
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੁਈਨਜ਼ਲੈਂਡ ਵਿਖੇ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਰੇਤੀਲੇ ਟਾਪੂ ਕੇ-ਗਾਰੀ ਫਰੇਜ਼ਰ ਆਈਲੈਂਡ ਉਪਰ ਜਿਹੜੀ ਬੁਸ਼ ਫਾਇਰ ਅਕਤੂਬਰ ਦੇ ਮਹੀਨੇ ਤੋਂ ਹੀ ਲੱਗੀ ਹੋਈ ਹੈ, ਨੇ ਅਚਾਨਕ ਭਿਆਨਕ ਰੂਪ ਅਖ਼ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਪ੍ਰਸ਼ਾਸਨ ਵੱਲੋਂ ‘ਹੈਪੀ ਵੈਲੀ’ ਦੇ ਲੋਕਾਂ ਨੂੰ ਜਲਦੀ ਤੋਂ ਜਲਦੀ ਆਪਣੀਆਂ ਥਾਵਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਉਪਰ ਜਾਣ ਦੀ ਅਪੀਲ ਭਰੀ ਚਿਤਾਵਨੀ ਜਾਰੀ ਵੀ ਕਰ ਦਿੱਤੀ ਹੈ। ਅੱਗ ਇੰਨੀ ਕੁ ਭਿਆਨਕ ਰੁਖ਼ ਵਿੱਚ ਦਰਸਾਈ ਜਾ ਰਹੀ ਹੈ ਕਿ ਸਮਾਂ ਰਹਿੰਦਿਆਂ ਇਸ ਖੇਤਰ ਵਿੱਚੋਂ ਨਿਕਲ ਜਾਣ ਵਿੱਚ ਹੀ ਭਲਾਈ ਹੈ ਨਹੀਂ ਤਾਂ ਸੇਕ ਅਤੇ ਧੂੰਏਂ ਕਾਰਨ ਗੱਡੀਆਂ ਚਲਾਉਣੀਆਂ ਮੁਸ਼ਕਿਲ ਹੋ ਸਕਦੀਆਂ ਹਨ। ਕੁਈਨਜ਼ਲੈਂਡ ਦੇ ਅੱਗ ਬੁਝਾਊ ਅਤੇ ਆਪਾਤਕਾਲੀਨ ਸੇਵਾਵਾਂ ਵਿਭਾਗ ਵੱਲੋਂ ਕਿੰਗਫਿਸ਼ਰ ਬੇਅ ਰਿਸੋਰਟ ਅਤੇ ਖੇਤਰ ਵਿਚਲੇ ਲੋਕਾਂ ਨੂੰ ਉਥੋਂ ਇੱਕ ਦਮ ਨਿਕਲਣ ਲਈ ਕਿਹਾ ਗਿਆ ਹੈ। ਅੱਗ ਬੁਝਾਊ ਦਸਤੇ ਲਗਾਤਾਰ ਇਸ ਅੱਗ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰੰਤੂ ਅੱਗ ਵੱਧਦੀ ਹੀ ਜਾ ਰਹੀ ਹੈ। ਪ੍ਰਸ਼ਾਸਨ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਅਗਲੇ ਕੁੱਝ ਘੰਟਿਆਂ ਅੰਦਰ ਹੀ ਇਸ ਖੇਤਰ ਵਿੱਚ ਮੋਬਾਇਲ ਅਤੇ ਨੈਟਵਰਕ ਸੇਵਾਵਾਂ ਰੱਦ ਹੋ ਸਕਦੀਆਂ ਹਨ ਇਸ ਲਈ ਜਿੰਨੀ ਛੇਤੀ ਹੋ ਸਕੇ ਇਸ ਖੇਤਰ ਨੂੰ ਖਾਲੀ ਕਰ ਦੇਣਾ ਚਾਹੀਦਾ ਹੈ ਅਤੇ ਆਪਣੀ ਜਾਨ ਬਚਾਉਣੀ ਚਾਹੀਦੀ ਹੈ। ਨਿਊ ਸਾਊਥ ਵੇਲਜ਼ ਤੋਂ ਅੱਗ ਬੁਝਾਊ ਦਸਤੇ ਦਾ ਹਵਾਈ ਟੈਂਕਰ (ਮਾਰੀ ਬਸ਼ੀਰ) ਵੀ ਇਸ ਆਪਦਾ ਉਪਰ ਕਾਬੂ ਪਾਉਣ ਲਈ ਮਦਦ ਕਰਨ ਵਿੱਚ ਸਹਾਈ ਹੋਣ ਵਾਸਤੇ ਉਡਾਣ ਭਰ ਚੁਕਿਆ ਹੈ। ਪ੍ਰੀਮੀਅਰ ਐਸਨਟੇਸੀਆ ਪਾਲਾਸ਼ਾਈ ਨੇ ਇਸ ਨੂੰ ਗੰਭੀਰ ਆਪਦਾ ਦੱਸਿਆ ਹੈ ਅਤੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਦੀ ਅਪੀਲ ਦੁਹਰਾਈ ਹੈ।