ਦਰਿਆ ਸਤਲੁਜ ‘ਚ ਬੁੱਢੇ ਨਾਲੇ ਦਾ ਪਾਣੀ ਪੈਣਾ ਬੰਦ ਕਰਾਵੇ ਸਰਕਾਰ: ਚੰਦਬਾਜਾ/ਸੰਧਵਾਂ

ਫਰੀਦਕੋਟ :- ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਨਰੋਆ ਪੰਜਾਬ ਮੰਚ ਸਮੇਤ ਸਹਿਯੋਗੀ ਜਥੇਬੰਦੀਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਸਤਲੁਜ ਦਰਿਆ ‘ਚ ਪੈ ਰਹੇ ਬੁੱਢੇ ਨਾਲੇ ਅਤੇ ਜਲੰਧਰ ਦੇ ਪ੍ਰਦੂਸ਼ਿਤ ਪਾਣੀ ਨੂੰ ਰੋਕਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਅੱਜ ਦਰਿਆਵਾਂ ਵਿੱਚ ਸੁੱਟੇ ਜਾ ਰਹੇ ਪ੍ਰਦੂਸ਼ਤ ਪਾਣੀ ਦੇ ਵਿਰੋਧ ਵਿੱਚ ਫਰੀਦਕੋਟ ਨਹਿਰਾਂ ‘ਤੇ ਵੱਖ-ਵੱਖ ਸੰਸਥਾਵਾਂ ਦੇ ਆਗੂ ਸਾਹਿਬਾਨ ਉਕਤ ਰੋਸ ਪ੍ਰਦਰਸ਼ਨ ‘ਚ ਸ਼ਾਮਲ ਹੋਏ। ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਤੇ ਕਨਵੀਨਰ ਨਰੋਆ ਪੰਜਾਬ ਮੰਚ ਅਤੇ ਕੁਲਤਾਰ ਸਿੰਘ ਸੰਧਵਾਂ ਵਿਧਾਇਕ ਕੋਟਕਪੂਰਾ ਸੀਨੀਅਰ ਮੀਤ ਪ੍ਰਧਾਨ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਦੱਸਿਆ ਕਿ ਪੰਜਾਬ ਸਰਕਾਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਕੇਂਦਰੀ ਮੰਤਰੀ, ਲੋਕ ਸਭਾ ਦੇ ਸਪੀਕਰ, ਚੇਅਰਮੈਨ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਪਹੁੰਚ ਕਰਨ ਦੇ ਬਾਵਜੂਦ ਕਾਨੂੰਨੀ ਚੋਰਮੋਰੀਆਂ ਜ਼ਰੀਏ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਿਰੰਤਰ ਜਾਰੀ ਹੈ। ਇਸ ਮੌਕੇ ਸੀਰ ਸੁਸਾਇਟੀ ਦੇ ਆਗੂ ਜਸਵੀਰ ਸਿੰਘ ਅਤੇ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਆਗੂ ਮੱਘਰ ਸਿੰਘ ਨੇ ਕਿਹਾ ਕਿ ਸਰਕਾਰਾਂ ਜ਼ਹਿਰੀਲੇ ਪਾਣੀ ਸਬੰਧੀ ਗੰਭੀਰ ਨਹੀਂ ਹਨ, ਆਉਣ ਵਾਲੀ ਪੀੜ੍ਹੀ ਦੀ ਨਸ਼ਲਕੁਸ਼ੀ ਕੀਤੀ ਜਾ ਰਹੀ ਹੈ। ਜਥੇਬੰਦੀਆਂ ਦੇ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਆਪੋ-ਆਪਣੇ ਐਮਐਲਏ, ਐਮ.ਪੀ. ਜਾਂ ਹਲਕਾ ਇੰਚਾਰਜ ਸਾਹਿਬਾਨਾਂ ਨੂੰ ਇਹ ਜਰੂਰ ਪੁੱਛੋ ਕਿ ਤੁਸੀਂ ਜਹਿਰੀਲੇ ਪਾਣੀ/ਵਾਤਾਵਰਣ ਦੇ ਸੁਧਾਰ ਲਈ ਕਿਉਂ ਨਹੀਂ ਅਵਾਜ਼ ਉਠਾਉਂਦੇ, ਵਾਤਾਵਰਣ ਦੇ ਮੁੱਦੇ ‘ਤੇ ਲੋਕ ਲਹਿਰ ਬਣਾਉਣ ਦੀ ਲਾਮਬੰਦੀ ਕਰਨੀ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਲੋਕ ਗਾਇਕ ਨਿਰਮਲ ਸਿੱਧੂ, ਜਗਤਾਰ ਸਿੰਘ ਗਿੱਲ, ਸੰਦੀਪ ਅਰੋੜਾ, ਜਗਪਾਲ ਸਿੰਘ ਬਰਾੜ, ਮਨਪ੍ਰੀਤ ਲੂੰਬਾ, ਰਵਿੰਦਰ ਸਿੰਘ ਬੁਗਰਾ, ਸ਼ਲਿੰਦਰ ਸਿੰਘ, ਜਤਿੰਦਰ ਕੁਮਾਰ, ਮਨਦੀਪ ਸਿੰਘ ਮੋਰਾਂਵਾਲੀ, ਬੱਬਾ ਸਿੰਘ ਟਹਿਣਾ, ਅਮਰਪਾਲ ਸਿੰਘ ਚੱਢਾ, ਅਮਨਦੀਪ ਸਿੰਘ ਕੋਟਕਪੂਰਾ, ਸਵਰਨ ਸਿੰਘ ਸਰਾਂ, ਅਮਰਦੀਪ ਸਿੰਘ ਹੈਪੀ ਬਰਾੜ, ਕੁਲਦੀਪ ਸਿੰਘ ਮੋਰਾਂਵਾਲੀ, ਹਰਜਿੰਦਰ ਸਿੰਘ, ਹਰਪਾਲ ਸਿੰਘ ਮਚਾਕੀ, ਸ਼ਰਨਜੀਤ ਸਿੰਘ, ਜਗਦੇਵ ਸਿੰਘ ਧੀਮਾਨ, ਦਵਿੰਦਰ ਸਿੰਘ ਸੰਧੂ, ਸੁਖਜੀਤ ਸਿੰਘ, ਦਿਲਬਾਗ ਸਿੰਘ ਆਦਿ ਵੀ ਹਾਜਰ ਸਨ।

Install Punjabi Akhbar App

Install
×