ਕਾਫਸਹਾਰਬਰ ਨੇੜੇ ਖੇਤੀ ਮਜ਼ਦੂਰਾਂ ਦਾ ਹੋ ਰਿਹਾ ਸ਼ੋਸ਼ਣ -ਇੱਕ ਘੰਟੇ ਦੇ ਮਹਿਜ਼ 3 ਡਾਲਰਾਂ ਲਈ ਕੰਮ ਕਰ ਰਹੇ ਬਲੈਕਬੈਰੀ ਦੇ ਖੇਤਾਂ ਦੇ ਮਜ਼ਦੂਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦ ਮੈਕਲ ਇੰਸਟੀਚਿਊਟ ਵੱਲੋਂ ਕੀਤੇ ਗਏ ਘੱਟੋ ਘੱਟ ਤਿੰਨ ਮਹੀਨਿਆਂ ਦੇ ਇੱਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਕੋਵਿਡ-19 ਦੀ ਬਿਮਾਰੀ ਦੇ ਹਮਲੇ ਦੀ ਮਾਰ ਹੇਠ ਆਏ ਮਜ਼ਦੂਰਾਂ ਦਾ ਨਿਊ ਸਾਊਥ ਵੇਲਜ਼ ਦੇ ਉਤਰੀ ਖੇਤਰਾਂ ਵਿੱਚ ਬਹੁਤ ਜ਼ਿਆਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਕੋਫਸਹਾਰਬਰ ਵਿਚਲੇ ਬਲੈਕਬੈਰੀ ਦੇ ਖੇਤਾਂ ਅੰਦਰ ਕੰਮ ਕਰ ਰਹੇ ਮਜ਼ਦੂਰਾਂ ਨੂੰ ਮਹਿਜ਼ 3 ਡਾਲਰ ਹੀ ਪ੍ਰਤੀ ਘੰਟਾ ਦੀ ਦਰ ਨਾਲ ਮਜ਼ਦੂਰੀ ਦਿੱਤੀ ਜਾ ਰਹੀ ਹੈ। ਕਿਉਂਕਿ ਕਰੋਨਾ ਵਾਇਰਸ ਕਾਰਨ ਹਜ਼ਾਰਾਂ ਹੀ ਲੋਕ ਆਪਣੇ ਕੰਮ ਧੰਦਿਆਂ ਤੋਂ ਵਿਹਲੇ ਹੋ ਗਏ ਸਨ ਅਤੇ ਇਸ ਦਾ ਫਾਇਦਾ ਸਥਾਨਕ ਖੇਤਾਂ ਦੇ ਮਾਲਕਾਂ ਨੇ ਭਰਪੂਰ ਉਠਾਇਆ ਅਤੇ ਰੌਜ਼ਗਾਰ ਦੇ ਨਾਮ ਤੇ ਖੇਤੀ ਮਜ਼ਦੂਰਾਂ ਦਾ ਰੱਜ ਕੇ ਸ਼ੋਸ਼ਣ ਕੀਤਾ। ਆਪਣੇ ਸਰਵੇਖਣ ਦੀ ਰਿਪੋਰਟ ਅੰਦਰ ਅਦਾਰੇ ਵੱਲੋਂ ਰਾਇਲ ਕਮਿਸ਼ਨ ਤੋਂ ਪੂਰੀ ਪੜਤਾਲ ਦੀ ਮੰਗ ਕੀਤੀ ਗਈ ਹੈ। ਕਈ ਮਜ਼ਦੂਰਾਂ ਨੇ ਇੱਥੇ ਕੰਮ ਕੀਤਾ ਅਤੇ ਜਦੋਂ ਮਜ਼ਦੂਰੀ ਲੈਣ ਦਾ ਸਮਾਂ ਆਇਆ ਤਾਂ ਇੰਨੀ ਘੱਟ ਮਜ਼ਦੂਰੀ ਲਈ ਉਨ੍ਹਾਂ ਇਤਰਾਜ਼ ਜਤਾਇਆ ਤਾਂ ਕਈਆਂ ਨੂੰ ਗਲਤ ਵਿਵਹਾਰ ਅਤੇ ਗਾਲੀ ਗਲੋਚ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਕਈ ਮਜ਼ਦੂਰ ਤਾਂ ਆਪਣੀ ਮਜ਼ਦੂਰੀ ਲਏ ਬਿਨ੍ਹਾਂ ਹੀ ਕੰਮ ਛੱਡ ਕੇ ਚਲੇ ਗਏ। ਆਸਟ੍ਰੇਲੀਆਈ ਵਰਕਰਜ਼ ਯੂਨੀਅਨ ਦੇ ਕੌਮੀ ਪੱਧਰ ਦੇ ਸੈਕਟਰੀ ਡੇਨੀਅਲ ਵਾਲਟਨ ਨੇ ਇਸ ਬਾਰੇ ਵਿੱਚ ਦੱਸਿਆ ਕਿ ਹਰ ਪਾਸੇ ਇਸ ਤਰ੍ਹਾਂ ਨਹੀਂ ਹੋਇਆ ਅਤੇ ਇਹ ਕੁੱਝ ਸੀਮਿਤ ਇਲਾਕਿਆਂ ਵਿੱਚ ਹੀ ਹੋਇਆ ਹੈ ਅਤੇ ਅਸੀਂ ਇਸ ਦੀ ਕੋਸ਼ਿਸ਼ ਕਰਾਂਗੇ ਕਿ ਅਜਿਹੇ ਕੁੱਝ ਕੁ ਲੋਕਾਂ ਨੂੰ ਸਰਕਾਰ ਬਣਦੀ ਸਜ਼ਾ ਦੇਵੇ ਤਾਂ ਕਿ ਇਹ ਹੋਰਨਾਂ ਲਈ ਉਦਾਹਰਣ ਬਣ ਜਾਣ ਅਤੇ ਹੋਰ ਕੋਈ ਅਜਿਹੀ ਹਿਮਾਕਤ ਨਾ ਹੀ ਕਰੇ।

Install Punjabi Akhbar App

Install
×