ਨਿਊ ਸਾਊਥ ਵੇਲਜ਼ ਵਿੱਚ ਕੋਵਿਡ-19 ਦੇ ਚਲਦਿਆਂ, ਲੋਕਾਂ ਨੂੰ 33,000 ਤੋਂ ਵੀ ਵੱਧ ਗਿਣਤੀ ਵਿੱਚ, ਜੋ ਜੁਰਮਾਨੇ ਕੀਤੇ ਗਏ ਸਨ, ਸੁਪਰੀਮ ਕੋਰਟ ਦੇ ਇੱਕ ਫੈਸਲੇ ਮੁਤਾਬਿਕ ਉਨ੍ਹਾਂ ਜੁਰਮਾਨਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਰਾਜ ਸਰਕਾਰ ਨੂੰ ਲੋਕਾਂ ਤੋਂ ਲਏ ਗਏ ਡਾਲਰਾਂ ਨੂੰ ਵਾਪਿਸ ਮੋੜਨ ਦੇ ਹੁਕਮ ਵੀ ਦੇ ਦਿੱਤੇ ਗਏ ਹਨ।
ਇਸੇ ਤਰਜ ਤੇ ਜਨਤਕ ਆਵਾਜ਼ ਹੁਣ ਹੋਰ ਰਾਜਾਂ ਵਿੱਚ ਵੀ ਉਠਣੀ ਸ਼ੁਰੂ ਹੋ ਗਈ ਹੈ ਅਤੇ ਵਿਕਟੌਰੀਆ ਰਾਜ ਵਿੱਚ ਵੀ ਜਨਤਕ ਤੌਰ ਤੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਕੋਵਿਡ ਕਾਲ਼ ਦੌਰਾਨ ਲੋਕਾਂ ਉਪਰ ਲਗਾਏ ਗਏ ਜੁਰਮਾਨਿਆਂ ਨੂੰ ਵਾਪਿਸ ਕੀਤਾ ਜਾਵੇ। ਇਸ ਆਵਾਜ਼ ਨੂੰ ਰਾਜ ਦੇ ਕਮਿਊਨਿਟੀ ਲੀਗਲ ਸੈਂਟਰ, ਇਨਰ ਮੈਲਬੋਰਨ ਕਮਿਊਨਿਟੀ ਲੀਗਲ ਅਤੇ ਯੂਥ ਲਾਅ ਆਦਿ ਸਰਕਾਰ ਤੱਕ ਪਹੁੰਚਾਉਣ ਵਿੱਚ ਭੂਮਿਕਾ ਨਿਭਾ ਰਹੇ ਹਨ।