ਵੀਹਵੀਂ ਸਦੀ ਦੇ ਅੱਠਵੇਂ,ਨੌਵੇਂ ਦਹਾਕੇ ਦੇ ਸਿੱਖ ਨਸਲਕੁਸ਼ੀ ਦੇ ਸੱਚ ਨੂੰ ਉਜਾਗਰ ਕਰਦੀ ਤੱਥਾਂ ਤੇ ਅਧਾਰਿਤ ਪੁਸਤਕ “ਪੰਜਾਬ ਦਾ ਬੁੱਚੜ” 

bagel singh dhaliwal 190501 ਪੰਜਾਬ ਦਾ ਬੁੱਚੜrr

ਕੋਈ ਸਮਾ ਸੀ ਜਦੋਂ ਸੱਤਰਵਿਆਂ ਦੇ ਦਹਾਕੇ ਵਿੱਚ ਨਕਸਲਬਾੜੀ ਲਹਿਰ ਨੂੰ ਕੁਚਲਣ ਦੇ ਨਾਮ ਹੇਠ ਪੰਜਾਬ ਦੀ ਹਕੂਮਤ ਵੱਲੋਂ ਪੰਜਾਬ ਦੇ ਗੈਰਤੀ ਗੱਭਰੂਆਂ ਦੀ ਅਣਖ ਗੈਰਤ ਨੂੰ ਖਤਮ ਕਰਨ ਦੇ ਇਰਾਦੇ ਨਾਲ ਪੁਲਸੀਆ ਜਬਰ ਦਾ ਕਹਿਰ ਢਾਹਿਆ ਗਿਆ ਸੀ ਅਤੇ ਪੁਲਿਸ ਦੇ ਅੰਨੇ ਤਸੱਦਦ ਨਾਲ ਨਕਸਲੀ ਲਹਿਰ ਦਾ ਲੱਕ ਤੋੜਿਆ ਗਿਆ। ਉਸ ਮੌਕੇ ਨਕਸਲੀ ਨੌਜਵਾਨਾਂ ਤੇ ਢਾਹੇ ਪੁਲਸੀਆ ਕਹਿਰ ਅਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਦਾਸਤਾਨ ਨੂੰ ਲੋਕਾਂ ਦੇ ਲੇਖਿਕ ਡਾ ਜਸਵੰਤ ਸਿੰਘ ਕੰਵਲ ਨੇ ਅਪਣੇ ਨਾਵਲ “ਲਹੂ ਦੀ ਲੋਅ” ਵਿੱਚ ਹੂਬਹੂ ਚਿਤਵਿਆ ਸੀ।ਕੰਵਲ ਸਾਹਿਬ ਦੇ ਨਾਵਲ ਨੂੰ ਸਰਕਾਰੀ ਪਬੰਦੀਆਂ ਦੇ ਬਾਵਜੂਦ ਲੋਕਾਂ ਨੇ ਮਣਾਂ ਮੂੰਹੀਂ ਪਿਆਰ ਦਿੱਤਾ ਤੇ ਹਕੂਮਤੀ ਅੱਤਿਆਚਾਰ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਸ਼ਹੀਦ ਦਾ ਦਰਜਾ ਦੇਕੇ ਨਿਵਾਜਿਆ। ਉਹਨਾਂ ਦੇ ਨਾਵਲ ਲਹੂ ਦੀ ਲੋਅ ਨੂੰ ਲੋਕਾਂ ਨੇ ਘਰ ਘਰ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ।ਅੱਜ ਹਰ ਲੋਕ ਲਾਇਬਰੇਰੀ ਦਾ ਸਿੰਗਾਰ ਹੈ ਪੁਸਤਕ ਲਹੂ ਦੀ ਲੋਅ।

