ਨਿਊ ਸਾਊਥ ਵੇਲਜ਼ ਵਿੱਚ ਡਾਈਨ ਐਂਡ ਡਿਸਕਵਰ ਲਈ ਨਾਮਾਂਕਣ ਸ਼ੁਰੂ

ਖ਼ਜ਼ਾਨਾ ਮੰਤਰੀ ਸ੍ਰੀ ਡੋਮਿਨਿਕ ਪੈਰੋਟੈਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਸਰਕਾਰ ਵੱਲੋਂ ਸਥਾਨਕ ਲੋਕਾਂ ਅਤੇ ਅਜਿਹੇ ਅਦਾਰਿਆਂ ਨੂੰ -ਜਿਨ੍ਹਾਂ ਨੇ ਕਿ ਕੋਵਿਡ-19 ਦੌਰਾਨ ਆਰਥਿਕ ਮਾਰ ਝੇਲੀ ਹੈ ਅਤੇ ਰਾਜ ਸਰਕਾਰ ਉਨ੍ਹਾਂ ਦੇ ਕੰਮ-ਧੰਦਿਆਂ ਨੂੰ ਬੜ੍ਹਾਵਾ ਦੇਣ ਵਾਸਤੇ ਜਿਹੜੀ ‘ਡਾਈਨ ਐਂਡ ਡਿਸਕਵਰ’ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ, ਉਸ ਵਾਸਤੇ ਨਾਮਾਂਕਣ ਮੰਗੇ ਗਏ ਹਨ ਅਤੇ ਇਸ ਵਿੱਚ ਖਾਣ-ਪੀਣ ਦੀਆਂ ਸੇਵਾਵਾਂ ਵਾਲੇ ਅਦਾਰਿਆਂ ਦੇ ਨਾਲ ਨਾਲ ਕਲ਼ਾ ਅਤੇ ਟੂਰਿਜ਼ਮ ਵਾਲੇ ਕੰਮ-ਧੰਦੇ ਵੀ ਸ਼ਾਮਿਲ ਹਨ। ਇਸ ਵਾਸਤੇ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਵਾਉਚਰ ਦਿੱਤੇ ਜਾ ਰਹੇ ਹਨ ਜਿਹੜੇ ਕਿ 25 ਡਾਲਰ ਦੀ ਕੀਮਤ ਦੇ ਹਨ ਅਤੇ ਇੱਕ ਵਿਅਕਤੀ ਨੂੰ ਜ਼ਿਆਦਾ ਤੋਂ ਜ਼ਿਆਦਾ 4 ਕੂਪਨ ਦਿੱਤੇ ਜਾਣਗੇ ਜਿਨ੍ਹਾਂ ਦੀ ਕੁੱਲ ਕੀਮਤ 100 ਡਾਲਰਾਂ ਦੀ ਹੋਵੇਗੀ। ਜਿਨ੍ਹਾਂ ਵਿੱਚੋਂ 2 ਕੂਪਨ ਤਾਂ ਕੂਪਨ ਧਾਰਕ ਨੂੰ ਰੈਸਟੋਰੈਂਟ, ਕੈਫੇ, ਬਾਰ ਜਾਂ ਪੱਬ ਅਤੇ ਕਲੱਬਾਂ ਅਦਿ ਵਿੱਚ ਸੋਮਵਾਰ ਤੋਂ ਵੀਰਵਾਰ ਤੱਕ ਖਰਚਣੇ ਹੋਣਗੇ ਅਤੇ ਇਹ ਜਨਤਕ ਛੁੱਟੀਆਂ ਵਿੱਚ ਲਾਗੂ ਨਹੀਂ ਹੋਣਗੇ। ਬਾਕੀ ਦੇ ਦੋ ਕੂਪਨ ਹਫ਼ਤੇ ਸੱਤੋ ਦਿਨਾਂ ਲਈ ਮਨੋਰੰਜਨ ਦੇ ਪ੍ਰੋਗਰਾਮਾਂ, ਸਭਿਆਚਾਰਕ ਗਤੀਵਿਧੀਆਂ, ਮਿਯੂਜ਼ਿਕ ਸ਼ੋਅ, ਕਲ਼ਾਂ ਆਦਿ ਲਈ ਖਰਚ ਕੀਤੇ ਜਾਣਗੇ ਅਤੇ ਇਹ ਕੂਪਨ ਵੀ ਜਨਤਕ ਛੁੱਟੀਆਂ ਦੌਰਾਨ ਲਾਗੂ ਨਹੀਂ ਹੋਣਗੇ। ਅਜਿਹੇ ਅਦਾਰੇ ਜਿੱਥੇ ਕਿ ਇਨ੍ਹਾਂ ਕੂਪਨਾਂ ਦਾ ਗ੍ਰਾਹਕਾਂ ਵੱਲੋਂ ਭੁਗਤਾਨ ਕੀਤਾ ਜਾਵੇਗਾ, ਉਹ ਅਦਾਰੇ ਇਨ੍ਹਾਂ ਕੂਪਨਾਂ ਨੂੰ ਸਰਕਾਰ ਕੋਲ ਜਮ੍ਹਾਂ ਕਰਵਾਉਣਗੇ ਅਤੇ ਇਸ ਦਾ ਭੁਗਤਾਨ ਸਰਕਾਰ ਵੱਲੋਂ ਉਨ੍ਹਾਂ ਨੂੰ ਅਗਲੇ 5 ਦਿਨਾਂ (ਕੰਮ ਦੇ ਦਿਨ) ਦੇ ਅੰਦਰ ਅੰਦਰ ਕਰ ਦਿੱਤਾ ਜਾਵੇਗਾ। ਜ਼ਿਆਦਾ ਜਾਣਕਾਰੀ ਲਈ www.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×