
ਗਲਾਸਗੋ/ਬੈਲਫਾਸਟ -ਉੱਤਰੀ ਆਇਰਲੈਂਡ ਦੇ ਬੈਲਫਾਸਟ ਵਿੱਚ ਹਿੰਸਾ ਅਤੇ ਅਸ਼ਾਂਤੀ ਦੀ ਛੇਵੀਂ ਰਾਤ ਨੂੰ ਇੱਕ ਬੱਸ ਨੂੰ ਹਾਈਜੈਕ ਕਰਕੇ ਅੱਗ ਦੇ ਸਪੁਰਦ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਬੈਲਫਾਸਟ ਵਿੱਚ ਪੁਲਿਸ ਅਧਿਕਾਰੀਆਂ ਅਤੇ ਇੱਕ ਪ੍ਰੈੱਸ ਫੋਟੋਗ੍ਰਾਫਰ ਉੱਤੇ ਹਮਲਾ ਕੀਤੇ ਜਾਣ ਸੰਬੰਧੀ ਚਿੰਤਾ ਪ੍ਰਗਟ ਕੀਤੀ ਹੈ। ਆਇਰਲੈਂਡ ਵਿੱਚ ਇਹ ਘਟਨਾਵਾਂ ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਦੇ ਬ੍ਰੈਕਸਿਟ ਸੌਦੇ ਵਿੱਚ ਵਿਵਾਦਪੂਰਨ ਉੱਤਰੀ ਆਇਰਲੈਂਡ ਦੇ ਪ੍ਰੋਟੋਕੋਲ ਨੂੰ ਲੈ ਕੇ ਮਹੀਨਿਆਂ ਦੇ ਤਣਾਅ ਤੋਂ ਬਾਅਦ ਹੋਈਆਂ ਹਨ। ਆਇਰਲੈਂਡ ਦੇ ਪੱਛਮੀ ਬੈਲਫਾਸਟ ਦੇ ਲੈਨਾਰਕ ਵੇਅ ਅਤੇ ਸ਼ਾਂਖਿਲ ਰੋਡ ਦੇ ਜੰਕਸ਼ਨ ‘ਤੇ ਬੁੱਧਵਾਰ ਸ਼ਾਮ ਟਰਾਂਸਲਿੰਕ ਮੈਟਰੋਬਸ ਬੱਸ ‘ਤੇ ਪੈਟਰੋਲ ਬੰਬ ਸੁੱਟਿਆ ਗਿਆ ਸੀ। ਸ਼ਾਂਖਿਲ ਰੋਡ ਨੂੰ ਸਪਰਿੰਗਫੀਲਡ ਰੋਡ ਨਾਲ ਜੋੜਦੀ ਪੀਸ ਲਾਈਨ ਵਾਲੀ ਗਲੀ ਵਿੱਚ ਭੀੜ ਇਕੱਠੀ ਹੁੰਦੇ ਹੀ ਘਰਾਂ ਦੀਆਂ ਖਿੜਕੀਆਂ ਨੂੰ ਵੀ ਤੋੜਿਆ ਗਿਆ। ਇਹਨਾਂ ਘਟਨਾਵਾਂ ਕਾਰਨ ਟ੍ਰਾਂਸਲਿੰਕ ਮੈਟਰੋ ਨੇ ਸੜਕ ਬੰਦ ਹੋਣ ਕਾਰਨ ਅਗਲੇ ਨੋਟਿਸ ਆਉਣ ਤੱਕ ਪੂਰਬੀ ਬੇਲਫਾਸਟ ਵਿੱਚ ਅਤੇ ਖੇਤਰ ਦੀਆਂ ਸਾਰੀਆਂ ਸੇਵਾਵਾਂ ਵਾਪਸ ਲੈ ਲਈਆਂ ਹਨ। ਇਸ ਤੋਂ ਪਹਿਲਾਂ ਵੀ ਅਧਿਕਾਰੀਆਂ ਨੂੰ ਸੋਮਵਾਰ ਨੂੰ ਕੈਰਿਕਫਰਗਸ, ਨਿਊਟਾਉਨਬੇਬੀ ਦੇ ਹਿੱਸਿਆਂ ਵਿੱਚ ਪੈਟਰੋਲ ਬੰਬ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਇਸਦੇ ਇਲਾਵਾ ਆਇਰਲੈਂਡ ਵਿੱਚ ਕੋਵਿਡ ਪਾਬੰਦੀਆਂ ਦੇ ਬਾਵਜੂਦ ਪਿਛਲੇ ਸਾਲ ਵੱਡੇ ਸਸਕਾਰ ਵਿੱਚ ਸ਼ਾਮਲ ਹੋਣ ‘ਤੇ ਸਿਨ ਫਿਨ ਸਿਆਸਤਦਾਨਾਂ ‘ਤੇ ਮੁਕੱਦਮਾ ਨਾ ਚਲਾਉਣ ਦੇ ਫੈਸਲੇ ਤੋਂ ਬਾਅਦ ਡੀ ਯੂ ਪੀ ਨੇ ਪੁਲਿਸ ਮੁਖੀ ਸਾਈਮਨ ਬਾਇਰਨ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਹੈ।