ਯਾਤਰੂ ਪਾਬੰਧੀਆਂ ਦੀ ਬਜਾਏ ਆਸਟ੍ਰੇਲੀਆ ਸਰਕਾਰ ਨੂੰ ਚਾਹੀਦਾ ਹੈ ਕਿ ਵਧੀਆ ਕੁਆਰਨਟੀਨ ਸਿਸਟਮ ਬਣਾਏ -ਭਾਰਤ ਵਿੱਚ ਫਸੇ ਹੋਏ ਆਸਟ੍ਰੇਲੀਆਈ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕਰੋਨਾ ਕਾਰਨ ਲੱਗੀਆਂ ਪਾਬੰਧੀਆਂ ਕਾਰਨ, ਭਾਰਤ ਅੰਦਰ ਮੌਜੂਦਾ ਸਮੇਂ ਵਿੱਚ ਵੀ ਘੱਟੋ ਘੱਟ 9000 ਅਜਿਹੇ ਆਸਟ੍ਰੇਲੀਆਈ ਹਨ ਜੋ ਕਿ ਬੀਤੇ ਸਾਲ ਮਾਰਚ ਦੇ ਮਹੀਨੇ ਤੋਂ ਇੱਥੇ ਹੀ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਹਾਲ ਦੀ ਘੜੀ ਵਾਪਸ ਆਸਟ੍ਰੇਲੀਆ ਜਾਣ ਦਾ ਕੋਈ ਵੀ ਰਾਹ ਦਿਖਾਈ ਨਹੀਂ ਦੇ ਰਿਹਾ ਅਤੇ ਹੁਣ ਜਦੋਂ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਭਾਰਤ ਵਿੱਚ ਵੱਧਦੇ ਕਰੋਨਾ ਦੇ ਮਾਮਲਿਆਂ ਅਤੇ ਮੌਤਾਂ ਦੇ ਆਂਕੜਿਆਂ ਕਾਰਨ ਫੌਰੀ ਤੌਰ ਤੇ ਯਾਤਰਾਵਾਂ ਉਤੇ ਪੂਰਨ ਪਾਬੰਧੀ ਲਗਾ ਦਿੱਤੀ ਹੈ ਤਾਂ ਹੁਣ ਲੋਕਾਂ ਨੇ ਗੁਹਾਰ ਲਗਾਉਣੀ ਸ਼ੁਰੂ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਕੋਲ ਵਾਪਿਸ ਆਉਣਾ ਚਾਹੁੰਦੇ ਹਨ ਅਤੇ ਇਸ ਵਾਸਤੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਆਸਟ੍ਰੇਲੀਆ ਵਿਚਲਾ ਕੁਆਰਨਟੀਨ ਸਿਸਟਮ ਵਧੀਆ ਬਣਾਏ ਨਾ ਕਿ ਯਾਤਰਾਵਾਂ ਉਪਰ ਹੀ ਪਾਬੰਧੀਆਂ ਲਗਾ ਦੇਵੇ।
ਪਰਥ ਵਿਚ ਰਹਿਣ ਵਾਲਾ ਪੰਕਜ ਸ਼ਰਮਾ ਜਿਸ ਦੀ ਪਤਨੀ ਦੇ ਪਿਤਾ ਦੀ ਮੌਤ ਹੋ ਜਾਣ ਕਾਰਨ ਉਹ ਜਨਵਰੀ ਦੇ ਮਹੀਨੇ ਵਿੱਚ ਮੁੰਬਈ ਆਈ ਸੀ ਅਤੇ ਉਦੋਂ ਤੋਂ ਹੀ ਵਾਪਿਸ ਆਸਟ੍ਰੇਲੀਆ ਨਹੀਂ ਜਾ ਸਕੀ ਹੈ। ਪੰਕਜ ਦਾ ਕਹਿਣਾ ਹੈ ਕਿ ਉਹ ਦੋਹੇਂ ਆਸਟ੍ਰੇਲੀਆਈ ਨਾਗਰਿਕਤਾ ਦੇ ਧਾਰਨੀ ਹਨ ਅਤੇ ਕਰੋਨਾ ਦੇ ਨਿਯਮਾਂ ਮੁਤਾਬਿਕ, ਸਿਰਫ ਉਸਦੀ ਪਤਨੀ ਨੂੰ ਹੀ ਮੁੰਬਈ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਉਹ ਪਰਥ ਹੀ ਰਹਿ ਗਿਆ ਸੀ ਅਤੇ ਉਸਨੂੰ ਇਹ ਕਹਿ ਕੇ ਇਜਾਜ਼ਤ ਨਹੀਂ ਦਿੱਤੀ ਗਈ ਸੀ ਕਿ ਉਸਦੇ ਸਸੁਰ ਉਸਦੇ ਸਿੱਧੇ ਤੌਰ ਤੇ ਪਰਿਵਾਰਿਕ ਮੈਂਬਰ ਨਹੀਂ ਹਨ। ਇਸ ਵਾਸਤੇ ਉਸਨੂੰ ਕਾਫੀ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਸੀ।
ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਅਤੇ ਇੱਕ ਹੋਰ ਪਰਥ ਨਿਵਾਸੀ ਗੌਰਵ ਤਿਵਾੜੀ (38 ਸਾਲ) ਵੀ ਇਸੇ ਤਰ੍ਹਾਂ ਨਾਲ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੈ। ਉਸਦੇ ਪਿਤਾ ਜੋ ਕਿ 2 ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ਅਤੇ ਉਸਦੇ ਮਾਤਾ ਜੀ ਕਾਨਪੁਰ ਵਿੱਚ ਇਕੱਲੀ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਕਰੋਨਾ ਵੀ ਹੋ ਗਿਆ ਹੈ ਪਰੰਤੂ ਗੌਰਵ ਨੂੰ ਟ੍ਰੇਵਲ ਬੈਨ ਦੇ ਚਲਦਿਆਂ ਭਾਰਤ ਆਉਣ ਦੀ ਇਜਾਜ਼ਤ ਹੀ ਨਹੀਂ ਦਿੱਤੀ ਗਈ।
ਉਧਰ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦਾ ਕਹਿਣਾ ਹੈ ਕਿ ਇਹ ਸਭ ਕੁੱਝ ਜਨਤਕ ਭਲਾਈ ਲਈ ਹੀ ਕੀਤਾ ਜਾ ਰਿਹਾ ਹੈ ਅਤੇ ਭਾਰਤ ਵਿੱਚ ਵੱਧਦੇ ਕਰੋਨਾ ਦੇ ਮਾਮਲਿਆਂ ਅਤੇ ਮੌਤਾਂ ਦੀ ਆਂਕੜਿਆਂ ਦੇ ਮੱਦੇਨਜ਼ਰ ਇਹੋ ਬਿਹਤਰ ਹੈ ਕਿ ਆਵਾਜਾਈ ਦਾ ਸਿਲਸਿਲਾ 15 ਮਈ ਤੱਕ ਰੋਕਿਆ ਗਿਆ ਹੈ ਅਤੇ ਇਹ ਦੋਹਾਂ ਦੇਸ਼ਾਂ ਲਈ ਹੀ ਬਿਹਤਰ ਹੈ। ਇਸਤੋਂ ਇਲਾਵਾ ਦੋਹਾ, ਸਿੰਗਾਪੂਰ ਅਤੇ ਕੁਆਲਾ-ਲੰਪੂਰ ਤੋਂ ਵੀ ਫਲਾਈਟਾਂ ਦਾ ਆਵਾਗਮਨ ਰੋਕ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਭਾਰਤ ਵਿੱਚ ਫਸੇ ਹੋਏ ਆਸਟ੍ਰੇਲੀਆਈ ਲੋਕਾਂ ਦਾ ਸਵਾਲ ਹੈ ਤਾਂ ਅਸੀਂ ਉਨ੍ਹਾਂ ਨਾਲ ਪੂਰਨ ਹਮਦਰਦੀ ਰੱਖਦੇ ਹਾਂ ਪਰੰਤੂ ਹਾਲਾਤ ਹੀ ਅਜਿਹੇ ਹਨ ਕਿ ਜੋਖਮ ਨਹੀਂ ਉਠਾਇਆ ਜਾ ਸਕਦਾ।

Welcome to Punjabi Akhbar

Install Punjabi Akhbar
×