ਕੈਲੀਫੋਰਨੀਆ ਚੋਣ ਦੌੜ ‘ਚ ਸਿੱਖ ਵਿਰੋਧੀ ਦੰਗਿਆਂ ਦੀ ਚਰਚਾ

ਕੈਲੀਫੋਰਨੀਆਂ ‘ਚ ਕਾਂਗਰਸ ਲਈ ਚੁਣਾਵੀ ਦੌੜ ‘ਚ 30 ਸਾਲ ਪਹਿਲਾਂ ਭਾਰਤ ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਦਾ ਮੁੱਦਾ ਉਠਾਇਆ ਜਾ ਰਿਹਾ ਹੈ। ਕੈਲੀਫੋਰਨੀਆਂ ਰਿਪਬਲਿਕਨ ਪਾਰਟੀ ਅਤੇ ਕੁਝ ਸਿੱਖ ਰਾਜਨੀਤਕ ਕਾਰਕੁੰਨ ਕਾਂਗਰਸ ਦੇ ਡੈਮੋਕ੍ਰੇਟਿਕ ਮੈਂਬਰ ਅਮੀ ਬੇਰਾ ਖ਼ਿਲਾਫ਼ ਇਹ ਕਹਿ ਕੇ ਮੁਹਿੰਮ ਚਲਾ ਰਹੇ ਹਨ ਕਿ ਬੇਰਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ‘ਚ ਭਾਰਤ ਸਰਕਾਰ ਦੀ ਕਥਿਤ ਸ਼ਮੂਲੀਅਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਬੇਰਾ ਇਕ ਫਿਜ਼ੀਸ਼ੀਅਨ ਹਨ ਅਤੇ ਸੈਕਰਾਮੈਂਟੋ ਜ਼ਿਲ੍ਹੇ ਦੀ ਅਗਵਾਈ ਕਰਦੇ ਹਨ। ਉਹ ਕਾਂਗਰਸ ਦੇ ਇਕਲੌਤੇ ਭਾਰਤੀ ਅਮਰੀਕੀ ਹਨ। ਹੋਰ ਸਿੱਖ ਨੇਤਾਵਾਂ ਨੇ ਬੇਰਾ ਖ਼ਿਲਾਫ਼ ਲਗਾਏ ਗਏ ਦੋਸ਼ਾਂ ਨੂੰ ਖਾਰਜ ਕਰਦੇ ਹੋਇਆਂ ਕਿਹਾ ਕਿ ਵਿਰੋਧ ਕਰਨ ਵਾਲੇ ਲੋਕ ਉਨ੍ਹਾਂ ਦੇ ਧਾਰਮਿਕ ਭਾਈਚਾਰੇ ਦੀ ਪ੍ਰਤੀਨਿਧਤਾ ਨਹੀਂ ਕਰਦੇ। ਉਨ੍ਹਾਂ ਨੇ ਬੇਰਾ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਇਕ ਚੰਗੇ ਸੰਸਦ ਮੈਂਬਰ ਹਨ। ਮੁੱਖ ਚੁਣਾਵੀ ਮੁਕਾਬਲਾ ਬੇਰਾ ਤੇ ਰਿਪਬਲਿਕਨ ਡਾਊਗ ਓਸੇ ਵਿਚਕਾਰ ਹੈ ਅਤੇ ਇਕ ਜਾਤੀ ਭਾਈਚਾਰੇ ‘ਚ ਮਾਮੂਲੀ ਜਿਹਾ ਵਿਦਰੋਹ ਵੀ ਚੋਣ ਦੀ ਦਿਸ਼ਾ ਬਦਲ ਸਕਦਾ ਹੈ।