ਜਗਰਾਜ ਸਿੰਘ ਸਰਾਂ ਨੂੰ ਵੱਕਾਰੀ ਸਨਮਾਨ “ਬ੍ਰਿਟਿਸ਼ ਐਂਪਾਇਰ ਮੈਡਲ” ਮਿਲਣ ਦਾ ਐਲਾਨ 

ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਊਥਾਲ ਵਿਖੇ ਨਤਮਸਤਕ ਹੋਣ ‘ਤੇ ਕੀਤਾ ਸਨਮਾਨਿਤ 

ਗਲਾਸਗੋ/ ਲੰਡਨ – ਸੰਨ 2006 ਤੋਂ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਯੂਕੇ ਰਾਹੀਂ ਸਮਾਜ ਸੇਵਾ ਕਾਰਜਾਂ ਨੂੰ ਪ੍ਰਣਾਏ ਜਗਰਾਜ ਸਿੰਘ ਸਰਾਂ ਨੂੰ ਬਰਤਾਨਵੀ ਸ਼ਾਹੀ ਪਰਿਵਾਰ ਵੱਲੋਂ ਵੱਕਾਰੀ ਸਨਮਾਨ “ਬ੍ਰਿਟਿਸ਼ ਐਂਪਾਇਰ ਮੈਡਲ” ਦੇਣ ਦਾ ਐਲਾਨ ਹੋਣ ਨਾਲ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਜਗਰਾਜ ਸਿੰਘ ਸਰਾਂ ਨੂੰ ਵਧਾਈਆਂ ਦੇਣ ਵਾਲਿਆਂ ‘ਚ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਐਲਾਨ ਉਪਰੰਤ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਊਥਾਲ ਵਿਖੇ ਪ੍ਰਧਾਨ ਹਿੰਮਤ ਸਿੰਘ ਸੋਹੀ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਜਗਰਾਜ ਸਿੰਘ ਸਰਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਕਮੇਟੀ ਅਤੇ ਸੰਗਤ ਦਾ ਧੰਨਵਾਦ ਕਰਦਿਆਂ ਜਗਰਾਜ ਸਿੰਘ ਸਰਾਂ ਨੇ ਕਿਹਾ ਕਿ ਨਵਾਂ ਸਾਲ ਸਾਰੀ ਦੁਨੀਆਂ ਲਈ ਖੁਸ਼ੀਆਂ ਲੈ ਕੇ ਆਵੇ ਅਤੇ ਮਨੁੱਖਤਾ ਕੁਦਰਤ ਨਾਲ ਇੱਕ ਹੋ ਕੇ ਰਹੇ। ਉਹਨਾਂ ਪਿੰਗਲਵਾੜਾ ਸੰਸਥਾ ਨਾਲ ਜੁੜਣ ਲਈ ਵੀ ਸੰਗਤਾਂ ਦਾ ਧੰਨਵਾਦ ਕੀਤਾ। ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ 17 ਸਾਲਾਂ ਦੀ ਸੇਵਾ ਘਾਲਣਾ ਬਦਲੇ ਮਿਲਿਆ ਇਹ ਸਨਮਾਨ ਉਹ ਆਪਣੇ ਮਾਤਾ ਪਿਤਾ, ਪਿੰਗਲਵਾੜਾ ਸੰਸਥਾ ਦੇ ਮੌਜੂਦਾ ਮੁੱਖ ਸੇਵਾਦਾਰ ਬੀਬੀ ਡਾ: ਇੰਦਰਜੀਤ ਕੌਰ ਜੀ ਅਤੇ ਸਮੂਹ ਸਾਥੀਆਂ ਅਤੇ ਸੰਗਤਾਂ ਨੂੰ ਸਮਰਪਿਤ ਕਰਦਾ ਹਾਂ, ਜਿਹਨਾਂ ਨੇ ਹਰ ਸਮੇਂ ਸਾਥ ਦਿੱਤਾ ਹੈ। ਜਿਕਰਯੋਗ ਹੈ 1978 ਵਿੱਚ ਜ਼ਿਲ੍ਹਾ ਮੋਗਾ ਦੇ ਪਿੰਡ ਮੰਡੀਰਾਂ ਵਾਲਾ ਤੋਂ ਇੰਗਲੈਂਡ ਆ ਵਸੇ ਜਗਰਾਜ ਸਿੰਘ ਸਰਾਂ ਹੀਥਰੋ ਇਸਟੇਟ ਨਾਮ ਦੇ ਕਾਰੋਬਾਰ ਦੇ ਕਰਤਾ ਧਰਤਾ ਹਨ। 2006 ਤੋਂ ਸੇਵਾ ਕਾਰਜ ਕਰਦਿਆਂ ਉਹਨਾਂ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਯੂਕੇ ਨੂੰ 2018 ‘ਚ ਚੈਰਿਟੀ ਦੇ ਤੌਰ ‘ਤੇ ਰਜਿਸਟਰਡ ਕਰਵਾਇਆ। ਮਾਨਵ ਸੇਵਾ ਦੇ ਦੂਜੇ ਨਾਮ ਵਜੋਂ ਜਾਣੇ ਜਾਂਦੇ ਭਗਤ ਪੂਰਨ ਸਿੰਘ ਜੀ ਅਤੇ ਡਾ: ਇੰਦਰਜੀਤ ਕੌਰ ਜੀ ਦੀ ਸਖਸ਼ੀਅਤ ਤੋਂ ਬੇਹੱਦ ਪ੍ਰਭਾਵਿਤ ਜਗਰਾਜ ਸਿੰਘ ਸਰਾਂ ਰਹਿੰਦੇ ਜੀਵਨ ਦਾ ਹਰ ਸਾਹ ਮਾਨਵਤਾ ਲੇਖੇ ਲਾਉਣਾ ਲੋਚਦੇ ਹਨ। ਉਹਨਾਂ ਇਸ ਸਨਮਾਨ ਲਈ ਨਾਮਜ਼ਦ ਹੋਣ ‘ਤੇ ਜਿੱਥੇ ਬਰਤਾਨਵੀ ਸ਼ਾਹੀ ਪਰਿਵਾਰ ਦਾ ਧੰਨਵਾਦ ਕੀਤਾ ਹੈ, ਉੱਥੇ ਸੁਸਾਇਟੀ ਦੇ ਸਮੂਹ ਮੈਂਬਰਾਨ ਅਤੇ ਸਹਿਯੋਗੀਆਂ ਨੂੰ ਵੀ ਹਾਰਦਿਕ ਵਧਾਈ ਪੇਸ਼ ਕੀਤੀ ਹੈ।