‘ਵਾਤਾਵਰਣ ਪ੍ਰੇਮੀਆਂ ਦੇ ਯਤਨਾ ਨੂੰ ਪਿਆ ਬੂਰ’ – ਬੁੱਢਾ ਦਰਿਆ ਦੀ ਸਫਾਈ ਸਬੰਧੀ ਸਪੀਕਰ ਸੰਧਵਾਂ ਵੱਲੋਂ ਵਿਧਾਨ ਸਭਾ ਕਮੇਟੀ ਦਾ ਗਠਨ

ਨਵ-ਨਿਯੁਕਤ ਕਮੇਟੀ ਨੂੰ ਦੇਵਾਂਗੇ ਹਰ ਤਰਾਂ ਦਾ ਸਹਿਯੋਗ : ਚੰਦਬਾਜਾ/ਚਨਾਰਥਲ

(ਫਰੀਦਕੋਟ):- ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ, ਨਰੋਆ ਪੰਜਾਬ ਮੰਚ ਅਤੇ ਪੰਜਾਬ ਵਾਤਾਵਰਣ ਚੇਤਨਾ ਲਹਿਰ ਸਮੇਤ ਪੰਜਾਬ ਦੇ ਭਵਿੱਖ ਲਈ ਚਿੰਤਤ ਵਾਤਾਵਰਣ ਪ੍ਰੇਮੀਆਂ ਦੇ ਯਤਨਾ ਨੂੰ ਉਸ ਵੇਲੇ ਬੂਰ ਪੈਂਦਾ ਦਿਖਾਈ ਦਿੱਤਾ, ਜਦੋਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਬੁੱਢੇ ਨਾਲੇ ਦੇ ਪੁਨਰ-ਸੁਰਜੀਤੀ ਪ੍ਰਾਜੈਕਟ ਨੂੰ ਮਿਸ਼ਨ ਮੋੜ ‘ਤੇ ਪੂਰਾ ਕਰਨ ਦਾ ਐਲਾਨ ਕੀਤਾ। ਗੁਰਪ੍ਰੀਤ ਸਿੰਘ ਚੰਦਬਾਜਾ, ਅਮਿਤੋਜ ਸਿੰਘ ਮਾਨ ਜੂਝਦਾ ਪੰਜਾਬ, ਦੀਪਕ ਸ਼ਰਮਾ ਚਨਾਰਥਲ, ਕਪਿਲ ਅਰੋੜਾ, ਸੋਨੀਆ ਮਾਨ, ਗੁਰਚਰਨ ਸਿੰਘ ਨੂਰਪੁਰ, ਜਸਕੀਰਤ ਸਿੰਘ ਲੁਧਿਆਣਾ, ਊਧਮ ਸਿੰਘ ਔਲਖ ਆਦਿ ਨੇ ਦੱਸਿਆ ਕਿ ਸ੍ਰ ਸੰਧਵਾਂ ਨੇ ਛੇਤੀ ਬੁੱਢੇ ਨਾਲੇ ਨੂੰ ਬੁੱਢਾ ਦਰਿਆ ‘ਚ ਤਬਦੀਲ ਕਰਨ ਲਈ ਵਿਧਾਨ ਸਭਾ ਦੀ ਇਕ ਕਮੇਟੀ ਦਾ ਗਠਨ ਕੀਤਾ ਅਤੇ ਨਾਲ ਹੀ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਸ. ਸੰਧਵਾਂ ਨੇ ਕਿਹਾ ਕਿ ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਬਣੀ 7 ਮੈਂਬਰੀ ਕਮੇਟੀ ਨੂੰ ਬੁੱਢਾ ਨਾਲੇ ਦੀ ਸਫਾਈ ਦੇ ਨਾਲ ਘੱਗਰ ਦਰਿਆ ਦੀ ਸਫਾਈ ਯਕੀਨੀ ਬਣਾਉਣ ਦਾ ਆਦੇਸ਼ ਵੀ ਹੋਵੇਗਾ। ਕਮੇਟੀ ‘ਚ ਵਿਧਾਇਕ ਮਦਨ ਲਾਲ ਬੱਗਾ, ਗੁਰਪ੍ਰੀਤ ਸਿੰਘ ਬਣਾਂਵਾਲੀ, ਬੀਰਇੰਦਰ ਗੋਇਲ, ਕੁਲਵੰਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਇਆਲੀ ਅਤੇ ਸੰਦੀਪ ਜਾਖੜ ਕਮੇਟੀ ਦੇ ਮੈਂਬਰ ਹੋਣਗੇ। ਸ. ਸੰਧਵਾਂ ਨੇ ਵਲੀਪੁਰ, ਗੌਂਸਪੁਰ ਅਤੇ ਹੋਰ ਪਿੰਡਾਂ ‘ਚ ਬੁੱਢੇ ਨਾਲੇ ਦੇ ਨਾਲ-ਨਾਲ ਵੱਖ-ਵੱਖ ਪੁਆਂਇੰਟਾਂ ਦਾ ਨਿਰੀਖਣ ਕਰਦਿਆਂ ਪ੍ਰਦੂਸ਼ਣ ਕਿਸੇ ਵੀ ਰੂਪ ‘ਚ ਮਨੁੱਖਤਾ ਵਿਰੁੱਧ ਅਪਰਾਧ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਮਦਨ ਲਾਲ ਬੱਗਾ, ਜੀਵਨ ਸਿੰਘ ਸੰਗੋਵਾਲ, ਹਰਦੀਪ ਸਿੰਘ ਮੁੰਡੀਆ ਸਮੇਤ ਹੋਰ ਉੱਘੀਆਂ ਸ਼ਖਸ਼ੀਅਤਾਂ ਨਾਲ ਸਪੀਕਰ ਨੇ ਕਿਹਾ ਕਿ ਵਿਧਾਨ ਸਭਾ ਦੀ ਕਮੇਟੀ ਬੁੱਢੇ ਨਾਲੇ ਅਤੇ ਘੱਗਰ ਦਰਿਆ ਦੀ ਸਥਿਤੀ ਦਾ ਬਾਰੀਕੀ ਨਾਲ ਮੁਆਇਨਾ ਕਰੇਗੀ, ਕੰਮਕਾਜ ਅਤੇ ਐੱਸ.