ਵਿਕਟੌਰੀਆ ਵਿੱਚ ਭੜਕੀ ਜੰਗਲੀ ਅੱਗ, ਰਿਹਾਇਸ਼ੀ ਖੇਤਰਾਂ ਵਿੱਚ ਹਾਈ ਅਲਰਟ

ਦੱਖਣੀ-ਆਸਟ੍ਰੇਲੀਆ ਵਿੱਚ ਵੀ ਪ੍ਰਸ਼ਾਸਨ ਅਲਰਟ ਤੇ

ਮੈਲਬੋਰਨ ਤੋਂ 100 ਕਿਲੋਮੀਟਰ ਦੀ ਦੂਰੀ ਤੇ ਸਥਿਤ ਫਲਾਵਰਡੇਲ ਖੇਤਰ ਦੇ 750 ਏਕੜ ਦੇ ਖੇਤਰ ਵਿੱਚ ਜੰਗਲੀ ਅੱਗ ਨੇ ਤਾਂਡਵ ਮਚਾ ਰੱਖਿਆ ਹੈ। ਪ੍ਰਸ਼ਾਸਨ ਨੇ ਖੇਤਰ ਵਿੱਚ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਅੱਗ ਬੁਝਾਊ ਦਸਤੇ -ਹਵਾ ਵਿੱਚੋਂ ਪਾਣੀ ਦੀ ਬੌਛਾਰ ਸੁੱਟਣ ਵਾਲੇ ਹਵਾਈ ਜਹਾਜ਼ ਦੀ ਮਦਦ ਨਾਲ, ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਉਥੇ ਰਹਿੰਦੇ ਲੋਕਾਂ ਨੂੰ ਚਿਤਵਾਨੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਇਸ ਸਮੇਂ ਆਪਣੇ ਘਰਾਂ ਵਿੱਚੋਂ ਬਾਹਰ ਨਾ ਨਿਕਲੋ ਅਤੇ ਘਰ ਦੇ ਹੀ ਕਿਸੇ ਕੋਨੇ ਵਿੱਚ ਦੁਬਕ ਕੇ ਆਪਣੀ ਜਾਨ ਮਾਲ ਦੀ ਹਿਫ਼ਾਜ਼ਤ ਕਰੋ ਕਿਉਂਕਿ ਇਸ ਸਮੇਂ ਅੱਗ ਨੇ ਕਾਫੀ ਜ਼ੋਰ ਫੜਿਆ ਹੋਇਆ ਹੈ ਅਤੇ ਘਰਾਂ ਵਿੱਚੋਂ ਨਿਕਲ ਕੇ ਬਾਹਰ ਕਿਸੇ ਸੁਰੱਖਿਅਤ ਥਾਂ ਤੇ ਜਾਣ ਦਾ ਹਾਲ ਦੀ ਘੜੀ ਰਸਤਾ ਹੈ ਹੀ ਨਹੀਂ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਅਜਿਹੀ ਹੀ ਅੱਗ ਸਾਲ 2009 ਵਿੱਚ ਵੀ ਲੱਗੀ ਸੀ ਜਿਸਨੂੰ ਹਾਲੇ ਵੀ ‘ਕਾਲ਼ੇ ਸ਼ਨਿਚਰਵਾਰ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਸ ਦੇ ਨਾਲ ਹੀ ਦੱਖਣੀ ਆਸਟ੍ਰੇਲੀਆ ਦੇ ਬਾਰਡਰ ਵਾਲੇ ਖੇਤਰਾਂ ਵਿੱਚ ਵੀ ਤਾਪਮਾਨ ਦੇ ਵਧਣ ਕਾਰਨ ਪ੍ਰਸ਼ਾਸਨ ਨੇ ਹਦਾਇਤਾਂ ਆਦਿ ਜਾਰੀ ਕਰ ਰੱਖੀਆਂ ਹਨ। ਛੋਟੇ ਬੱਚਿਆਂ ਦੇ ਸਕੂਲਾਂ ਜਾਂ ਚਾਈਲਡ ਕੇਅਰ ਥਾਂਵਾਂ ਤੇ ਛੁੱਟੀ ਕਰ ਦਿੱਤੀ ਗਈ ਹੈ।