ਬੁੱਢੇ ਦਰਿਆ ਦੀ ਵਰਤਮਾਨ ਹਾਲਤ ਪੂਰੇ ਪੰਜਾਬ ਦੇ ਨਿਘਾਰ ਦੀ ਪ੍ਰਤੀਕ ਨਹੀਂ ਸਗੋਂ ਸੂਚਕ (Index) ਹੈ। ਇਸ ਵਿਚ ਵਗਦੀ ਜ਼ਹਿਰ, ਗੰਦਗੀ ਅਤੇ ਬਦਬੂ ਸਾਡੇ ਰਾਜਨੀਤਕ, ਪ੍ਰਸ਼ਾਸਨਿਕ, ਆਰਥਿਕ, ਸੱਭਿਆਚਾਰਕ, ਧਾਰਮਿਕ, ਭਾਈਚਾਰਕ ਅਤੇ ਹੋਰ ਖੇਤਰਾਂ ਵਿਚ ਲਗਾਤਾਰ ਆਏ ਨਿਘਾਰ ਦਾ ਜਮ੍ਹਾਂ ਜੋੜ ਹੈ। ਇਹ ਦਰਿਆ ਸੰਸਾਰ ਨੂੰ ਅਤੇ ਕਾਇਨਾਤ ਨੂੰ ਚੀਖ ਚੀਖ ਕੇ ਦੱਸਦਾ ਹੈ ਕਿ ਸਾਡੀ ਆਰਥਿਕਤਾ ਦੇ ਨਾਲ ਨਾਲ ਸਾਡੀ ਰਾਜਨੀਤੀ, ਪ੍ਰਸ਼ਾਸਨ, ਸੱਭਿਆਚਾਰ, ਇਖ਼ਲਾਕ, ਧਰਮ-ਕਰਮ ਆਦਿ ਕਿਸ ਹੱਦ ਤੱਕ ਨਿੱਘਰ ਗਏ ਹਨ।
ਜੇ ਅਸੀਂ ਸਾਰੇ ਆਪੋ ਆਪਣੇ ਹਿੱਸੇ ਬਹਿੰਦੀ ਜਿੰਮੇਵਾਰੀ ਚੁੱਕ ਕੇ ਇਸ ਨੂੰ ਮੁੜ ਸਾਫ਼ ਵਗਦੇ ਦਰਿਆ ਵਿਚ ਤਬਦੀਲ ਕਰ ਸਕੇ ਤਾਂ ਆਸ ਕੀਤੀ ਜਾ ਸਕੇਗੀ ਕਿ ਅਸੀਂ ਪੰਜਾਬ ਨੂੰ ਪੈਰਾਂ ਸਿਰ ਖੜ੍ਹਾ ਕਰ ਸਕਦੇ ਹਾਂ। ਜੇ ਸਾਥੋਂ ਏਨਾ ਵੀ ਨਾ ਸਰਿਆ ਤਾਂ ਪੰਜਾਬ ਦੀ ਮੁਕੰਮਲ ਸਰੀਰਕ, ਮਾਨਸਿਕ ਅਤੇ ਆਤਮਿਕ ਤਬਾਹੀ ਨੂੰ ਰੱਬ ਵੀ ਨਹੀਂ ਰੋਕ ਸਕਦਾ।
ਜਿਸ ਖਿੱਤੇ ਦੇ ਮਿਹਨਤੀ ਲੋਕ ਅਤੇ ਸਰਮਾਇਆ ਲਗਾਤਾਰ ਬਾਹਰ ਜਾਈ ਜਾ ਰਿਹਾ ਹੋਵੇ ਉਸਦਾ ਵਸਦਾ, ਰਸਦਾ ਅਤੇ ਹੱਸਦਾ ਰਹਿਣਾ ਅਸੰਭਵ ਹੈ।
ਬੁੱਢੇ ਦਰਿਆ ਦੀ ਗੰਦਗੀ ਅਤੇ ਬਦਬੂ ਤੋਂ ਆਜ਼ਾਦੀ ਦੌੜ ਵਿਚ ਸ਼ਾਮਲ ਹੋਣ ਦਾ ਦੂਸਰਾ ਸੱਦਾ, 12 ਅਗਸਤ ਸਵੇਰੇ 6 ਵਜੇ, ਪੁਲ਼ ਨੇੜੇ ਚਾਂਦ ਸਿਨਮਾ, GT ਰੋਡ ਲੁਧਿਆਣਾ।
ਜਸਵੰਤ ਸਿੰਘ ਜ਼ਫ਼ਰ
jaszafar@yahoo.com