ਨਿਊ ਸਾਊਥ ਵੇਲਜ਼ ਵਿੱਚ ਮਨਾਇਆ ਗਿਆ ‘ਗ੍ਰੈਫਿਟੀ ਰਿਮੂਵਲ ਡੇਅ’: ਸ਼ੇਨ ਫਿਜ਼ੀਮੋਨਜ਼ ਨੂੰ ਕੀਤਾ ਗਿਆ ਸਨਮਾਨਿਤ

ਰਾਜ ਸਰਕਾਰ ਵਿਚ ਮਨਾਏ ਗਏ 2021 ਦੇ ‘ਗ੍ਰੈਫਿਟੀ ਰਿਮੂਵਲ ਡੇਅ’ (ਦੀਵਾਰਾਂ ਉਪਰ ਬਣਾਈਆਂ ਗਈਆਂ ਗੈਰ ਕਾਨੂੰਨੀ ਕਲਾ-ਕ੍ਰਿਤੀਆਂ ਆਦਿ ਨੂੰ ਹਟਾਉਣ ਦੀ ਕਾਰਵਾਈ ਵਾਲਾ ਦਿਹਾੜਾ) ਦੌਰਾਨ ਸਾਬਕਾ ਰੂਰਲ ਫਾਇਰ ਸੇਵਾਵਾਂ (ਆਰ.ਐਫ.ਐਸ.) ਦੇ ਕਮਿਸ਼ਨਰ ਸ਼ੇਨ ਫਿਜ਼ੀਮੋਨਜ਼ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਤੇ ਅਟਰੋਨੀ ਜਨਰਲ ਮਰਕ ਸਪੀਕਸਮੈਨ ਵੱਲੋਂ ਮੰਨੇ ਪ੍ਰਮੰਨੇ ਕਲਾਕਾਰ ਸਿਡ ਤਾਪੀਆ ਵੱਲੋਂ ਐਰਸਕਿਨਵਿਲੇ ਰੇਲਵੇ ਸਟੇਸ਼ਨ ਉਪਰ ਕੀਤੀ ਗਈ ਦਿਵਾਰਾਂ ਦੀ ਪੇਂਟਿਗਾਂ ਦਾ ਵੀ ਉਦਘਾਟਨ ਕੀਤਾ ਗਿਆ ਜਿਸ ਵਿੱਚ ਕਿ ਸ੍ਰੀ ਫਿਜ਼ੀਮੋਨਜ਼ ਦੀ ਰਹਿਨੁਮਾਈ ਦੇ ਅਧੀਨ ਆਰ.ਐਫ.ਐਸ. ਦੇ ਜਨਤਕ ਤੌਰ ਤੇ ਬਚਾਉ ਵਾਲੇ ਕੰਮਾਂ ਨੂੰ ਦਰਸਾਇਆ ਗਿਆ ਹੈ। ਇਸ ਮੌਕੇ ਸਥਾਨਕ ਸਰਕਾਰਾਂ ਦੇ ਮੰਤਰੀ ਸ਼ੈਲੀ ਹੈਂਕਾਕ ਨੇ ਵੀ ਸ਼ਿਰਕਤ ਕੀਤੀ।
ਜ਼ਿਕਰਯੋਗ ਹੈ ਕਿ ਰਾਜ ਸਰਕਾਰ ਵੱਲੋਂ ਹਰ ਸਾਲ ਹੀ ਅਜਿਹੀਆਂ ਗਲੀਆਂ ਦੀਆਂ ਦੀਵਾਰਾਂ ਉਪਰ ਬਣਾਈਆਂ ਗਈਆਂ ਅਣਅਧਿਕਾਰਕ ਕਲਾਕ੍ਰਿਤਿਆਂ ਨੂੰ ਸਾਫ ਕਰਨ ਦਾ ਕੰਮ ਕੀਤਾ ਜਾਂਦਾ ਹੈ ਅਤੇ ਇਸ ਲਈ ਹਰ ਸਾਲ 300 ਮਿਲੀਅਨ ਡਾਲਰਾਂ ਦੇ ਭੁਗਤਾਨ ਕਰਨੇ ਪੈਂਦੇ ਹਨ ਜੋ ਕਿ ਲੋਕਾਂ ਦੇ ਟੈਕਸਾਂ ਵਿੱਚੋਂ ਹੀ ਖਰਚ ਕੀਤੇ ਜਾਂਦੇ ਹਨ ਅਤੇ ਜੇ ਲੋਕ ਅਜਿਹੀਆਂ ਗਤੀਵਿਧੀਆਂ ਉਪਰ ਆਪ ਖੁਦ ਹੀ ਲਗਾਮ ਲਗਾ ਲੈਣ ਤਾਂ ਸਰਕਾਰ ਦੀ ਇਸ ਭਾਰੀ ਭਰਕਮ ਰਕਮ ਦੇ ਖਰਚੇ ਦਾ ਹੋਰ ਪਾਸਿਆਂ ਵੱਲ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਸ੍ਰੀ ਫਿਜ਼ੀਮੋਨਜ਼ ਨੇ ਕਿਹਾ ਕਿ ਇਸ ਮੌਕੇ ਤੇ ਵਲੰਟੀਅਰਾਂ ਵੱਲੋਂ ਅਜਿਹੀ ਸੇਵਾ ਨਿਭਾਈ ਜਾਂਦੀ ਹੈ ਤਾਂ ਜੋ ਵੱਡੀਆਂ ਵੱਡੀਆਂ ਦਿਵਾਰਾਂ ਉਪਰ ਬਣਾਈਆਂ ਗਈਆਂ ਅਜਿਹੀਆਂ ਪੇਂਟਿੰਗਾਂ ਨੂੰ ਸਾਫ ਕੀਤਾ ਜਾ ਸਕੇ। ਇਸ ਦਿਹਾੜੇ ਦੇ ਆਯੋਜਕ ਅਤੇ ਚੇਅਰਮੈਨ ਬੋਬ ਏਟਕਨ ਨੇ ਕਿਹਾ ਕਿ ਇਸ ਸਾਲ 3,000 ਵਲੰਟੀਅਰਾਂ ਵੱਲੋਂ ਇਹ ਸੇਵਾ ਨਿਭਾਏ ਜਾਣ ਦੀ ਉਮੀਦ ਹੈ ਅਤੇ ਇਸ ਅਧੀਨ ਘੱਟੋ ਘੱਟ ਵੀ 600 ਅਜਿਹੀਆਂ ਥਾਵਾਂ ਉਪਰੋਂ ਅਜਿਹੀਆਂ ਪੇਂਟਿੰਗਾਂ ਸਾਫ ਕੀਤੀਆਂ ਜਾਣਗੀਆਂ ਜੋ ਕਿ ਗੈਰ ਕਾਨੂੰਨੀ ਅਤੇ ਅਣ-ਅਧਿਕਾਰਕ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਲ 2012 ਤੋਂ ਹੁਣ ਤੱਕ ਇਸ ਕੰਮ ਵਿੱਚ ਜੁੜੇ ਹੋਏ ਵਲੰਟੀਅਰ 141,000 ਵਰਗ ਮੀਟਰ ਵਿੱਚ ਸਾਫ ਸਫਾਈ ਦਾ ਕੰਮ ਕਰ ਚੁਕੇ ਹਨ ਅਤੇ ਇਸ ਨਾਲ ਭਾਈਚਾਰਕ ਪੈਸੇ ਦਾ 10.4 ਮਿਲੀਅਨ ਡਾਲਰਾਂ ਦੀ ਬਚਤ ਕੀਤੀ ਗਈ ਹੈ। ਲੋਕ ਇਸ ਅਭਿਆਨ ਵਿੱਚ ਹਿੱਸਾ ਲੈਣ ਵਾਸਤੇ www.graffitiremovalday.org.au ਉਪਰ ਵਿਜ਼ਿਟ ਕਰਕੇ ਆਪਣਾ ਨਾਮਾਂਕਣ ਕਰ ਸਕਦੇ ਹਨ।