ਏਸੇ ਤਰਾਂ ਹੀ 1984 ਤੋਂ 1995 ਤੱਕ ਦੇ  ਸਿੱਖ ਖਾੜਕੂ ਸੰਘਰਸ਼ੀ ਦੌਰ ਦੇ ਸੱਚ ਨੂੰ ਲੋਕਾਂ ਸਾਹਮਣੇ ਪੇਸ ਕਰਦੀ ਵਾਰਤਕ ਦੀ ਪੁਸਤਕ  “ਪੰਜਾਬ ਦਾ ਬੁੱਚੜ” ਨੇ ਜਸਵੰਤ ਸਿੰਘ ਕੰਵਲ ਦੇ ਬਹੁ ਚਰਚਿਤ ਨਾਵਲ ਲਹੂ ਦੀ ਲੋਅ ਦਾ ਅਹਿਸਾਸ ਕਰਵਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।ਦੋਨਾਂ ਪੁਸਤਕਾਂ ਦੀ ਵਿਲੱਖਣਤਾ ਇਹ ਹੈ ਕਿ ਦੋਨੋ ਹੀ ਪੁਸਤਕਾਂ ਪੰਜਾਬ ਪੁਲਿਸ ਦੇ ਜਬਰ ਦੀ ਕਹਾਣੀ ਪੇਸ ਕਰਦੀਆਂ ਹਨ।ਅੰਤਰ ਇਹ ਹੈ ਕਿ “ਲਹੂ ਦੀ ਲੋਅ ਇੱਕ ਨਾਵਲ ਹੈ,ਜਿਸ ਵਿੱਚ ਲੇਖਿਕ ਨੇ ਅਪਣੀ ਸੂਝ ਬੂਝ ਨਾਲ ਰੌਚਕਤਾ ਭਰ  ਲਈ ਕੁੱਝ ਕਲਪਿਤ ਘਟਨਾਵਾਂ ਅਤੇ ਪਾਤਰਾਂ ਦਾ ਸਹਾਰਾ ਵੀ ਲਿਆ ਹੈ,ਜਦੋਂ ਕਿ ਪੰਜਾਬ ਦਾ ਬੁੱਚੜ ਵਾਰਤਕ ਦੀ ਪੁਸਤਕ ਹੈ ਜਿਸ ਵਿੱਚ ਲੇਖਿਕ ਨੇ ਗਹਿਰੀ ਖੋਜ ਕਰਕੇ ਅਜਿਹੇ ਤੱਥ ਅਤੇ ਅੰਕੜੇ ਇਕੱਤਰ ਕੀਤੇ,ਹਨ ਜਿਸ ਕਰਕੇ ਪਾਠਕ ਦੇ ਮਨ ਵਿੱਚ ਅਗਲੇ ਤੋਂ ਅਗਲੇ ਅਧਿਆਇ ਨੂੰ ਪੜ ਕੇ ਹੋਰ ਸੱਚ ਜਾਨਣ ਦੀ ਤੀਬਰ ਇੱਛਾ ਉਤਪਨ ਹੁੰਦੀ ਹੈ।

