ਰੋਟੋਰੂਆ ਨੇੜੇ ਦੁਰਘਟਨਾ ਗ੍ਰਸਤ ਹੋਈ ਬੱਸ ਵਿਚ 5 ਸੈਲਾਨੀਆਂ ਦੀ ਜਾਨ ਗਈ -ਚਾਈਨਾ ਤੋਂ ਆਏ ਸਨ ਘੁੰਮਣ 

 

(ਦੁਰਘਟਨਾ ਗ੍ਰਸਤ ਬੱਸ)
(ਦੁਰਘਟਨਾ ਗ੍ਰਸਤ ਬੱਸ)

ਔਕਲੈਂਡ 5 ਸਤੰਬਰ – ਬੀਤੇ ਬੁੱਧਵਾਰ ਸਵੇਰੇ 11.20 ਮਿੰਟ ਉਤੇ ਰੋਟੋਰੂਆ ਨੇੜੇ ਸਟੇਟ ਹਾਈਵੇ ਨੰਬਰ 5 ਉਤੇ ਇਕ ਬੱਸ ਦੁਰਘਟਨਾ ਗ੍ਰਸਤ ਹੋ ਕੇ ਸੜਕ ਤੋਂ ਹੇਠਾਂ ਉਤਰ ਗਈ ਅਤੇ ਇਕ ਖੱਡ ਵਿਚ ਪਲਟ ਗਈ। ਬੱਸ ਦੇ ਵਿਚ ਸਵਾਰ ਜਿੱਥੇ 5 ਸੈਲਾਨੀ ਯਾਤਰੀ ਆਪਣੀ ਜਾਨ ਗਵਾ ਬੈਠੇ ਉਥੇ ਬਹੁਤ ਸਾਰਿਆਂ ਦੇ ਗੰਭੀਰ ਸੱਟਾਂ ਲੱਗੀਆਂ। 2 ਮਿੰਟ ਬਾਅਦ ਹੀ ਉਥੋਂ ਲੰਘ ਰਹੇ ਇਕ ਰਾਹਗੀਰ ਨੇ ਦੱਸਿਆ ਕਿ ਜਦੋਂ ਉਹ ਉਥੇ ਪਹੁੰਚੇ ਤਾਂ ਲੋਕ ਬੱਸ ਦੇ ਅੰਦਰੋ ਬਚਾਅ ਕਰਨ ਦੇ ਲਈ ਤਰਲੇ ਮਾਰ ਰਹੇ ਸਨ। ਇਸ ਬੱਸ ਵਿਚ 23 ਚਾਈਨਾ ਮੂਲ ਦੇ ਸਨ ਅਤੇ 4 ਹੋਰ ਵਿਅਕਤੀ ਸਨ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਬਹੁਤ ਜ਼ੋਰ ਦੀ ਹਵਾ ਚੱਲ ਰਹੀ ਸੀ ਅਤੇ ਮੀਂਹ ਵੀ ਪੈ ਰਿਹਾ ਸੀ। ਬੱਸ ਦੀ ਕਿਸੇ ਹੋਰ ਵਾਹਨ ਦੇ ਨਾਲ ਟੱਕਰ ਨਹੀਂ ਹੋਈ ਮੰਨਿਆ ਜਾ ਰਿਹਾ ਹੈ ਕਿ ਬੱਸ ਫਿਸਲ ਕੇ ਸਾਈਡ ਉਤੇ ਚਲੇ ਗਈ ਅਤੇ ਪਲਟ ਗਈ। ਕੁਝ ਰਾਹਗੀਰਾਂ ਨੇ ਸਵਾਰੀਆਂ ਦੀ ਸਹਾਇਤਾ ਵੀ ਕੀਤੀ ਅਤੇ ਫਿਰ ਐਮਰਜੈਂਸੀ ਸਟਾਫ ਨੇ ਆ ਕੇ ਮੌਕੇ ਉਤੇ ਨਿਯੰਤਰਣ ਕਰ ਲਿਆ ਅਤੇ ਲੋਕਾਂ ਨੂੰ ਪਰ੍ਹੇ ਕਰ ਦਿੱਤਾ। ਜ਼ਖਮੀਆਂ ਨੂੰ ਲਾਗੇ ਦੇ ਸ਼ਹਿਰਾਂ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਪੰਜ ਹੈਲੀਕਾਪਟਰਾਂ ਅਤੇ ਕਈ ਐਂਬੂਲੈਂਸ ਸੇਵਾਵਾਂ ਦੀ ਵਰਤੋਂ ਕੀਤੀ ਗਈ। ਇਸ ਦੁਰਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਡ੍ਰਾਈਵਰ ਬਚ ਗਿਆ ਹੈ ਅਤੇ ਸੱਟਾਂ ਲੱਗੀਆਂ ਹਨ ਅਜੇ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਲਗਾਇਆ ਗਿਆ।

Install Punjabi Akhbar App

Install
×