
ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕੰਸਟੈਂਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਡ੍ਰਾਇਵਿੰਗ ਲਸੰਸ ਦੇਣ ਦੇ ਆਪਣੇ ਪ੍ਰੋਗਰਾਮ ਵਿੱਚ ਇਜ਼ਾਫ਼ਾ ਕਰਨ ਵਾਸਤੇ 20 ਮਿਲੀਅਨ ਦਾ ਵਾਧੂ ਬਜਟ ਪੇਸ਼ ਕੀਤਾ ਹੈ ਜਿਸ ਦੇ ਤਹਿਤ 10,000 ਤੋਂ ਵੀ ਜ਼ਿਆਦਾ ਅਜਿਹੇ ਲੋਕਾਂ ਨੂੰ ਡ੍ਰਾਇਵਿੰਗ ਲਸੰਸ ਦਿੱਤੇ ਜਾਣਗੇ ਜੋ ਕਿ ਡ੍ਰਾਇਵਿੰਗ ਦੇ ਚਾਹਵਾਨ ਹਨ ਅਤੇ ਇਨ੍ਹਾਂ ਵਿੱਚ ਐਬੋਰਿਜਨਲ, ਬੇਰੌਜ਼ਗਾਰ ਨੌਜਵਾਨ ਅਤੇ ਬਾਹਰਲੇ ਦੇਸ਼ਾਂ ਤੋਂ ਆਏ ਹੋਏ ਸ਼ਰਣਾਰਥੀ ਵੀ ਸ਼ਾਮਿਲ ਹੋਣਗੇ ਅਤੇ ਇਸ ਲਸੰਸ ਦੇ ਜ਼ਰੀਏ ਆਪਣੀ ਜ਼ਿੰਦਗੀ ਅਤੇ ਰਹਿਣ ਸਹਿਣ ਦੇ ਤਰੀਕਿਆਂ ਨੂੰ ਬਦਲਣ ਦਾ ਮੌਕਾ ਉਨ੍ਹਾਂ ਨੂੰ ਪ੍ਰਦਾਨ ਕੀਤਾ ਜਾਵੇਗਾ। ਇਸ ਦੇ ਨਾਲ ਸਿੱਖਿਆ, ਰੌਜ਼ਗਾਰ, ਸਿਖਲਾਈ ਅਤੇ ਮੈਡੀਕਲ ਟ੍ਰੀਟਮੈਂਟ ਆਦਿ ਦੇ ਖੇਤਰਾਂ ਵਿੱਚ ਨਵੇਂ ਪੈਮਾਨੇ ਖੁਲ੍ਹੱਣਗੇ ਅਤੇ ਲੋਕਾਂ ਨੂੰ ਇਸ ਦਾ ਸਿੱਧਾ ਲਾਭ ਪ੍ਰਾਪਤ ਹੋਵੇਗਾ। ਵੈਸੇ ਜਦੋਂ ਦਾ ਸਾਲ 2015 ਵਿੱਚ ਇਹ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ 4,500 ਤੋਂ ਵੀ ਵੱਧ ਲੋਕਾਂ ਨੂੰ ਡ੍ਰਾਇਵਿੰਗ ਲਸੰਸ ਸਿਖਿਆਰਥੀਆਂ ਦੇ ਤੌਰ ਤੇ ਦਿੱਤੇ ਗਏ ਸਨ ਅਤੇ 3,000 ਤੋਂ ਵੱਧ ਲੋਕਾਂ ਨੂੰ ਪ੍ਰੋਵੀਜ਼ਨਲ (ਆਰਜ਼ੀ) ਲਸੰਸ ਦਿੱਤੇ ਗਏ ਸਨ।

ਹੁਣ ਇਸ ਪ੍ਰੋਗਰਾਮ ਦੇ ਤਹਿਤ ਜੀ.ਐਲ.ਐਸ. (Graduated Licensing Scheme) ਵਿੱਚ ਜਾਣ ਦੀ ਸਹੂਲਤ ਦਿੱਤੀ ਗਈ ਹੈ ਅਤੇ ਹੁਣ ਇੱਕ ਸਿਖਿਆਰਥੀ 120 ਘੰਟਿਆਂ ਦੀ ਆਪਣੀ ਟ੍ਰੇਨਿੰਗ ਦੌਰਾਨ ਸਹੀ ਸਿਖਲਾਈ ਹਾਸਿਲ ਕਰ ਸਕਦੇ ਹਨ ਅਤੇ ਮੰਤਰੀ ਜੀ ਨੇ ਇਹ ਵੀ ਕਿਹਾ ਕਿ ਸੜਕ ਉਪਰ ਜਿੰਨੀਆਂ ਵੀ ਦੁਰਘਟਨਾਵਾਂ ਵਾਹਨਾ ਕਾਰਨ ਹੁੰਦੀਆਂ ਹਨ ਤਾਂ ਪੜਤਾਲ ਵਿੱਚ ਪਾਇਆ ਇਹੀ ਜਾਂਦਾ ਹੈ ਕਿ ਡ੍ਰਾਇਵਰ ਨੌਸਿਖਿਆ ਸੀ ਅਤੇ ਹੁਣ ਅਜਿਹੀਆਂ ਗਲਤੀਆਂ ਨੂੰ ਦਰੁਸਤ ਕੀਤਾ ਜਾ ਸਕਦਾ ਹੈ। ਇਸ ਲਸੰਸ ਵਾਲੀ ਸਕੀਮ ਦੇ ਤਹਿਤ ਸਾਲ 2000 ਤੋਂ ਅਜਿਹੀਆਂ ਦੁਰਘਟਨਾਵਾਂ ਵਿੱਚ ਕਾਫੀ ਕਮੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਵਾਸਤੇ ਇਸ ਸਕੀਮ ਨੂੰ ਕਾਮਯਾਬ ਮੰਨਿਆ ਜਾ ਰਿਹਾ ਹੈ। ਨਵੀਂ ਸਕੀਮ ਦੇ ਤਹਿਤ ਹੁਣ ਅਜਿਹੀਆਂ ਸਿਖਲਾਈਆਂ ਫੇਅਰਫੀਲਡ, ਲਿਵਰਪੂਲ, ਬੈਂਕਸਟਾਊਨ, ਪੈਰਾਮਾਟਾ, ਹੋਲਰਾਇਡ, ਵੂਲੌਨਗੌਂਗ, ਨਿਊ ਕਾਸਲ, ਕਾਫਸ ਹਾਰਬਰ, ਆਰਮੀਡੇਲ, ਦ ਰਿਵਰੀਨਾ ਅਤੇ ਮੁਰੇ ਖੇਤਰਾਂ ਵਿੱਚ ਚਾਲੂ ਕੀਤੀਆਂ ਜਾ ਰਹੀਆਂ ਹਨ।