
(ਬ੍ਰਿਸਬੇਨ) ਇੱਥੇ ਗਲੋਬਲ ਇੰਸਟੀਟਿਊਟ ਵਿਖੇ ਪੰਜਾਬੀ ਭਾਸ਼ਾ ਅਤੇ ਪਸਾਰ ਲਈ ਕਾਰਜਸ਼ੀਲ ਸੰਸਥਾ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਆਯੋਜਿਤ ਕਵੀ ਦਰਬਾਰ ਵਿੱਚ ਨਾਮਵਰ ਗੀਤਕਾਰ ਤੇ ਸ਼ਾਇਰ ਕਰਨੈਲ ਸਿੰਘ ਮਾਂਗਟ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਪਾਠਕਾਂ ਦੇ ਸਨਮੁੱਖ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਦੋ ਸਾਲ ਪੂਰੇ ਹੋਣ ਅਤੇ ਆਉਂਦੇ ਸਾਲ ਲਈ ਨਵੀਂ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਗਈ। ਮਸ਼ਹੂਰ ਗ਼ਜ਼ਲਗੋ ਅਤੇ ਨਵੇਂ ਚੁਣੇ ਗਏ ਸਹਾਇਕ ਸੈਕਟਰੀ ਜਸਵੰਤ ਵਾਗਲਾ ਵੱਲੋਂ ਕਰਨੈਲ ਸਿੰਘ ਮਾਂਗਟ ਦੇ ਸਾਹਤਿਕ ਤਜ਼ਰਬਿਆਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਗਿਆ। ਮਸ਼ਹੂਰ ਗੀਤਕਾਰ ਨਿਰਮਲ ਸਿੰਘ ਦਿਓਲ ਨੇ ਕਿਹਾ ਕਿ ਚੰਗੀ ਕਵਿਤਾ ਹਮੇਸ਼ਾਂ ਸਰਾਹੀ ਜਾਂਦੀ ਹੈ। ਗੀਤਕਾਰ ਰੱਤੂ ਰੰਧਾਵਾ ਦੇ ਗੀਤਾਂ ਨੂੰ ਸਲਾਹਿਆ ਗਿਆ। ਨਵੀਂ ਕਮੇਟੀ ‘ਚ ਮੀਡੀਆ ਸਲਾਹਕਾਰ ਵਰਿੰਦਰ ਅਲੀਸ਼ੇਰ ਅਤੇ ਜਨਰਲ ਸੈਕਟਰੀ ਪਰਮਿੰਦਰ ਸਿੰਘ ਹਰਮਨ ਅਨੁਸਾਰ ਇਸ ਸਕੂਲ ਰੂਪੀ ਸੰਸਥਾ ਵਿੱਚ ਹਰ ਉਮਰ ਵਰਗ ਦਾ ਸਵਾਗਤ ਹੈ। ਸਭਾ ਵੱਲੋਂ ਨਵੇਂ ਚੁਣੇ ਗਏ ਪ੍ਰਧਾਨ ਦਲਜੀਤ ਸਿੰਘ ਅਤੇ ਉੱਪ ਪ੍ਰਧਾਨ ਰੀਤਿਕਾ ਅਹੀਰ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਗੁਰਵਿੰਦਰ ਸਿੰਘ ਨੂੰ ਸਲਾਹਕਾਰ ਅਤੇ ਹਰਮਨਦੀਪ ਗਿੱਲ ਨੂੰ ਖਜ਼ਾਨਚੀ ਲਈ ਚੁਣਿਆ ਗਿਆ। ਗੌਰਤਲਬ ਹੈ ਕਿ ਸਾਰੀ ਨਵੀਂ ਕਮੇਟੀ ਮੈਂਬਰਾਂ ਦੀਆਂ ਵੋਟਾਂ ਦੇ ਆਧਾਰ ‘ਤੇ ਚੁਣੀ ਗਈ। ਮੰਚ ਸੰਚਾਲਕ ਰਿਤੀਕਾ ਅਹੀਰ ਵੱਲੋਂ ਕੀਤਾ ਗਿਆ।