ਇਹਨਾਂ ਪੁਸਤਕਾਂ ਦੇ ਛਪਣ ਤੋਂ ਬਾਅਦ ਇੱਕ ਗੱਲ ਬੜੀ ਸਪੱਸਟ ਰੂਪ ਵਿੱਚ ਸਾਹਮਣੇ ਆਈ ਹੈ ਕਿ ਜੇਕਰ ਹਕੂਮਤਾਂ ਦੀ ਸਿਫਤ ਸਲਾਹ ਕਰਕੇ ਨਿੱਜੀ ਲਾਭ ਲੈਣ ਵਾਲੇ ਅਤੇ ਲੋਕ ਸੰਘਰਸ਼ਾਂ ਨੂੰ ਗਲਤ ਠਹਿਰਾਉਣ ਵਾਲੇ ਸਰਕਾਰੀ ਰਹਿਮੋ ਕਰਮ ਤੇ ਪਲਣ ਵਾਲੇ ਲੇਖਿਕ ਝੂਠਾ ਸਾਹਿਤ ਰਚਕੇ ਆਉਣ ਵਾਲੀਆਂ ਨਸਲਾਂ ਨੂੰ ਸੱਚ ਤੋ ਅਣਜਾਣ ਰੱਖਣ ਦੀ ਗਲਤ ਫਹਿਮੀ ਪਾਲਕੇ ਸਿਸਟਮ ਦੇ ਪੱਖ ਵਿੱਚ ਭੁਗਤਦੇ ਹਨ ਤਾਂ ਸਮੇ ਦਾ ਸੱਚ ਲਿਖਣ ਵਾਲੀਆਂ ਕਲਮਾਂ ਵੀ ਖੁੰਢੀਆਂ ਨਹੀ ਹੋਈਆਂ,ਉਹ ਬਗੈਰ ਕਿਸੇ ਹਕੂਮਤੀ ਜਬਰ ਦੀ ਪ੍ਰਵਾਹ ਕੀਤਿਆਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਲੋਕਾਂ ਸਾਹਮਣੇ ਲੈਕੇ ਆਉਣ ਤੋ ਪਿੱਛੇ ਨਹੀ ਹਟਦੀਆਂ।ਸਿਸਟਮ ਪੱਖੀ ਲੇਖਿਕਾਂ,ਪੱਤਰਕਾਰਾਂ ਵੱਲੋਂ ਫੈਲਾਏ ਜਾ ਰਹੇ ਕੱਚਘਰੜ ਸਾਹਿਤ ਦੇ ਪਰਦੂਸ਼ਨ ਨੂੰ ਬੇਅਸਰ ਕਰਨ ਲਈ ਅਜਿਹੀਆਂ ਲਿਖਤਾਂ ਦਾ ਜਿੱਥੇ ਰਚਿਆ ਜਾਣਾ ਬੇਹੱਦ ਜਰੂਰੀ ਹੈ,ਓਥੇ “ਪੰਜਾਬ ਦਾ ਬੁੱਚੜ” ਵਰਗੀਆਂ ਪੁਸਤਕਾਂ ਹਰ ਘਰ ਵਿੱਚ ਹੋਣੀਆਂ ਚਾਹੀਦੀਆਂ ਹਨ,ਤਾਂ ਕਿ ਸਾਡੀ ਇੱਕੀਵੀ ਸਦੀ ਦੀ ਨਵੀ ਨਸਲ ਨੂੰ ਅਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਅਤੇ ਭਾਰਤੀ ਹਕੂਮਤਾਂ ਦੇ ਅੱਤਿਆਚਾਰ,ਅਤੇ ਸਿੱਖ ਜੁਆਨੀ ਦੀ ਨਸਲਕੁਸ਼ੀ ਵਾਲੇ ਦੌਰ ਦੀ ਜਾਣਕਾਰੀ ਪਰਾਪਤ ਹੋ ਸਕੇ।

ਲੋਕਾਂ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਅਜਿਹੀਆਂ ਲਿਖਤਾਂ ਦੇ ਖਜਾਨੇ ਨੂੰ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਜਾਣਕਾਰੀ ਲਈ ਸਾਂਭ ਕੇ ਰੱਖਣ,ਜਦੋ ਸਾਡੇ ਬੱਚੇ ਪੁਰਾਤਨ ਸਿੱਖ ਇਤਿਹਾਸ ਪੜਕੇ ਅਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਤੇ ਮਾਣ ਕਰਦੇ ਹੋਏ ਮੁਗਲ ਹਕੂਮਤਾਂ ਨੂੰ ਕੋਸਣਗੇ,ਤਾਂ ਉਹ ਉੱਨੀਵੀਂ ਸਦੀ ਦੇ ਇਤਿਹਾਸ ਤੋ ਵਾਕਫ ਹੋ ਕੇ ਇਹ ਵੀ ਜਾਣ ਸਕਣਗੇ ਕਿ ਕਿਸਤਰਾਂ ਹਿੰਦ ਹਕੂਮਤ ਨੇ ਮੁਗਲਾਂ ਦੇ ਜੁਲਮਾਂ ਨੂੰ ਮਾਤ ਪਾਕੇ ਸਿੱਖ ਨਸਲਕੁਸ਼ੀ ਲਈ ਕੇ ਪੀ ਐਸ ਗਿੱਲ ਵਰਗੇ ਸਿੱਖ ਚਿਹਰਿਆਂ ਨੂੰ ਮੋਹਰੇ ਬਣਾ ਕੇ ਵਰਤਿਆ।ਸਰਬਜੀਤ ਸਿੰਘ ਘੁਮਾਣ ਇਸ ਗੱਲ ਲਈ ਸਰਾਹਣਾ ਦਾ ਹੱਕਦਾਰ ਹੈ ਕਿ ਉਹਨੇ ਅਜਿਹੇ ਜਾਬਰ ਪੁਲਿਸ ਮੁਖੀ ਦਾ ਅਸਲੀ ਚੇਹਰਾ ਲੋਕਾਂ ਸਾਹਮਣੇ ਨੰਗਾ ਕਰਨ ਦੀ ਹਿੰਮਤ ਕੀਤੀ ਹੈ,ਜਦੋ ਉਹਦੀ ਮੌਤ ਤੋ ਬਾਅਦ ਭਾਰਤੀ ਸਿਸਟਮ ਅਤੇ ਸਿੱਖ ਵਿਰੋਧੀ ਲਾਣਾ ਸਿੱਖ ਨਸਕੁਸ਼ੀ ਕਰਨ ਬਦਲੇ ਸੁਪਰਕੌਪ ਦਾ ਖਿਤਾਬ ਦੇ ਰਿਹਾ ਸੀ।

