ਨਾਗਰਿਕਤਾ ਸੋਧ ਅਤੇ ਹੋਰ ਕਾਨੂੰਨ ਦੇਸ਼ ਦੇ ਮਿਹਨਤਕਸ਼ ਆਵਾਮ ਖਿਲਾਫ ਰਚੀ ਗਈ ਸਾਜਿਸ਼ : ਧਾਲੀਵਾਲ

ਆਖਿਆ! 25 ਕਰੋੜ ਕਿਰਤੀਆਂ ਵਲੋਂ ਕੀਤੀ ਗਈ ਸੀ ਦੇਸ਼ ਵਿਆਪੀ ਹੜਤਾਲ

ਕੋਟਕਪੂਰਾ (ਫਰੀਦਕੋਟ ) 8 ਫਰਵਰੀ :- ਮੋਦੀ ਸਰਕਾਰ ਵਲੋਂ ਨਾਗਰਿਕਤਾ ਸੋਧ ਕਾਨੂੰਨ ਅਤੇ ਇਸ ਨਾਲ ਜੁੜੇ ਕੌਮੀ ਨਾਗਰਿਕਤਾ ਰਜਿਸਟਰ ਦਰਅਸਲ ਦੇਸ਼ ਦੀ ਮਿਹਨਤਕਸ਼ ਜਮਾਤ ਦੇ ਹੱਕਾਂ ਨੂੰ ਕੁਚਲਣ ਅਤੇ ਆਰਥਿਕ ਲੁੱਟ ਤੇਜ ਕਰਨ ਲਈ ਕਾਰਪੋਰੇਟ ਜਗਤ ਵਲੋਂ ਰਚੀ ਗਈ ਵੱਡੀ ਸਾਜਿਸ਼ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਥਾਨਕ ਅਰੋੜਬੰਸ ਧਰਮਸ਼ਾਲਾ ਵਿਖੇ ਸਮਾਜਿਕ ਸੰਸਥਾਵਾਂ ਵਲੋਂ ਸਾਂਝੇ ਤੌਰ ‘ਤੇ ਉਕਤ ਕਾਲੇ ਕਾਨੂੰਨਾਂ ਬਾਰੇ ਕਰਵਾਈ ਗਈ ਵਿਚਾਰ ਚਰਚਾ ਨੂੰ ਸੰਬੌਧਨ ਕਰਦਿਆਂ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਸੂਬਾਈ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕੀਤਾ। ਉਨਾ ਕਿਹਾ ਕਿ ਮੋਦੀ ਸਰਕਾਰ ਅਰਬਪਤੀ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਨਿੱਜੀਕਰਨ, ਠੇਕੇਦਾਰੀ ਸਿਸਟਮ, ਕਿਰਤ ਕਾਨੂੰਨਾਂ ਵਿੱਚੋਂ ਮਜਦੂਰ ਵਿਰੋਧੀ ਸੋਧ ਆਦਿ ਨੀਤੀਆਂ ਬੜੀ ਤੇਜੀ ਨਾਲ ਲਿਆ ਰਹੀ ਹੈ। ਜਿਸਦੇ ਖਿਲਾਫ ਦੇਸ਼ ਭਰ ਦੇ 25 ਕਰੋੜ ਕਿਰਤੀਆਂ ਨੇ 8 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ ਹੈ। ਮਿਹਨਤਕਸ਼ ਜਮਾਤ ਦੀ ਆਪਣੇ ਹੱਕਾਂ ਖਾਤਰ ਕੀਤੀ ਜਾ ਰਹੀ ਪੇਸ਼ਕਦਮੀ ਦਾ ਰਾਹ ਰੋਕਣ ਅਤੇ ਭਾਰਤੀ ਲੋਕਾਂ ਦੀ ਏਕਤਾ ਨੂੰ ਧਰਮ ਦੇ ਨਾਂਅ ‘ਤੇ ਤੋੜਨ ਦੀ ਸਾਜਿਸ਼ ਹੇਠ ਮੋਦੀ ਸਰਕਾਰ ਕਾਲੇ ਕਾਨੂੰਨਾਂ ਦਾ ਸਹਾਰਾ ਲੈਂਦਿਆਂ ਸਾਨੂੰ ਆਪਣੇ ਭਾਰਤੀ ਨਾਗਰਿਕ ਹੋਣ ਦਾ ਸਬੂਤ ਦੇਣ ਦਲੀ ਕਹਿ ਰਹੀ ਹੈ। ਉਨਾ ਐਲਾਨ ਕੀਤਾ ਕਿ ਪੰਜਾਬ ਦੀ ਏਟਕ ਜਥੇਬੰਦੀ ਨਾਲ ਜੁੜੇ ਬਾਕੀ ਸੂਬਿਆਂ ਵਾਂਗ ਮੋਦੀ ਸਰਕਾਰ ਦੀਆਂ ਫੁੱਟ ਪਾਊ ਨੀਤੀਆਂ ਦਾ ਆਖਰੀ ਦਮ ਤੱਕ ਵਿਰੋਧ ਕਰਨਗੇ। ਸਮਾਗਮ ਨੂੰ ਅਧਿਆਪਕ ਆਗੂਆਂ ਬਲਦੇਵ ਸਿੰਘ ਸਹਿਦੇਵ, ਅਸ਼ੌਕ ਕੌਸ਼ਲ, ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ, ਰੇਡੀਓ ਪੱਤਰਕਾਰ ਸੁਰਿੰਦਰ ਮਚਾਕੀ ਤੋਂ ਇਲਾਵਾ ਕਾਂਗਰਸ ਦੇ ਜਿਲਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨੀ, ਸੋਮਨਾਥ ਅਰੋੜਾ, ਬੀਬੀ ਅਮਰਜੀਤ ਕੌਰ, ਪ੍ਰਦੀਪ ਸਿੰਘ ਬਰਾੜ, ਸੁਖਚਰਨ ਸਿੰਘ, ਸੁਖਦੇਵ ਸਿੰਘ ਮੱਲੀ, ਪ੍ਰੋ ਐਚਐਸ ਪਦਮ, ਗੁਰਚਰਨ ਸਿੰਘ ਮਾਨ, ਨਛੱਤਰ ਸਿੰਘ ਭਾਣਾ, ਕਾਮਰੇਡ ਗੁਰਨਾਮ ਸਿੰਘ, ਤਰਸੇਮ ਨਰੂਲਾ, ਇਕਬਾਲ ਸਿੰਘ ਮੰਘੇੜਾ, ਸ਼ਾਮ ਲਾਲ ਚਾਵਲਾ ਆਦਿ ਵੀ ਹਾਜਰ ਸਨ।
ਸਬੰਧਤ ਤਸਵੀਰ ਵੀ।