ਕੈਮਲੂਪਸ ਵਿਚ ਵਾਪਰਿਆ ਹੌਲਨਾਕ ਦੁਖਾਂਤ- ਸਕੂਲ ਚੋਂ ਮਿਲੇ 215 ਬੱਚਿਆਂ ਦੇ ਪਿੰਜਰ

ਜਸਟਿਨ ਟਰੂਡੋ ਅਤੇ ਜੌਨ ਹੌਰਗਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਸਰੀ -ਬੀਸੀ ਦੇ ਸ਼ਹਿਰ ਕੈਮਲੂਪਸ ਦੇ ਇਕ ਰਿਹਾਇਸ਼ੀ ਸਕੂਲ ਵਿਚ ਬੜੇ ਵਾਪਰੇ ਇਕ ਦਰਦਨਾਕ ਕਾਂਡ ਦਾ ਪਰਦਾਫਾਸ਼ ਹੋਇਆ ਹੈ ਜਿਸ ਤਹਿਤ ਕੈਮਲੂਪਸ ਇੰਡੀਅਨ ਰੈਜ਼ੀਡੈਂਸ਼ਲ ਸਕੂਲ ਵਿਚੋਂ 215 ਬੱਚਿਆਂ ਦੇ ਪਿੰਜਰ ਬਰਾਮਦ ਹੋਏ ਹਨ। ਇਹ ਕਾਂਡ ਕੈਮਲੂਪਸ ਸ਼ਹਿਰ ਦੇ ਨੇੜੇ ਕੈਨੇਡਾ ਦੇ ਮੂਲ ਵਾਸੀਆਂ ਦੇ ਬੱਚਿਆਂ ਲਈ ਬਣਾਏ ਰਿਹਾਇਸ਼ੀ ਸਕੂਲ ਵਿਚ ਵਾਪਰਿਆ ਹੈ। ਇਹ ਦੁਖਾਂਤ ਸਾਹਮਣੇ ਆਉਣ ਨਾਲ ਮੂਲ ਵਾਸੀ ਭਾਈਚਾਰੇ ਦੇ ਲੋਕ ਬੇਹੱਦ ਸਦਮੇ ਵਿਚ ਹਨ।

ਫਰਸਟ ਨੇਸ਼ਨ ਦੇ ਬੁਲਾਰੇ ਰੋਜ਼ੇਨ ਕੈਸੀਮੀਰ ਅਨੁਸਾਰ ਬੀਤੇ ਵੀਕਐਂਡ ਤੇ ਮਾਹਿਰਾਂ ਵੱਲੋਂ ਇਸ ਦੁਖਾਂਤ ਦੀ ਪੁਸ਼ਟੀ ਕੀਤੀ ਗਈ ਸੀ। ਦਫ਼ਨਾਏ ਹੋਏ ਬੱਚਿਆਂ ਵਿਚੋਂ ਕਈਆਂ ਦੀ ਉਮਰ ਤਿੰਨ ਸਾਲ ਸੀ। ਉਨ੍ਹਾਂ ਕਿਹਾ ਕਿ ਇਸ ਵੱਡੇ ਦੁਖਾਂਤ ਵਿਚ ਮਰਨ ਵਾਲੇ ਬੱਚਿਆਂ ਬਾਰੇ ਕੋਈ ਜਾਣਕਾਰੀ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ਾਂ ਵਿਚ ਦਰਜ ਨਹੀਂ ਹੈ। ਕੈਸੀਮੀਰ ਅਨੁਸਾਰ ਮਾਹਿਰ, ਸਥਾਨਕ ਰੋਇਲ ਬ੍ਰਿਟਿਸ਼ ਕੋਲੰਬੀਆ ਮਿਊਜ਼ੀਅਮ ਨਾਲ ਮਿਲ ਕੇ ਜਾਂਚ ਕਰ ਰਹੇ ਹਨ।

ਇਸ ਦੁਖਾਂਤ ਉਪਰ ਬੀਸੀ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇਗੀ ਅਤੇ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਾਂਡ ਨੂੰ ਕੈਨੇਡਾ ਦੇ ਇਤਿਹਾਸ ਵਿਚ ਸਭ ਤੋਂ ਸ਼ਰਮਨਾਕ ਘਟਨਾ ਦੱਸਿਆ ਹੈ।

(ਹਰਦਮ ਮਾਨ) +1 604 308 6663
maanbabushahi@gmail.com

Install Punjabi Akhbar App

Install
×