ਇਸ ਪੁਸਤਕ ਵਿੱਚ ਲੇਖਿਕ ਨੇ ਬੜੇ ਵਿਸਥਾਰ ਨਾਲ ਇਹ ਸੱਚ ਵੀ ਲੋਕਾਂ ਚ ਰੱਖਿਆ ਹੈ ਕਿ ਕਿਸਤਰਾਂ ਸ਼ਾਤਰ ਹਿੰਦੂਵਾਦੀ ਹਕੂਮਤਾਂ ਨੇ ਪੰਜਾਬ ਪੁਲਿਸ ਨੂੰ ਸਿੱਖ ਖਾੜਕੂਆਂ ਦੇ ਦੁਸ਼ਮਣ ਬਣਾਕੇ ਭਾਈ ਹੱਥੋ ਭਾਈਆਂ ਦੀ ਕਤਲੋਗਾਰਤ ਕਰਵਾਈ।ਇੱਥੇ ਹੀ ਬੱਸ ਨਹੀ,ਇਹ ਵੀ ਦੱਸਿਆ ਹੈ ਕਿ ਕਿਵੇ ਕੇ ਪੀ ਐਸ ਗਿੱਲ ਵੱਲੋਂ ਆਪਣੇ ਅਫਸਰਾਂ ਨੂੰ ਜੁਲਮ ਕਰਨ ਲਈ ਉਤਸਾਹਿਤ ਕੀਤਾ ਜਾਂਦਾ ਸੀ।ਇਹ ਪੁਸਤਕ ਜਿੱਥੇ ਹਰ ਸਿੱਖ ਨੂੰ ਪੜਨੀ ਚਾਹੀਦੀ ਹੈ,ਹਰ ਇੱਕ ਪੰਜਾਬੀ ਨੂੰ ਪੜਨੀ ਚਾਹੀਦੀ ਹੈ,ਓਥੇ ਹਰ ਇੱਕ ਪੁਲਸ ਮੁਲਾਜਮ,ਪੁਲਿਸ ਅਧਿਕਾਰੀ ਨੂੰ ਵੀ ਜਰੂਰ ਪੜਨੀ ਚਾਹੀਦੀ ਹੈ,ਤਾਂ ਕਿ ਭਵਿੱਖ ਦੀ ਪੁਲਿਸ ਨੂੰ ਇਹ ਸਪੱਸਟ ਚਾਨਣ ਹੋ ਸਕੇ ਕਿ ਕਿਸਤਰਾਂ ਸਾਡੇ ਮਹਿਕਮੇ ਦੇ ਉਸ ਵੇਲੇ ਦੇ ਮੁਖੀ ਨੇ ਸਾਡੇ ਹੀ ਭਰਾਵਾਂ ਦਾ ਕਤਲਿਆਮ ਕੀਤਾ,ਕਿਸਤਰਾਂ ਸਾਡੇ ਭਰਾਵਾਂ ਨੂੰ ਆਪਣੇ ਭਰਾਵਾਂ ਦੇ ਜਾਨੀ ਦੁਸ਼ਮਣ ਬਣਾਕੇ ਉਹਨਾਂ ਦਾ ਕਿਰਦਾਰ ਐਨਾ ਨੀਵਾਂ ਕਰ ਦਿੱਤਾ ਕਿ ਉਸ ਮੌਕੇ ਦੀ ਪੁਲਿਸ ਦੀਆਂ ਆਚਰਣ ਤੋ ਗਿਰੀਆਂ ਵਧੀਕੀਆਂ ਸਾਹਮਣੇ ਮੁਗਲਾਂ ਵੇਲੇ ਦੇ ਜੁਲਮ ਬੌਨੇ ਜਾਪਦੇ ਹਨ।

