
ਨਿਊ ਸਾਊਥ ਵੇਲਜ਼ ਦੇ ਸਿੱਖਿਆ ਮੰਤਰੀ -ਸਾਰਾਹ ਮਿਸ਼ੈਲ ਨੇ ਕੌਮੀ ਪੱਧਰ ਉਪਰ ਸਾਰੇ ਰਾਜਾਂ ਦੇ ਸਿੱਖਿਆ ਮੰਤਰੀਆਂ ਅਤੇ ਹੋਰ ਸਬੰਧਤ ਮਹਿਕਮਿਆਂ, ਅਦਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸਕੂਲਾਂ ਅੰਦਰ ਬੱਚਿਆਂ ਨੂੰ ਕੇ.ਜੀ. ਤੋਂ ਹੀ ‘ਕੰਸੈਂਟ ਐਜੁਕੇਸ਼ਨ’ ਪੜਾਉਣ ਬਾਰੇ ਵਿਚਾਰ ਵਿਮਰਸ਼ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਵਾਸਤੇ ਉਹ ਸਭ ਦੇ ਵਿਚਾਰਾਂ ਲਈ ਅਪੀਲ ਕਰਦੇ ਹਨ ਕਿ ਕਿਵੇਂ ਇਸ ਵਿਸ਼ੇ ਨੂੰ ਹੋਰ ਰੋਚਕ ਅਤੇ ਹਰਮਨ ਪਿਆਰਾ ਬਣਾਇਆ ਜਾ ਸਕਦਾ ਹੈ ਕਿਉ਼ਂਕਿ ਇਹ ਹੁਣ ਸਮੇਂ ਦੀ ਮੰਗ ਬਣਦਾ ਜਾ ਰਿਹਾ ਹੈ ਅਤੇ ਬਹੁਤ ਜ਼ਿਆਦਾ ਜ਼ਰੂਰੀ ਵੀ ਹੈ। ਉਨ੍ਹਾਂ ਕਿਹਾ ਕਿ ਸਾਲ 2016-17 ਤੋਂ ਨਿਊ ਸਾਊਥ ਵੇਲਜ਼ ਅੰਦਰ ਇੱਕ ਚਰਚਾ ਛਿੜੀ ਸੀ ਕਿ ਸਾਡੇ ਸਕੂਲਾਂ ਅੰਦਰ ਬੱਚਿਆਂ ਨੂੰ ਜੋ ਪੜ੍ਹਾਇਆ ਜਾਂਦਾ ਹੈ, ਕੀ ਉਹ ਕਾਫੀ ਹੈ….? ਅਤੇ ਇਸ ਵਾਸਤੇ ਮਾਪਿਆਂ, ਅਧਿਆਪਕਾਂ, ਵਿਦਿਆਰਥੀਆਂ, ਸਿਹਤ ਮਾਹਰਾਂ, ਸੈਕਸ ਐਜੂਕੇਸ਼ਨ ਦੇ ਮਾਹਿਰਾਂ ਅਤੇ ਹੋਰ ਕਿਊਰੀਕਲਮ ਐਕਟੀਵਿਟੀਆਂ ਕਰਨ ਵਾਲਿਆਂ ਕੋਲੋਂ ਉਨ੍ਹਾਂ ਦੀਆਂ ਸਲਾਹਾਂ ਲੈ ਕੇ ਇੱਕ ਸਰਵੇਖਣ ਕੀਤਾ ਗਿਆ ਸੀ। ਇਸ ਤੋਂ ਸਾਫ ਹੋਇਆ ਸੀ ਕਿ ਸਾਡੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਕਿਤੇ ਵੀ ‘ਕੰਸੈਂਟ ਐਜੁਕੇਸ਼ਨ’ ਦਾ ਨਾਮੋ ਨਿਸ਼ਾਨ ਤੱਕ ਵੀ ਨਹੀਂ ਸੀ ਅਤੇ ਫੇਰ ਇਸ ਤੋਂ ਬਾਅਦ 2020 ਤੋਂ ਸਕੂਲਾਂ ਅੰਦਰ ਇਸ ਵਿਸ਼ੇ ਨੂੰ ਵੀ ਕੇ.ਜੀ. (ਕਿੰਡਰਗਾਰਟਨ) ਤੋਂ ਲੈ ਕੇ 10ਵੇਂ ਸਾਲ ਤੱਕ ਅਤੇ ਇਸਤੋਂ ਬਾਅਦ ਵੀ ਪੜ੍ਹਾਇਆ ਅਤੇ ਸਮਝਾਇਆ ਜਾਣ ਲੱਗਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਇੱਕ ਦੂਸਰੇ ਦੇ ਸੁਝਾਵਾਂ ਆਦਿ ਨਾਲ ਇਸ ਵਿਸ਼ੇ ਨੂੰ ਰੌਚਕ ਬਣਾ ਸਕਦੇ ਹਾਂ ਅਤੇ ਸਾਡੀ ਥੋੜ੍ਹੀ ਜਿਹੀ ਮਿਹਨਤ ਅਤੇ ਲਗਨ ਸਦਕਾ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਪੇਸ਼ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਸਾਡੇ ਸਮਾਜਿਕ ਕਦਰਾਂ ਕੀਮਤਾਂ ਆਦਿ ਵਿੱਚ ਵੀ ਬਦਲਾਅ ਆ ਸਕਦਾ ਹੈ।
ਉਨ੍ਹਾਂ ਇਹ ਵੀ ਕਿਹਾ ਇਸ ਖ਼ਿਤੇ ਵਿੱਚ ਜਿੱਥੇ ਸਕੂਲ ਆਪਣਾ ਵਧੀਆ ਰੋਲ ਨਿਭਾਅ ਸਕਦੇ ਹਨ ਉਥੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਵਿਸ਼ੇ ਵੱਲ ਪੂਰਨ ਧਿਆਨ ਦੇਣ ਕਿਉਂਕਿ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਅਤੇ ਇਸ ਨਾਲ ਉਨ੍ਹਾਂ ਦੀਆਂ ਜ਼ਿੰਦਗੀਆਂ ਅੰਦਰ ਆਉਣ ਵਾਲੀਆਂ ਕਈ ਪ੍ਰੇਸ਼ਾਨੀਆਂ ਅਤੇ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਹ ਸਾਡੀ ਸਭ ਦੀ ਸਾਂਝੀ ਅਤੇ ਨੇਤਿਕ ਜ਼ਿੰਮੇਵਾਰੀ ਵੀ ਬਣਦੀ ਹੈ।
ਜ਼ਿਕਰਯੋਗ ਹੈ ਕਿ ਰਾਜ ਅੰਦਰ ਕੌਮੀ ਸਿਹਤ ਅਤੇ ਸਰੀਰਕ ਸਿੱਖਿਆ ਬਾਰੇ ਗਤੀਵਿਧੀਆਂ ਸਕੂਲੀ ਪੱਧਰ ਉਪਰ ਅਪ੍ਰੈਲ ਦੇ ਮਹੀਨੇ ਤੋਂ ਸ਼ੁਰੂ ਹੋ ਰਹੀਆਂ ਹਨ ਅਤੇ ਰਾਜ ਸਰਕਾਰ ਵੱਲੋਂ ਸਥਾਪਤ ਕੀਤੇ ਗਈ ਅਧਿਕਾਰੀ ਇਸ ਬਾਰੇ ਵਿੱਚ ਅਕਾਰਾ (ACARA) ਨੂੰ ਆਪਣੀ ਰਿਪੋਰਟ ਵੀ ਸੌਂਪਣਗੇ।