
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪੱਛਮੀ ਆਸਟ੍ਰੇਲੀਆ ਦੇ ਦੱਖਣੀ ਖੇਤਰ ਵਿੱਚ ਅਤੇ ਗ੍ਰੇਟਰ ਗੈਰਾਲਡਟਨ ਦੇ ਇਲਾਕਿਆਂ ਵਿੱਚ ਲੱਗੀ ਬੁਸ਼ਫਾਇਰ ਨੇ ਇੱਕ ਦਮ ਹੀ ਹੜਕੰਪ ਮਚਾ ਦਿੱਤਾ ਹੈ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਚੇਤੰਨ ਰਹਿਣ ਦੀਆਂ ਚੇਤਾਵਨੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਹਨ। ਪਰਥ ਦੇ ਦੱਖਣੀ ਖੇਤਰਾਂ ਦੇ ਸਬਅਰਬਾਂ -ਸਪੈਕਟੈਕਲਜ਼, ਓਰੈਲੀਆ, ਮੈਡੀਨਾ, ਨੇਵਲ ਬੇਸ, ਪੋਸਟਨਜ਼, ਕਵਿਨਾਨਾ ਅਤੇ ਹੌਪ ਵੈਲੀ ਵਰਗੇ ਖੇਤਰਾਂ ਵਿੱਚ ਲਗਾਤਾਰ ਅਲਰਟ ਜਾਰੀ ਕੀਤੇ ਜਾ ਰਹੇ ਹਨ ਕਿਉਂਕਿ ਅੱਗ ਰਿਹਾਇਸ਼ੀ ਘਰਾਂ ਵੱਲ ਨੂੰ ਵੱਧਣੀ ਲਗਾਤਾਰ ਜਾਰੀ ਹੈ। ਪਰਥ ਦੇ ਕੁੱਝ ਉਤਰੀ ਖੇਤਰਾਂ ਅਤੇ ਗੈਰਾਲਡਟਨ ਦੇ ਕਾਰ-ਲੂ ਵਿੱਚ ਵੀ ਆਪਾਤਕਾਲੀਨ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਦੱਖਣੀ ਪਰਥ ਦੇ ਇਲਾਕਿਆਂ -ਜਿਵੇਂ ਕਿ ਬਰਡ ਰੋਡ, ਰੋਕਿੰਗਹੈਮ ਰੋਡ, ਟ੍ਹੋਮਜ਼ ਰੋਡ ਅਤੇ ਕ ਕੋਸਟ ਆਦਿ ਖੇਤਰਾਂ ਦੇ ਲੋਕਾਂ ਲਈ ਘਰਾਂ ਦੇ ਅੰਦਰ ਰਹਿਣ ਦੀਆਂ ਚੇਤਾਵਨੀਆਂ ਹਨ ਅਤੇ ਕਿਹਾ ਗਿਆ ਹੈ ਕਿ ਆਪਣੇ ਖਿੜਕੀਆਂ ਦਰਵਾਜ਼ਿਆਂ ਦੇ ਨਾਲ ਨਾਲ ਏਅਰ ਕੰਡੀਸ਼ਨਾਂ ਨੂੰ ਵੀ ਬੰਦ ਰੱਖੋ ਅਤੇ ਘਰਾਂ ਦੇ ਅੰਦਰ ਹੀ ਰਹੋ। ਇਸ ਤੋਂ ਇਲਾਵਾ ਖੇਤਰਾਂ ਦੇ ਨਿਵਾਸੀਆਂ ਨੂੰ ਘਰਾਂ ਤੋਂ ਬਾਹਰ ਕਿਤੇ ਦੂਰ ਸੁਰੱਖਿਅਤ ਥਾਵਾਂ ਤੇ ਜਾਣ ਦੀ ਚੇਤਾਵਨੀ ਹੈ। ਲੋਕਾਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਖੜ੍ਹ ਦੇ ਦੇਖਣ ਦੀ ਬਜਾਏ ਕਿਸੇ ਸੁਰੱਖਿਅਤ ਥਾਂ ਤੇ ਪਹੁੰਚ ਜਾਣ ਵਿੱਚ ਹੀ ਭਲਾਈ ਹੈ। ਕੁਆਰਨਟੀਨ ਵਿੱਚ ਰਹਿਣ ਵਾਲੇ ਲੋਕਾਂ ਲਈ ਚੇਤਾਵਨੀ ਹੈ ਕਿ ਜੇਕਰ ਆਪਾਤਕਾਲੀਨ ਸਥਿਤੀਆਂ ਵਿੱਚ ਉਨ੍ਹਾਂ ਨੂੰ ਆਪਣੀ ਥਾਂ ਤੋਂ ਕਿਤੇ ਬਾਹਰ ਜਾਣਾ ਪੈਂਦਾ ਹੈ ਅਤੇ ਇੱਕ ਘੰਟੇ ਦੇ ਅੰਦਰ ਅੰਦਰ ਉਹ ਆਪਣੀ ਕੁਆਰਨਟੀਨ ਵਾਲੀ ਥਾਂ ਤੇ ਵਾਪਿਸ ਨਹੀਂ ਪਹੁੰਚ ਸਕਦੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਦੋਹੇਂ ਪਾਸੇ ਲੱਗੀ ਅੱਗ ਹੁਣ ਬੇਕਾਬੂ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਪੱਛਮੀ ਖੇਤਰਾਂ ਵਾਲੇ ਪਾਸੇ ਨੂੰ ਵੱਧ ਰਹੀ ਹੈ। ਗੌਸਨੈਲਜ਼ ਦੇ ਐਲਬੈਨੀ ਹਾਈਵੇਅ ਉਪਰ -ਦ ਐਗੋਨੀਜ਼ ਵਿਖੇ ਵੀ ਇੱਕ ਆਪਾਤਕਾਲੀਨ ਸੈਂਟਰ ਖੋਲ੍ਹਿਆ ਗਿਆ ਹੈ।