ਰਗਬੀ ਲੀਗ ਦੇ ਸਟਾਰ ਖਿਡਾਰੀ ਟੈਰੀ ਕੈਂਪੀਜ਼ ਨੂੰ ਲੇਬਰ ਪਾਰਟੀ ਵੱਲੋਂ ਨਿਊ ਸਾਊਥ ਵੇਲਜ਼ ਵਿੱਚ ਹੋਣ ਵਾਲੀਆਂ ਅਗਲੀਆਂ ਜਿਮਨੀ ਚੋਣਾਂ ਵਾਸਤੇ ਕੈਨਬਰਾ ਦੇ ਨਜ਼ਦੀਕ ਮੋਨਾਰੋ ਖੇਤਰ ਤੋਂ ਆਪਣਾ ਉਮੀਦਵਾਰ ਬਣਾਇਆ ਗਿਆ ਸੀ ਜਿੱਥੇ ਕਿ ਨੈਸ਼ਨਲ ਪਾਰਟੀ ਦੇ ਐਮ.ਪੀ. ਨਿਕੋਲ ਓਵਰਆਲ ਮੌਜੂਦਾ ਮੈਂਬਰ ਹਨ ਅਤੇ ਸਾਬਕਾ ਐਮ.ਪੀ. ਜੋਹਨ ਬੈਰੀਲੈਰੋ ਦੇ ਕਾਰਨ ਇਸ ਖੇਤਰ ਵਾਸਤੇ ਬੀਤੇ ਸਾਲ 2022 ਵਿੱਚ ਬਾਇ ਇਲੈਕਸ਼ਨ ਲਈ ਥਾਂ ਬਣੀ ਸੀ।
ਕੈਨਬਰਾ ਰੇਡਰਜ਼ ਦੇ ਸਾਬਕਾ ਕੈਪਟਨ ਅਤੇ ਸਟਾਰ ਖਿਡਾਰੀ ਟੈਰੀ ਕੈਂਪੀਜ਼ ਨੇ ਹੁਣ ਆਪਣਾ ਮਨ ਬਦਲ ਲਿਆ ਹੈ ਅਤੇ ਰਾਜਨੀਤੀ ਵਿੱਚ ਨਾਂ ਹੀ ਜਾਣ ਦਾ ਮਨ ਬਣਾ ਲਿਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਕਿ ਅੱਜਕੱਲ੍ਹ ਦੀ ਰਾਜਨੀਤੀ ਲੋਕਾਂ ਦੀ ਨੁੰਮਾਇੰਦਗੀ ਨਹੀਂ ਕਰਦੀ ਸਗੋਂ ਹਰ ਹਾਲਤ ਵਿੱਚ ਜਿੱਤਣ ਵਾਸਤੇ ਇੱਕ ਅਜਿਹਾ ਚੋਣ ਮਨੌਰਥ ਬਣ ਚੁਕੀ ਹੈ ਜਿਸ ਦਾ ਕੋਈ ਅੰਤ ਹੀ ਨਹੀਂ। ਇਸ ਤਰ੍ਹਾਂ ਇਹ ਇੱਕ ਉਲਟ ਦਰਜੇ ਦੀ ਖੇਡ ਬਣ ਗਈ ਹੈ ਜਿੱਥੇ ਕਿ ਸਿਰਫ ਜਿੱਤਣ ਵਾਸਤੇ ਹੀ ਖੇਡਿਆ ਜਾਂਦਾ ਹੈ ਅਤੇ ਫੇਰ ਇਸ ਜਿੱਤ ਵਾਸਤੇ ਜੋ ਵੀ ਕਰਨਾ ਪਵੇ, ਅਖੌਤੀ ਰਾਜਨੀਤਿਕ ਲੋਕ ਉਸ ਵਾਸਤੇ ਤਿਆਰ ਹੋ ਜਾਂਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਇੱਕ ਖਿਡਾਰੀ ਹਨ ਅਤੇ ਹਰ ਤਰ੍ਹਾਂ ਦੇ ਲੋਕਾਂ ਦੇ ਸਮੂਹਾਂ ਵੱਲੋਂ ਪਿਆਰ ਪਾਉਂਦੇ ਰਹੇ ਹਨ ਅਤੇ ਹਰ ਕੋਈ ਉਨ੍ਹਾਂ ਨੂੰ ਉਤਸਾਹਿਤ ਕਰਦਾ ਰਿਹਾ ਹੈ ਇਸ ਵਾਸਤੇ ਉਹ ਕਿਸੇ ਇੱਕ ਸਮਾਜ ਜਾਂ ਫਿਰਕੇ ਦੀ ਨੁੰਮਾਇੰਦਗੀ ਨਹੀਂ ਕਰ ਸਕਦੇ ਸਗੋਂ ਰਾਜਨੀਤੀ ਤੋਂ ਪਰ੍ਹੇ ਰਹਿ ਕੇ ਵੀ ਲੋਕ ਭਾਈ ਦੇ ਕੰਮ ਕਰਦੇ ਰਹਿਣਗੇ।
ਜ਼ਿਕਰਯੋਗ ਹੈ ਕਿ ਨੈਸ਼ਨਲ ਪਾਰਟੀ ਨੇ ਉਕਤ ਸੀਟ ਨੂੰ 55.2% ਵੋਟਾਂ ਨਾਲ ਆਪਣੇ ਕੋਲ ਬਰਕਰਾਰ ਰੱਖਿਆ ਹੋਇਆ ਹੈ।