ਦੇਸ਼ ਦੀ ਇੱਕ ਹੋਰ ਕੰਸਟ੍ਰਕਸ਼ਨ ਕੰਪਨੀ ਹੋਈ ਢਹਿ-ਢੇਰੀ: 1200 ਤੋਂ ਜ਼ਿਆਦਾ ਨੌਕਰੀਆਂ ਖੁੱਸਣ ਦੀ ਆਸ਼ੰਕਾ

ਦੇਸ਼ ਦੀ ਇੱਕ ਹੋਰ ਨਾਮੀ ਕੰਸਟ੍ਰਕਸ਼ਨ ਕੰਪਨੀ (ਕਲੱਫ) ਜੋ ਕਿ ਪਰਥ ਤੋਂ ਹੈ, ਦੇ ਢਹਿ-ਢੇਰੀ ਹੋ ਜਾਣ ਕਾਰਨ ਘੱਟੋ ਘੱਟ 1200 ਨੌਕਰੀਆਂ ਦਾ ਵਜੂਦ ਖ਼ਤਰੇ ਵਿੱਚ ਪੈ ਗਿਆ ਹੈ। ਇਸੇ ਕਾਰਨ 6 ਬਿਲੀਅਨ ਡਾਲਰਾਂ ਵਾਲਾ ਸਨੋਈ 2.0 ਹਾਈਡ੍ਰੋਪਾਵਰ ਪ੍ਰੋਜੈਕਟ ਉਪਰ ਵੀ ਖਾਸਾ ਮਾੜਾ ਅਸਰ ਪੈਣ ਦੇ ਆਸਾਰ ਦਿਖਾਈ ਦੇ ਰਹੇ ਹਨ।
ਇਹ ਕੰਪਨੀ, ਦੇਸ਼ ਦੇ ਬਹੁਤ ਸਾਰੇ ਵੱਡੇ ਅਤੇ ਮੁੱਢਲੇ ਪ੍ਰਾਜੈਕਟਾਂ ਵਿੱਚ ਕੰਮ ਕਰ ਰਹੀ ਸੀ ਜਿਨ੍ਹਾਂ ਵਿੱਚ ਹਾਈਡ੍ਰੋਪਾਵਰ, ਅਨਰਜੀ, ਟ੍ਰਾਂਸਪੋਰਟੇਸ਼ਨ ਅਤੇ ਮਾਈਨਿੰਗ ਆਦਿ ਸ਼ਾਮਿਲ ਹਨ। ਇਨ੍ਹਾਂ ਸਭ ਉਪਰ ਹੀ ਇਸ ਅਸਰ ਪੈਣਾ ਵਾਜਿਬ ਹੈ।
ਇਸ ਕੰਪਨੀ ਦੇ ਧਾਰਾਸ਼ਾਹੀ ਹੋਣ ਦਾ ਮੁੱਖ ਕਾਰਨ, ਇਨ੍ਹਾਂ ਦੇ ਇੱਕ ਹਿੱਸੇਦਾਰ (ਇਟਲੀ ਦੀ ਕੰਪਨੀ ਵੀਬਿਲਡ) ਦੇ ਘਾਟੇ ਵਿੱਚ ਜਾਣਾ ਹੀ ਦੱਸਿਆ ਜਾ ਰਿਹਾ ਹੈ। ਕਲੱਫ਼ ਕੰਪਨੀ ਦਾ ਹੁਣ ਸਾਰਾ ਕਾਰੋਬਾਰ ਡਿਲੋਆਇਟ ਕੰਪਨੀ ਵੱਲੋਂ ਹੁਣ ਦੇਖਿਆ ਜਾਵੇਗਾ ਅਤੇ ਇਸ ਨੂੰ ਹੁਣੇ ਤੋਂ ਹੀ ਲਾਗੂ ਕਰ ਦਿੱਤਾ ਗਿਆ ਹੈ।
ਕਲੱਫ਼ ਕੰਪਨੀ ਵਿੱਚ ਆਸਟ੍ਰੇਲੀਆ ਦੇ 1250 ਕਰਮਚਾਰੀ ਅਤੇ ਅਧਿਕਾਰੀ ਹਨ ਜਦੋਂ ਕਿ ਇੰਨੀ ਮਾਤਰਾ ਵਿੱਚ ਹੀ ਹੋਰ ਦੇਸ਼ਾਂ ਤੋਂ ਵੀ ਕਰਮਚਾਰੀ ਇਸ ਕੰਪਨੀ ਵਿੱਚ ਕੰਮ ਕਰਦੇ ਹਨ ਅਤੇ ਹਾਲ ਦੀ ਘੜੀ ਸਭ ਦੀ ਨੌਕਰੀ ਖ਼ਤਰੇ ਵਿੱਚ ਪਈ ਹੋਈ ਹੈ।
ਅਜਿਹੇ ਹਾਲਾਤਾਂ ਉਪਰ ਪੰਛੀ ਝਾਤ ਮਾਰਿਆਂ ਇਹੋ ਪਤਾ ਲੱਗਦਾ ਹੈ ਕਿ ਜਦੋਂ ਦਾ ਕਰੋਨਾ ਕਾਲ਼ ਸ਼ੁਰੂ ਹੋਇਆ ਹੈ, ਬਹੁਤ ਸਾਰੀਆਂ ਕੰਸਟ੍ਰਕਸ਼ਨ ਕੰਪਨੀਆਂ -ਕਾਮਿਆਂ ਦੀ ਘਾਟ ਅਤੇ ਮਟੀਰੀਅਲ ਦੀਆਂ ਵਧਦੀਆਂ ਕੀਮਤਾਂ ਕਾਰਨ ਬਹੁਤ ਜ਼ਿਆਦਾ ਬੋਝਲ ਹੋ ਚੁਕੀਆਂ ਹਨ ਅਤੇ ਲਗਾਤਾਰ ਹੋ ਵੀ ਰਹੀਆਂ ਹਨ।