਸਕ ਆਦਮੀ ਕਾਬੂ ਕਰਨ ਸਮੇਂ ਉਸ ਨੇ ਪੁਲਿਸ ਦੇ ਤਿੰਨ ਅਫ਼ਸਰਾਂ ਨਾਲ ਧੱਕਾਮੁੱਕੀ ਕੀਤੀ ਜਿਸ ਦੌਰਾਨ ਇੱਕ ਅਫ਼ਸਰ ਨੂੰ ਟੱਕ ਲੱਗੇ ਅਤੇ ਕੁਝ ਝਰੀਟਾਂ ਆਈਆਂ ਅਤੇ ਇੱਕ ਅਫ਼ਸਰ ਦੇ ਗੁੱਟ ‘ਤੇ ਸੱਟ ਲੱਗੀ। ਇਸੇ ਤਰ੍ਹਾਂ ਈਸਟ ਵੈਨਕੂਵਰ ਵਿਚ ਪੌਵੈਲ ਸਟ੍ਰੀਟ ਕੋਲ ਦੋ ਅਫ਼ਸਰਾਂ ਨੇ ਇੱਕ ਸ਼ੱਕੀ ਆਦਮੀ ਨੂੰ ਵੇਖਿਆ ਜਿਸ ਦੇ ਇੱਕ ਹਿੰਸਕ ਜੁਰਮ ਦੇ ਸਬੰਧ ਵਿਚ ਵਾਰੰਟ ਜਾਰੀ ਹੋਏ ਸਨ। ਪੁਲਿਸ ਨੂੰ ਵੇਖ ਕੇ ਉਸ ਨੇ ਦੌੜਨਾ ਸ਼ੁਰੂ ਕਰ ਦਿੱਤਾ ਅਤੇ ਛੇਤੀ ਹੀ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਪਰ ਇਸ ਦੌਰਾਨ ਪੁਲਿਸ ਅਫ਼ਸਰਾਂ ਨੂੰ ਕੁਝ ਸੱਟਾਂ ਲੱਗੀਆਂ ਅਤੇ ਇੱਕ ਪੁਲਿਸ ਅਫ਼ਸਰ ਨੂੰ ਹਸਪਤਾਲ ਵਿਚ ਜਾ ਕੇ ਟਾਂਕੇ ਵੀ ਲਵਾਉਣੇ ਪਏ।

(ਹਰਦਮ ਮਾਨ)  +1 604 308 6663
 maanbabushahi@gmail.com

Welcome to Punjabi Akhbar

Install Punjabi Akhbar
×
Enable Notifications    OK No thanks