
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦ ਓਕਸ ਅਤੇ ਕਿੰਗਫਿਸ਼ਰ ਬੇਅ ਪਿੰਡ ਦੇ ਨਿਵਾਸੀਆਂ ਨੂੰ ਕੁਈਨਜ਼ਲੈਂਡ ਦੇ ਅੱਗ ਬੁਝਾਊ ਅਤੇ ਆਪਾਤਕਾਲੀਨ ਦਸਤਿਆਂ ਵੱਲੋਂ ਅੱਜ ਸਵੇਰੇ 8:30 ਵਜੇ ਤੋਂ ਹੀ ਉਨ੍ਹਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਆਪਣੀਆਂ ਥਾਵਾਂ ਤੋਂ ਖਾਲੀ ਕਰਵਾਇਆ ਜਾ ਰਿਹਾ ਹੈ ਕਿਉਂਕਿ ਅਕਤੂਬਰ ਵਿੱਚ ਲੱਗੀ ਇਹ ਅੱਗ ਹੁਣ ਭਿਆਨਕ ਰੂਪ ਲੈਂਦੀ ਜਾ ਰਹੀ ਹੈ ਅਤੇ ਇਸ ਨਾਲ ਇਨ੍ਹਾਂ ਇਲਾਕਿਆਂ ਅੰਦਰ ਖ਼ਤਰੇ ਵੱਧਦੇ ਹੀ ਜਾ ਰਹੇ ਹਨ। ਜਦੋਂ ਉਕਤ ਇਲਾਕਿਆਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਤਾਂ ਉਸ ਵੇਲੇ ਦੁਨੀਆ ਦੇ ਇਸ ਵਿਰਾਸਤੀ ਟਾਪੂ ਉਪਰ ਲੱਗੀ ਇਹ ਅੱਗ, ਘੱਟੋ ਘੱਟ ਅੱਧੇ ਟਾਪੂ ਨੂੰ ਆਪਣੀ ਚਪੇਟ ਵਿੱਚ ਲੈ ਚੁਕੀ ਸੀ ਅਤੇ ਉਕਤ ਰਿਹਾਇਸ਼ੀ ਖੇਤਰਾਂ (ਦ ਓਕਸ) ਤੋਂ ਮਹਿਜ਼ 400 ਮੀਟਰ ਦੀ ਦੂਰੀ ਉਪਰ ਹੀ ਸੀ। ਵੈਸੇ ਅੱਗ ਬੁਝਾਊ ਦਸਤੇ ਇਸ ਅੱਗ ਉਪਰ ਕਾਬੂ ਪਾਉਣ ਦੀ ਪੁਰਜ਼ੋਰ ਕੋਸ਼ਿਸ਼ਾਂ ਵਿੱਚ ਲੱਗੇ ਹਨ ਅਤੇ ਨਿਊ ਸਾਊਥ ਵੇਲਜ਼ ਤੋਂ ਆਇਆ ਪਾਣੀ ਦਾ ਭਰਿਆ ਟੈਂਕਰ ਜਹਾਜ਼ (ਮਾਰੀ ਬਸ਼ੀਰ) ਵੀ ਅੱਗ ਉਪਰ ਪਾਣੀ ਗਿਰਾ ਕੇ ਇਸ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗਾ ਹੋਇਆ ਹੈ। ਘੱਟੋ ਘੱਟ 90 ਅੱਗ ਬੁਝਾਊ ਕਰਮਚਾਰੀ ਇਸ ਅੱਗ ਨਾਲ ਸਿੱਧੀ ਲੜਾਈ ਲੈ ਰਹੇ ਹਨ ਅਤੇ 24 ਏਅਰਕਰਾਫਟ (ਪਾਣੀ ਦੇ ਟੈਂਕਰ) ਇਸ ਅੱਗ ਉਪਰ ਕਾਬੂ ਪਾਉਣ ਵਿੱਚ ਲੱਗੇ ਹੋਏ ਹਨ। ਜੰਗਲੀ ਜਾਨਵਰਾਂ ਦੀ ਸਾਂਭ ਸੰਭਾਲ ਨਾਲ ਜੁੜੀ (ਕੰਜ਼ਰਵੇਸ਼ਨਿਸਟ) ਚੈਰਿਲ ਬਰੈਂਟ ਨੇ ਬੜੇ ਹੀ ਭਾਵੁਕ ਮਨ ਨਾਲ ਦੱਸਿਆ ਕਿ ਬੀਤੇ ਕੱਲ੍ਹ ਸੋਮਵਾਰ ਨੂੰ ਭੜਕੀ ਇਸ ਅੱਗ ਨੇ ਸ਼ਾਇਦ ਹੀ ਕਿਸੇ ਜੰਗਲੀ ਪ੍ਰਾਣੀ ਜਾਂ ਜੀਵ ਨੂੰ ਸੁਰੱਖਿਅਤ ਛੱਡਿਆ ਹੋਵੇ -ਪਤਾ ਨਹੀਂ ਲੱਗ ਰਿਹਾ ਕਿ ਹਾਲਾਤ ਕੀ ਹਨ, ਬਸ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਜੋ ਕਿ ਬਹੁਤ ਜ਼ਿਆਦਾ ਭਿਆਨਕ ਹੋ ਸਕਦਾ ਹੈ।