ਯੂ.ਕੇ. ਨੇ ਬੁਲਾਈ ਆਰਮੀ…. ਲੋਕਾਂ ਨੂੰ ਕਿਹਾ ਘਰ ‘ਚ ਰਹੋ

(ਐਸ.ਬੀ.ਐਸ.) ਇੰਗਲੈਂਡ ਦੀ ਸਰਕਾਰ ਨੇ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਆਰਮੀ ਬੁਲਾ ਲਈ ਗਈ ਹੈ ਅਤੇ ਜੇ ਤੁਸੀਂ ਘਰਾਂ ਵਿੱਚ ਰਹਿਣ ਦੀ ਗੱਲ ਨਾ ਮੰਨੀ ਤਾਂ ਇਸਦੇ ਬੁਰੇ ਨਤੀਜੇ ਵੀ ਭੁਗਤਣੇ ਪੈ ਸਕਦੇ ਹਨ -ਇਸ ਲਈ ਸਾਰਿਆਂ ਵਾਸਤੇ ਠੀਕ ਗੱਲ ਇਹੀ ਹੈ ਕਿ ਆਪਣੇ ਆਪਣੇ ਘਰਾਂ ਵਿੱਚ ਹੀ ਰਹੋ ਅਤੇ ਕਰੋਨਾ ਤੋਂ ਬਚਾਉ ਕਰੋ। ਬ੍ਰਿਟਿਸ਼ ਆਰਮੀ ਨੂੰ ਹਸਪਤਾਲਾਂ ਵਿੱਚ ਵੀ ਤਾਇਨਾਤ ਕੀਤਾ ਗਿਆ ਹੈ ਅਤੇ ਆਰਮੀ ਸਾਰਿਆਂ ਨੂੰ ਜ਼ਰੂਰੀ ਵਸਤੂਆਂ ਪਹੁੰਚਾਉਣ ਦਾ ਕੰਮ ਜੰਗੀ ਪੱਧਰ ਉਪਰ ਕਰ ਰਹੀ ਹੈ। ਹਾਲੇ ਤੱਕ ਇੰਗਲੈਂਡ ਅੰਦਰ 281 ਲੋਕਾਂ ਦੀਆਂ ਜਾਨਾਂ ਕਰੋਨਾ ਨੇ ਲੈ ਲਈਆਂ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਵੱਲੋਂ ਇਹ ਸ਼ਿਕਾਇਤ ਲਗਾਤਾਰ ਕੀਤੀ ਜਾ ਰਹੀ ਹੈ ਕਿ ਉਨਾ੍ਹਂ ਕੋਲ ਜ਼ਰੂਰੀ ਸੁਰੱਖਿਆ ਸਬੰਧੀ ਸਾਮਾਨ ਦੀ ਭਾਰੀ ਕਮੀ ਹੈ ਅਤੇ ਉਹ ਆਪਣੇ ਆਪ ਨੂੰ ਅਜਿਹੇ ਜੋਖਿਮ ਭਰੇ ਕੰਮ ਵਿੱਚ ਮਹਿਫੂਜ਼ ਮਹਿਸੂਸ ਨਹੀਂ ਕਰ ਰਹੇ। ਕਰੀਬ 6000 ਮੂਹਰਲੀ ਕਤਾਰ ਵਿੱਚ ਕੰਮ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਨਾ੍ਹਂ ਕੋਲ ਜਿਹੜੇ ਮਾਸਕ ਹਨ ਉਹ ਵੀ ਆਊਟ ਡੇਟਿਡ ਹੋ ਚੁਕੇ ਹਨ ਅਤੇ ਸਪਲਾਈ ਵੀ ਘੱਟ ਹੀ ਹੋ ਰਹੀ ਹੈ। ਦਰਅਸਲ ਬੀਤੇ ਐਤਵਾਰ ਨੂੰ ਲੋਕ ਆਪਣੇ ਘਰਾਂ ਤੋਂ ਬਾਹਰ ਧੁੱਪ ਸੇਕਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਆ ਗਏ ਸਨ ਅਤੇ ਇਸ ਨੂੰ ਰੋਕਣ ਵਾਸਤੇ ਬ੍ਰਿਟਿਸ਼ ਆਰਮੀ ਦਾ ਸਹਾਰਾ ਲਿਆ ਜਾ ਰਿਹਾ ਹੈ।