ਨਿਊ ਸਾਊਥ ਵੇਲਜ਼ ਦਾ ਸਾਬਕਾ ਪ੍ਰੀਮੀਅਰ ਜੋਹਨ ਬੈਰੀਲੈਰੋ ਨੂੰ ਸਿਡਨੀ ਅਦਾਲਤ ਵੱਲੋਂ ਇਸੇ ਸਾਲ ਜੁਲਾਈ 23 ਨੂੰ ਇੱਕ ਕੈਮਰਾਮੈਨ ਨਾਲ ਹੱਥੋਪਾਈ ਕਰਨ ਦੇ ਦੋਸ਼ਾਂ ਹੇਠ ਨਾਮਜ਼ਦ ਕੀਤਾ ਗਿਆ ਹੈ ਅਤੇ ਅੱਜ ਉਹ ਮਾਨਲੀ ਅਦਾਲਤ ਵਿੱਚ ਆਪਣੀ ਪੇਸ਼ੀ ਲਈ ਜਾ ਰਹੇ ਹਨ। ਉਕਤ ਮਾਮਲਾ ਮਾਨਲੀ ਬਾਰ ਦੇ ਬਾਹਰ ਹੀ ਵਾਪਰਿਆ ਸੀ ਜਦੋਂ 51 ਸਾਲਾਂ ਦੇ ਜੋਹਨ ਬੈਰੀਲੈਰੋ ਨੇ ਇੱਕ ਫਰੀਲਾਂਸਰ ਕੈਮਰਾਮੈਨ -ਮੈਟ ਕੋਸਟੈਲੋ ਨਾਲ ਖਿੱਚ-ਧੂਹ ਕੀਤੀ ਸੀ।
ਬੀਤੇ ਅਕਤੂਬਰ ਦੇ ਮਹੀਨੇ ਵਿੱਚ ਜੋਹਨ ਬੈਰੀਲੈਰੋ ਵੱਲੋਂ ਪੇਸ਼ ਹੋਏ ਵਕੀਲ ਨੇ ਇਹ ਦਲੀਲ ਦਿੱਤੀ ਸੀ ਕਿ ਬੈਰੀਲੈਰੋ ਬੇਗੁਨਾਹ ਹਨ ਅਤੇ ਅਜਿਹੀ ਕੋਈ ਵਾਰਦਾਤ ਨਹੀਂ ਹੋਈ ਅਤੇ ਉਨ੍ਹਾਂ ਉਪਰ ਝੂਠੇ ਮੁਕੱਦਮੇ ਦਾਇਰ ਕੀਤੇ ਗਏ ਹਨ।
ਸ਼ੋਸ਼ਲ ਮੀਡੀਆ ਉਪਰ ਜਾਰੀ ਕੀਤੀ ਗਈ ਇੱਕ ਵੀਡੀਓ ਫੂਟੇਜ ਦਰਸਾਉਂਦੀ ਹੈ ਕਿ ਦੋਹਾਂ ਵਿੱਚ ਹੱਥੋਪਾਈ ਹੋਈ ਸੀ ਅਤੇ ਇਹ ਘਟਨਾ ਉਦੋਂ ਵਾਪਰੀ ਸੀ ਜਦੋਂ ਕੈਮਰਾਮੈਨ, ਸਾਬਕਾ ਪ੍ਰੀਮੀਅਰ ਦੀ ਵੀਡੀਓ ਬਣਾ ਰਿਹਾ ਸੀ। ਹੱਥੋਪਾਈ ਤੋਂ ਬਾਅਦ ਬੈਰੀਲੈਰੋ ਉਥੋਂ ਚਲਾ ਗਿਆ ਸੀ।
ਸਾਬਕਾ ਪ੍ਰੀਮੀਅਰ ਨੇ ਕਿਹਾ ਸੀ ਕਿ ਉਹ ਹੁਣ ਰਾਜਨੀਤੀ ਵਿੱਚ ਨਹੀਂ ਹਨ ਅਤੇ ਇੱਕ ਆਮ ਨਾਗਰਿਕ ਹਨ। ਕੈਮਰਾਮੈਨ ਨੇ ਬਿਨ੍ਹਾਂ ਵਜਾਹ ਇੱਕ ਗਲੀ ਵਿੱਚ ਉਨ੍ਹਾਂ ਦੀ ਵੀਡੀਓ ਬਣਾਈ ਜਦੋਂ ਉਹ ਆਪਣੇ ਦੋਸਤਾਂ ਦੇ ਨਾਲ ਸਨ ਅਤੇ ਇਸ ਗੱਲ ਤੋਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਧੱਕਾ ਲੱਗਾ। ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਬੇਵਜਾਹ ਉਨ੍ਹਾਂ ਦੀ ਨਿਜੀ ਜ਼ਿੰਦਗੀ ਵਿੱਚ ਕਿਸੇ ਵੱਲੋਂ ਦਖ਼ਲ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਤਾਂ ਸਿਰਫ ਉਸ ਕੈਮਰਾਮੈਨ ਦਾ ਕੈਮਰਾ ਪਰਾਂ ਕੀਤਾ ਸੀ ਅਤੇ ਕੋਈ ਮਾਰ-ਕੁੱਟ ਨਹੀਂ ਕੀਤੀ।
ਕੈਮਰਾਮੈਨ ਦਾ ਦਾਅਵਾ ਹੈ ਕਿ ਸਾਬਕਾ ਪ੍ਰੀਮੀਅਰ ਨੇ ਉਸ ਨਾਲ ਹੱਥੋਪਾਈ ਕਰਕੇ ਉਸਦਾ ਸੋਨੀ ਦਾ ਵੀਡੀਓ ਕੈਮਰਾ ਖਰਾਬ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਜੋਹਨ ਬੈਰੀਲੈਰੋ ਨੇ ਅਕਤੂਬਰ 2021 ਵਿੱਚ ਪਾਰਲੀਮੈਂਟ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰੰਤੂ ਉਨ੍ਹਾਂ ਉਪਰ ਕਈ ਤਰ੍ਹਾਂ ਦੇ ਇਲਜ਼ਾਮ ਹਨ ਅਤੇ ਮੁਕੱਦਮੇ ਵੀ ਚੱਲ ਰਹੇ ਹਨ। ਇੱਕ ਯੂਟਿਊਬਰ ਨਾਲ ਵੀ ਉਨ੍ਹਾਂ ਦੀ ਅਦਾਲਤੀ ਲੜਾਈ ਚੱਲੀ ਸੀ ਅਤੇ ਬਾਅਦ ਵਿੱਚ ਰਾਜ਼ੀਨਾਮਾ ਹੋ ਗਿਆ ਸੀ।
ਇਸਤੋਂ ਇਲਾਵਾ ਉਨ੍ਹਾਂ ਉਪਰ ਨਿਊ ਯਾਰਕ ਵਿੱਚ 500,000 ਡਾਲਰ ਸਾਲਾਨਾ ਦੀ ਤਨਖਾਹ ਨਾਲ ਨੌਕਰੀ ਲੈਣ ਦੇ ਵੀ ਇਲਜ਼ਾਮਾਂ ਦੀ ਇੱਕ ਜਾਂਚ ਏਜੰਸੀ ਵੱਲੋਂ ਪੜਤਾਲ ਚੱਲੀ ਸੀ।