ਸਰਬਜੀਤ ਸਿੰਘ ਘੁਮਾਣ ਇਸ ਗੱਲ ਲਈ ਵਧਾਈ ਦਾ ਹੱਕਦਾਰ ਹੈ ਕਿ ਉਹਨੇ ਭਾਂਵੇ ਸਾਰੇ ਤਾਂ ਨਹੀ ਪਰ ਜਿੰਨੇ ਹੋ ਸਕੇ ਉਹ ਵੱਧ ਤੋਂ ਵੱਧ ਅੰਕੜੇ ਇਕੱਤਰ ਕਰਕੇ ਇੱਕ ਅਜਿਹੀ ਦਸਤਾਵੇਜੀ ਪੁਸਤਕ ਲੋਕਾਂ ਨੂੰ ਦਿੱਤੀ ਹੈ,ਜਿਸਨੇ ਵੀਹਵੀਂ ਸਦੀ ਦੇ ਨੌਵੇਂ ਦਹਾਕੇ ਦੇ ਪੁਲਿਸ ਜਬਰ ਦਾ ਉਹ ਸੱਚ ਲੋਕਾਂ ਦੇ ਸਾਹਮਣੇ ਲਿਆਂਦਾ ਹੈ,ਜਿਸਨੂੰ ਭਾਰਤੀ ਤੰਤਰ ਨੇ ਬੜੀ ਚਲਾਕੀ ਨਾਲ ਛੁਪਾ ਕੇ ਹੀ ਨਹੀ ਰੱਖਿਆ,ਬਲਕਿ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾਕੇ ਪੇਸ਼ ਕੀਤਾ ਹੈ। ਮੈ ਪੁਸਤਕ “ਪੰਜਾਬ ਦਾ ਬੁੱਚੜ” ਦੇ ਲੇਖਿਕ ਸਰਬਜੀਤ ਸਿੰਘ ਘੁਮਾਣ ਨੂੰ ਉਹਨਾਂ ਦੀ ਹਿੰਮਤ,ਹੌਸਲੇ,ਦਲੇਰੀ ਅਤੇ ਦ੍ਰਿੜਤਾ ਨਾਲ ਤੱਥਾਂ ਦੇ ਅਧਾਰ ਤੇ ਲਿਖੀ ਵੀਹਵੀਂ ਸਦੀ ਦੇ ਲਹੂ ਭਿੱਜੇ ਸਿੱਖ ਇਤਿਹਾਸ ਦੀ ਵਾਰਤਾ ਲਈ ਉਹਨਾਂ ਦਾ ਧੰਨਵਾਦ ਕਰਦਾ ਹਾਂ,ਜਿੰਨਾਂ ਨੇ ਇਹ ਜੋਖਮ ਭਰਿਆ ਕਾਰਜ ਨੇਪਰੇ ਚਾੜਨ ਦਾ ਸਾਹਸ ਕੀਤਾ।ਸੋ ਅਖੀਰ ਵਿੱਚ ਮੈ ਇਹ ਹੀ ਕਹਾਂਗਾ ਕਿ ਉੱਨੀਵੀਂ ਸਦੀ ਦੇ ਅੱਠਵੇਂ,ਨੌਵੇਂ ਦਹਾਕੇ ਦੇ ਸਿੱਖ ਨਸਲਕੁਸ਼ੀ ਦੇ ਸੱਚ ਨੂੰ ਉਜਾਗਰ ਕਰਦੀ ਤੱਥਾਂ ਤੇ ਅਧਾਰਿਤ ਪੁਸਤਕ “ਪੰਜਾਬ ਦਾ ਬੁੱਚੜ” ਹਰ ਸਿੱਖ,ਹਰ ਪੰਜਾਬੀ ਅਤੇ ਹਰ ਉਸ ਇਨਸਾਫਪਸੰਦ ਵਿਅਕਤੀ ਨੂੰ ਪੜਨੀ ਚਾਹੀਦੀ ਹੈ,ਜਿਹੜਾ ਬੇਇਨਸਾਫੀ ਖਿਲਾਫ ਅਵਾਜ ਬੁਲੰਦ ਕਰਦਾ ਦੀ ਹਿੰਮਤ ਰੱਖਦਾ ਹੈ।

Install Punjabi Akhbar App

Install
×