ਦੱਖਣੀ ਆਸਟ੍ਰੇਲੀਆਈ ਐਡੀਆਕਾਰਾ ਪਥਰਾਟਾਂ ਦੀ ਜਾਣਕਾਰੀ ਹੁਣ ਹੋਵੇਗੀ ਅੱਠਵੀਂ ਕਲਾਸ ਦੇ ਸਿਲੇਬਸ ਵਿੱਚ ਸ਼ਾਮਿਲ

ਦੱਖਣੀ ਆਸਟ੍ਰੇਲੀਆ ਯੂਨੀਵਰਸਿਟੀ ਦੇ ਮਾਹਿਰ ਜੁਆਲੋਜੀ ਦੇ ਪ੍ਰੋਫੈਸਰ ਟੌਮ ਰੇਮੌਂਡੋ ਦਾ ਕਹਿਣਾ ਹੈ ਕਿ ਰਾਜ ਵਿੱਚ 550 ਮਿਲੀਅਨ ਸਾਲ ਪਹਿਲਾਂ ਦੇ ਇਸ ਧਰਤੀ ਉਪਰ ਵਿਚਰਨ ਵਾਲੇ ਜੀਵਾਂ ਦੇ ਪਥਰਾਟ, ਰਾਜ ਦੇ ਫਲਿੰਡਰ ਪਹਾੜੀਆਂ ਵਿੱਚ ਮੌਜੂਦ ਹਨ ਜਿਨ੍ਹਾਂ ਨੂੰ ਐਡੀਆਕਾਰਾ ਫਾਸਿਲਜ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤੱਥ ਨੂੰ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ ਪਰੰਤੂ ਐਡੀਲੇਡ ਦੀਆਂ ਗਲੀਆਂ ਵਿੱਚ ਰਹਿਣ ਵਾਲੇ ਲੋਕ ਹੀ ਇਸਤੋਂ ਪੂਰੀ ਤਰ੍ਹਾਂ ਵਾਕਿਫ਼ ਨਹੀਂ ਹਨ।
ਮਾਹਿਰਾਂ ਦੇ ਉਦਮ ਸਦਕਾ, ਹੁਣ ਅਗਲੇ ਸਾਲ 2023 ਤੋਂ ਇਨ੍ਹਾਂ ਪਥਰਾਟਾਂ ਬਾਰੇ ਮੁੱਢਲੀ ਜਾਣਕਾਰੀ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਏ ਜਾਣ ਵਾਲੇ ਸਿਲੇਬਸ ਵਿੱਚ ਜਾਰੀ ਕੀਤੀ ਜਾ ਰਹੀ ਹੈ ਅਤੇ ਇਸ ਕਾਰਜ ਨੂੰ ਇੱਕ ਉਤਮ ਕਾਰਜ ਮੰਨਿਆ ਜਾ ਰਿਹਾ ਹੈ।
ਰਾਜ ਦੇ ਅਧਿਆਪਕ ਐਸੋਸਿਏਸ਼ਨ ਦੇ ਕਾਰਜਕਾਰੀ ਅਧਿਕਾਰੀ -ਕੇਟ ਡਿਲਗਰ ਨੇ ਇਸ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਹਾਲੇ ਤੱਕ ਦੱਖਣੀ-ਆਸਟ੍ਰੇਲੀਆ ਵਿੱਚ ਅਜਿਹੇ ਵਿਸ਼ਿਆਂ ਦੀ ਸ਼ਮੂਲੀਅਤ ਹੈ ਹੀ ਨਹੀਂ ਸੀ ਅਤੇ ਇਹ ਪਹਿਲੀ ਵਾਰੀ ਹੈ ਕਿ ਬੱਚਿਆਂ ਨੂੰ ਸਕੂਲੀ ਪੱਧਰ ਤੋਂ ਹੀ ਇਸ ਦੀ ਜਾਣਕਾਰੀ ਮਿਲੇਗੀ ਅਤੇ ਇਸ ਪਾਸੇ ਦੀਆਂ ਖੋਜਾਂ ਵੱਲ ਵੀ ਬੱਚਿਆਂ ਦਾ ਧਿਆਨ ਆਕਰਸ਼ਿਤ ਹੋਵੇਗਾ।
ਜ਼ਿਕਰਯੋਗ ਹੈ ਕਿ ਬੀਤੇ ਸਾਲ ਨਾਸਾ ਵੱਲੋਂ 410,000 ਤੋਂ ਵੀ ਜ਼ਿਆਦਾ ਡਾਲਰਾਂ ਦੀ ਗ੍ਰਾਂਟ ਰਾਹੀਂ ਇੱਕ ਅੰਤਰ ਰਾਸ਼ਟਰੀ ਟੀਮ ਨੂੰ ਇਸ ਖੋਜ ਅਭਿਯਾਨ ਤਹਿਤ ਦਿੱਤੀ ਗਈ ਸੀ। ਇਸ ਟੀਮ ਦੇ ਮੁਖੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਮਾਣਯੋਗ ਪ੍ਰੋਫੈਸਰ ਮੈਰੀ ਡਰੋਜ਼ਰ ਸਨ ਅਤੇ ਇਸ ਟੀਮ ਐਡੀਲੇਡ ਦੇ ਵਾਤਾਵਰਣ ਸਬੰਧੀ ਯੂਨੀਵਰਸਿਟੀ ਤੋਂ ਸਹਾਇਕ ਪ੍ਰੋਫੈਸਰ ਡੀਗੋ ਸੀ. ਗਾਰਸ਼ੀਆ ਅਤੇ ਦੱਖਣੀ ਆਸਟ੍ਰੇਲੀਆ ਮਿਯੂਜ਼ਿਅਮ ਵਿਭਾਗ ਆਦਿ ਸ਼ਾਮਿਲ ਸਨ।
ਅਗਲੇ ਸਾਲ ਜਨਵਰੀ ਦੇ ਮਹੀਨੇ ਤੋਂ ਨਾਸਾ ਵੱਲੋਂ ਹੀ ਇੱਕ ਹੋਰ 3 ਸਾਲਾਂ ਦਾ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਨਿਲਪਾਨਾ ਐਡੀਆਕਾਰਾ ਨੈਸ਼ਨਲ ਪਾਰਕ ਵਿਖੇ ਵਿਦਿਆਰਥੀਆਂ ਆਦਿ ਨੂੰ ਕੰਪਿਊਟਰ ਗ੍ਰਾਫ਼ਿਕਸ ਦੀ ਮਦਦ ਨਾਲ ਅਜਿਹੀਆਂ ਸਮੁੱਚੀਆਂ ਜਾਣਕਾਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ।