2020-21 ਲਈ ਦਲਜੀਤ ਸਿੰਘ ਪ੍ਰਧਾਨ ਅਤੇ ਸੁਰਿੰਦਰਪਾਲ ਸਿੰਘ ਖੁਰਦ ਉੱਪ-ਪ੍ਰਧਾਨ ਨਿਯੁਕਤ

(ਬ੍ਰਿਸਬੇਨ) ਇੱਥੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ ਦੇ ਅਹੁਦੇਦਾਰਾਂ ਵੱਲੋਂ ਆਪਣੀ ਸਲਾਨਾ ਬੈਠਕ ਵਿਚ ਬੀਤੇ ਵਰ੍ਹੇ ਦੀਆਂ ਗਤੀਵਿਧੀਆਂ ਅਤੇ ਸਲਾਹ ਮਸ਼ਵਰੇ ਉਪਰੰਤ ਪ੍ਰੈੱਸ ਕਲੱਬ ਦੀ ਸਰਬਸੰਮਤੀ ਨਾਲ 2020-21 ਲਈ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਦਲਜੀਤ ਸਿੰਘ ਪ੍ਰਧਾਨ, ਸੁਰਿੰਦਰਪਾਲ ਸਿੰਘ ਖੁਰਦ ਉੱਪ ਪ੍ਰਧਾਨ, ਜਗਜੀਤ ਸਿੰਘ ਖੋਸਾ ਜਨਰਲ ਸਕੱਤਰ, ਹਰਜੀਤ ਲਸਾੜਾ ਪ੍ਰੈੱਸ ਸਕੱਤਰ, ਗੁਰਵਿੰਦਰ ਰੰਧਾਵਾ ਖ਼ਜ਼ਾਨਚੀ, ਹਰਪ੍ਰੀਤ ਸਿੰਘ ਕੋਹਲੀ ਮੁੱਖ ਅਤੇ ਕਨੂੰਨੀ ਸਲਾਹਕਾਰ ਅਤੇ ਨਵੇਂ ਮੈਂਬਰਾਂ ‘ਚ ਟਿੱਪਣੀਕਾਰ ਅਜੇਪਾਲ ਸਿੰਘ ਤੇ ਦੇਵ ਸਿੱਧੂ ਦੀ ਨਿਯੁਕਤੀ ਕੀਤੀ ਗਈ। ਸੰਸਥਾ ਦੇ ਨਵੇਂ ਨਿਯੁਕਤ ਪ੍ਰਧਾਨ ਦਲਜੀਤ ਸਿੰਘ ਨੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂਹ ਮੈਂਬਰਾਨ ਦੇ ਸਹਿਯੋਗ ਨਾਲ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ ਅਤੇ ਲੋਕਾਈ ਦੀ ਆਵਾਜ਼ ਬਣ ਕੇ ਹਮੇਸ਼ਾ ਹੀ ਉਸਾਰੂ ਅਤੇ ਨਿਰਪੱਖਤਾ ਦੇ ਨਾਲ ਯਤਨਸ਼ੀਲ ਰਹਿਣਗੇ। ਕਲੱਬ ਦੀ ਨਵੀਂ ਕਮੇਟੀ ਦੇ ਸਮੂਹ ਅਹੁਦੇਦਾਰਾਂ ਵੱਲੋਂ ਸਾਬਕਾ ਪ੍ਰਧਾਨ ਜਗਜੀਤ ਸਿੰਘ ਖੋਸਾ ਵੱਲੋਂ ਨਿਭਾਈਆਂ ਗਈਆਂ ਆਪਣੀਆਂ ਸੇਵਾਵਾਂ ਲਈ ਵਿਸ਼ੇਸ ਧੰਨਵਾਦ ਵੀ ਕੀਤਾ ਗਿਆ। ਸੰਸਥਾ ਵਿਚ ਨਵੀਂ ਹਾਜ਼ਰੀ ਅਜੇਪਾਲ ਸਿੰਘ ਤੇ ਦੇਵ ਸਿੱਧੂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ ਪਿਛਲੇ ਚਾਰ ਵਰ੍ਹਿਆਂ ਤੋਂ ਮਿਆਰੀ ਪੱਤਰਕਾਰਤਾ ਲਈ ਕਾਰਜਸ਼ੀਲ ਪੰਜਾਬੀ ਪ੍ਰੈੱਸ ਕਲੱਬ ਦੀ ਇਸ ਤੋਂ ਪਹਿਲਾਂ ਪ੍ਰਧਾਨਗੀ ਹਰਜੀਤ ਲਸਾੜਾ, ਹਰਪ੍ਰੀਤ ਸਿੰਘ ਕੋਹਲੀ ਅਤੇ ਸੁਰਿੰਦਰਪਾਲ ਸਿੰਘ ਖੁਰਦ ਬਾਖੂਬੀ ਨਾਲ ਨਿਭਾ ਚੁੱਕੇ ਹਨ।