ਬ੍ਰਿਸਬੇਨ ਵਿਚਲਾ ਲਾਕਡਾਊਨ ਅੱਜ ਸ਼ਾਤ ਤੋਂ ਖਤਮ ਪਰੰਤੂ ਅਗਲੇ 10 ਦਿਨਾਂ ਲਈ ਫੇਸ ਮਾਸਕ ਜ਼ਰੂਰੀ -ਪ੍ਰੀਮੀਅਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੁਈਨਜ਼ਲੈਂਡ ਦੇ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਅਹਿਮ ਜਾਣਕਾਰੀ ਵਿੱਚ ਦੱਸਿਆ ਹੈ ਕਿ ਪਹਿਲਾਂ ਤੋਂ ਬਣਾਏ ਗਏ ਨਿਯਮਾਂ ਮੁਤਾਬਿਕ ਅੱਜ ਸ਼ਾਮ 6 ਵਜੇ ਤੋਂ ਬ੍ਰਿਸਬੇਨ (ਲੋਗਾਨ, ਇਪਸਵਿਚ, ਮੋਰੇਟਨ ਬੇਅ ਅਤੇ ਰੈਡਲੈਂਡਜ਼) ਅੰਦਰ ਲਗਾਇਆ ਗਿਆ 3 ਦਿਨਾਂ ਦਾ ਲਾਕਡਾਊਨ ਖ਼ਤਮ ਕਰ ਦਿੱਤਾ ਜਾਵੇਗਾ ਪਰੰਤੂ ਅਗਲੇ 10 ਦਿਨਾਂ ਲਈ ਲੋਕਾਂ ਲਈ ਹਦਾਇਤਾਂ ਹਨ ਕਿ ਉਹ ਆਪਣੇ ਘਰਾਂ ਤੋਂ ਬਾਹਰ ਫੇਸ ਮਾਸਕ ਲਗਾਏ ਬਿਨਾਂ ਨਾ ਨਿਕਲਣ। ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਦਾਂ ਤੁਸੀਂ ਲਾਕਡਾਊਨ ਦੌਰਾਨ ਅਨੁਸ਼ਾਸਨ ਬਣਾ ਕੇ ਰੱਖਿਆ ਹੈ ਉਦਾਂ ਹੀ ਹੁਣ ਅਗਲੇ 10 ਦਿਨਾਂ ਲਈ ਫੇਸ ਮਾਸਕ ਵਾਲੇ ਨਿਯਮਾਂ ਵਿੱਚ ਵੀ ਪਾਲਣਾ ਕਰੋ ਅਤੇ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਪਣੇ ਆਪ ਨੂੰ ਇਸ ਕਰੋਨਾ ਦੇ ਨਵੇਂ ਸੰਸਕਰਣ ਤੋਂ ਵੀ ਮੁਕਤ ਕਰ ਲਵਾਂਗੇ। ਉਨ੍ਹਾਂ ਇਹ ਵੀ ਕਿਹਾ ਬੇਸ਼ੱਕ ਇਹ ਨਵਾਂ ਕਰੋਨਾ ਦਾ ਸੰਸਕਰਣ ਬੀਤੇ 2 ਜਨਵਰੀ ਤੋਂ ਹੀ ਪਨਪ ਰਿਹਾ ਹੈ ਪਰੰਤੂ ਲੋਕਾਂ ਦੇ ਸਹਿਯੋਗ ਅਤੇ ਨਿਯਮਾਂ ਦੀ ਪਾਲਣਾ ਕਾਰਨ ਇਸਦਾ ਕੋਈ ਵੀ ਨਵਾਂ ਮਾਮਲਾ ਹਾਲੇ ਤੱਕ ਦਰਜ ਨਹੀਂ ਹੋਇਆ। ਅਗਲੇ 10 ਦਿਨਾਂ ਲਈ ਸੁਪਰਮਾਰਕਿਟਾਂ, ਦੁਕਾਨਾਂ, ਚਾਰ ਦਿਵਾਰੀ ਦੇ ਅੰਦਰਵਾਰ ਦੀਆਂ ਮਾਰਕਿਟਾਂ, ਹਸਪਤਾਲ, ਏਜਡ ਕੇਅਰ ਸੈਂਟਰ, ਪੂਜਾ ਅਰਚਨਾ ਦੀਆਂ ਥਾਵਾਂ, ਲਾਇਬ੍ਰੇਰੀਆਂ, ਅੰਦਰਵਾਰ ਦੀਆਂ ਮਨੋਰੰਜਨ ਦੀਆਂ ਥਾਵਾਂ ਜਿਵੇਂ ਕਿ ਸਿਨੇਮਾ ਅਤੇ ਥਿਏਟਰ ਜਾਂ ਆਰਟ ਗੈਲਰੀਆਂ ਅਤੇ ਜਿਮ ਆਦਿ ਸਭ ਜਨਤਕ ਥਾਵਾਂ ਉਪਰ ਮਾਸਕ ਪਹਿਨਣਾ ਜ਼ਰੂਰੀ ਹੈ। ਪ੍ਰੀਮੀਅਰ ਨੇ ਲੋਕਾਂ ਨੂੰ ਹਮੇਸ਼ਾ ਆਪਣੇ ਕੋਲ ਮਾਸਕ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਿੱਥੇ ਕਿਤੇ ਵੀ ਸੋਸ਼ਲ ਦੂਰੀ ਘੱਟਦੀ ਦਿਖਾਈ ਦੇਵੇ ਤਾਂ ਤੁਰੰਤ ਤੁਸੀਂ ਆਪਣਾ ਮਾਸਕ ਆਪਣੇ ਮੂੰਹ ਤੇ ਪਹਿਨ ਲਵੋ।

Install Punjabi Akhbar App

Install
×