ਟੀ.ਪੀਜ. ਦੀ ਸਥਾਪਨਾ ਅਤੇ ਹੋਰ ਪ੍ਰੋਜੈਕਟਾਂ ਦੀ ਸਮੀਖਿਆ ਕਰੇਗੀ, ਦੋਵਾਂ ਜਲ ਧਾਰਾਵਾਂ ਨੂੰ ਮੁੜ ਸੁਰਜੀਤ ਕਰਨ ਲਈ ਆਪਣੀਆਂ ਸਿਫਾਰਸ਼ਾਂ ਸਮੇਤ ਵਿਸਤਰਿਤ ਰਿਪੋਰਟ ਸਰਕਾਰ ਨੂੰ ਸੌਂਪੇਗੀ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਗੰਧਲਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ ਮਿਸਾਲੀ ਸਜਾ ਵੀ ਯਕੀਨੀ ਬਣਾਈ ਜਾਵੇਗੀ। ਸ. ਸੰਧਵਾਂ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (ਪੀ.ਪੀ.ਸੀ.ਬੀ.) ਨੂੰ ਬੁੱਢਾ ਦਰਿਆ ‘ਚ ਭਾਰੀ ਧਾਤਾਂ ਛੱਡਣ ਵਾਲੇ ਉਦਯੋਗਾਂ ਦੀ ਸ਼ਨਾਖਤ ਕਰਨ ਅਤੇ ਇਕ ਮਹੀਨੇ ‘ਚ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ। ਸਪੀਕਰ ਸੰਧਵਾਂ ਨੇ ਬੁੱਢਾ ਦਰਿਆ ਅਤੇ ਘੱਗਰ ਦਰਿਆ ਦੇ ਪੁਨਰ-ਸੁਰਜੀਤੀ ਨੂੰ ਇਕ ਲੋਕ ਲਹਿਰ ਬਣਾਉਣ ਦਾ ਵੀ ਸੱਦਾ ਦਿੰਦਿਆਂ ਕਿਹਾ ਕਿ ਦੋਵੇਂ ਜਲ ਧਾਰਾਵਾਂ ਦੀ ਸਫਾਈ ਲਈ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਮਿਲ ਰਹੇ ਸੁਝਾਵਾਂ ਦਾ ਧਿਆਨ ਨਾਲ ਅਧਿਐਨ ਕੀਤਾ ਜਾਵੇਗਾ। ਬਾਅਦ ਵਿੱਚ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ, ਨਗਰ ਨਿਗਮ ਕਮਿਸ਼ਨਰ ਡਾ. ਸੇਨਾ ਅਗਰਵਾਲ, ਐਸ.ਐਸ.ਪੀ. ਲੁਧਿਆਣਾ ਦਿਹਾਤੀ ਦੀਪਕ ਹਿਲੋਰੀ, ਏ.ਡੀ.ਸੀ. (ਪੇਂਡੂ ਵਿਕਾਸ) ਅਮਿਤ ਕੁਮਾਰ ਪੰਚਾਲ, ਵਧੀਕ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੱਚਲਵਾਲ ਸਮੇਤ ਹੋਰ ਅਧਿਕਾਰੀਆਂ ਨੇ ਬਾਅਦ ‘ਚ ਉਨ੍ਹਾਂ ਨੂੰ 650 ਕਰੋੜ ਰੁਪਏ ਦੇ ਬੁੱਢੇ ਨਾਲੇ ਦੇ ਕਾਇਆਕਲਪ ਪ੍ਰਾਜੈਕਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਜਿੰਦਰ ਸਿੰਘ ਬਰਾੜ, ਜਗਤਾਰ ਸਿੰਘ ਗਿੱਲ, ਗਗਨਜੋਤ ਸਿੰਘ ਬਰਾੜ, ਮਹਿੰਦਰਪਾਲ ਲੂੰਬਾ ਮੋਗਾ, ਜਗਸੀਰ ਸਿੰਘ ਸੰਧਵਾਂ, ਮਨਪ੍ਰੀਤ ਸਿੰਘ ਧਾਲੀਵਾਲ, ਮਨਦੀਪ ਮੌਂਗਾ, ਮੁਖਤਿਆਰ ਸਿੰਘ ਸਨੇਰ, ਸੁਖਦੀਪ ਸਿੰਘ ਜਹਾਂਗੀਰ, ਜਸਵਿੰਦਰ ਸਿੰਘ ਖਾਲਸਾ, ਅਮਰਜੀਤ ਸਿੰਘ ਰਾਜੇਵਾਲ ਆਦਿ ਵੀ ਹਾਜਰ ਸਨ।

Install Punjabi Akhbar App

Install
×