
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਾਬਕਾ ਲਿਬਰਲ ਪਾਰਟੀ ਦੀ ਇੱਕ ਸਟਾਫ ਮੈਂਬਰ ਬ੍ਰਿਟਨੀ ਹਿੰਗਿਜ਼ ਆਪਣੇ ਨਾਲ ਹੋਏ ਸਰੀਰਕ ਸ਼ੋਸ਼ਣ ਦੇ ਮਾਮਲਾ ਦੀ ਹੁਣ ਪੁਲਿਸ ਪੜਤਾਲ ਨੂੰ ਅੱਗੇ ਤੋਰੇਗੀ ਅਤੇ ਇਸ ਮਾਮਲੇ ਦੀ ਸ਼ਿਕਾਇਤ ਹੁਣ ਉਹ ਵਿੱਤ ਵਿਭਾਗ ਨੂੰ ਵੀ ਕਰਨ ਜਾ ਰਹੀ ਹੈ ਜੋ ਕਿ ਮਹਿਲਾਵਾਂ ਪ੍ਰਤੀ ਕੰਮ ਵਾਲੀਆਂ ਥਾਵਾਂ ਉਪਰ ਹੋਏ ਅਜਿਹੇ ਮਾਮਲਿਆਂ ਦੀ ਪੜਤਾਲ ਕਰਦਾ ਹੈ। ਬ੍ਰਿਟਨੀ ਹਿੰਗਿਜ਼ ਵੱਲੋਂ ਬਿਆਨ ਕਰਦਿਆਂ ਦੱਸਿਆ ਗਿਆ ਕਿ ਅਸਲ ਵਿੱਚ ਇਹ ਵਾਕਿਆ ਮਾਰਚ 2019 ਦਾ ਹੈ ਜਦੋਂ ਉਹ 24 ਸਾਲਾਂ ਦੀ ਸੀ ਅਤੇ ਪਾਰਲੀਮੈਂਟ ਹਾਊਸ (ਕੈਨਬਰਾ) ਵਿਖੇ ਸਰਕਾਰੀ ਨੌਕਰੀ ਵਿੱਚ ਸੀ ਅਤੇ ਡਿਫੈਂਸ ਇੰਡਸਟ੍ਰੀ ਮੰਤਰੀ ਲਿੰਡਾ ਰੇਨੋਲਡਜ਼ ਦੇ ਦਫ਼ਤਰ ਦੇ ਅੰਦਰ ਉਸਦੇ ਇੱਕ ਸਹਿਯੋਗੀ ਕਰਮਚਾਰੀ ਵੱਲੋਂ ਉਸ ਨਾਲ ਸਰੀਰਕ ਸ਼ੋਸ਼ਣ ਦੀ ਵਾਰਦਾਤ ਕੀਤੀ ਗਈ ਸੀ। ਉਸ ਵੇਲੇ ਉਹ ਚੁੱਪ ਰਹਿ ਗਈ ਅਤੇ ਕੋਈ ਪੁਲਿਸ ਸ਼ਿਕਾਇਤ ਦਰਜ ਨਹੀਂ ਕਰਵਾਈ, ਪਰੰਤੂ ਉਸਨੇ ਆਪਣੀ ਉਸ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਹੁਣ ਇਸ ਵਾਕਿਆ ਦੀ ਪੁਲਿਸ ਵਿੱਚ ਬਾਕਾਇਦਾ ਸ਼ਿਕਾਇਤ ਕੀਤੀ ਹੈ ਅਤੇ ਇਸ ਦੀ ਪੁਲਿਸ ਪੜਤਾਲ ਕਰਨ ਦੀ ਵੀ ਮੰਗ ਕੀਤੀ ਹੈ। ਬਹੁਤ ਸਾਰੇ ਨੇਤਾਵਾਂ ਜਿਨ੍ਹਾਂ ਵਿੱਚ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੀ ਸ਼ਾਮਿਲ ਹਨ, ਨੇ ਬ੍ਰਿਟਨੀ ਹਿੰਗਿਜ਼ ਨਾਲ ਪਾਰਲੀਮੈਂਟ ਹਾਊਸ ਵਿੱਚ ਹੋਏ ਇਸ ਘਿਨੌਣੇ ਕੰਮ ਦੀ ਨਿੰਦਾ ਕੀਤੀ ਹੈ ਅਤੇ ਮਾਮਲੇ ਦੀ ਪੂਰਨ ਪੜਤਾਲ ਦਾ ਭਰੋਸ ਵੀ ਜਤਾਇਆ ਹੈ।