2032 ਦੀਆਂ ਓਲੰਪਿਕ ਖੇਡਾਂ ਵਾਸਤੇ ਬ੍ਰਿਸਬੇਨ ਮੇਜ਼ਬਾਨੀ ਲਈ ਨਾਮਜ਼ਦ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਓਲੰਪਿਕ ਮੁਖੀ ਜੋਹਨ ਕੋਟਸ ਅਤੇ ਕੁਈਨਜ਼ਲੈਂਡ ਦੇ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੜੇ ਮਾਣ ਦੀ ਗੱਲ ਹੈ ਕਿ 2032 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਵਾਸਤੇ ਬ੍ਰਿਸਬੇਨ ਦਾ ਨਾਮ ਚੁਣਿਆ ਗਿਆ ਹੈ। ਸ੍ਰੀ ਜੋਹਨ ਕੋਟਸ ਨੇ ਕਿਹਾ ਕਿ ਓਲੰਪਿਕ ਅਤੇ ਪੈਰਾ-ਓਲੰਪਿਕ ਖੇਡਾਂ ਨੂੰ ਮੁੜ ਤੋਂ ਆਸਟ੍ਰੇਲੀਆ ਵਿੱਚ ਲਿਆਉਣ ਦੀਆਂ ਕਵਾਇਦਾਂ ਜਾਰੀ ਹਨ ਅਤੇ 2032 ਦੀ ਵਾਰੀ ਲਈ ਕੁਈਨਜ਼ਲੈਂਡ ਦਾ ਨਾਮ, ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਵੱਲੋਂ ਇੱਕ ਮੀਟਿੰਗ ਦੌਰਾਨ ਚੁਣਿਆ ਗਿਆ ਹੈ। ਵੈਸੇ ਇਸ ਤੋਂ ਪਹਿਲਾਂ ਬੁਡਾਪੈਸਟ, ਇਸਤਾਨਬੁਲ ਅਤੇ ਦੋਹਾ ਆਦਿ ਦੇਸ਼ਾਂ ਦੇ ਨਾਮ ਵੀ 2032 ਦੀ ਮੇਜ਼ਬਾਨੀ ਲਈ ਆਏ ਸਨ ਪਰੰਤੂ ਕਮੇਟੀ ਨੇ ਬ੍ਰਿਸਬੇਨ ਨੂੰ ਮਹੱਤਤਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਬ੍ਰਿਸਬੇਨ ਵਾਸਤੇ ਕੁਈਨਜ਼ਲੈਂਡ ਸਰਕਾਰ ਨੂੰ ਕੁੱਝ ਉਪਚਾਰਿਕਤਾਵਾਂ ਪੂਰੀਆਂ ਕਰਨੀਆਂ ਪੈਣਗੀਆਂ ਅਤੇ ਜੇਕਰ ਇਹ ਕੰਮ ਜੁਲਾਈ ਵਿਚਲੀਆਂ ਟੋਕੀਓ ਓਲੰਪਿਕ ਤੋਂ ਪਹਿਲਾਂ ਪਹਿਲਾਂ ਹੋ ਜਾਵੇ ਤਾਂ ਫੇਰ ਇਸ ਦੀ ਉਪਚਾਰਿਕ ਘੋਸ਼ਣਾ ਵੀ ਕਰ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਆਸਟ੍ਰੇਲੀਆ ਨੂੰ ਪਹਿਲਾਂ 1956 ਵਿਚ ਮਿਲੀ ਸੀ ਜਦੋਂ ਕਿ ਮੈਲਬੋਰਨ ਅੰਦਰ ਇਹ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਸੰਨ 2000 ਵਿੱਚ ਸਿਡਨੀ ਵਿਖੇ ਓਲੰਪਿਕ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ।
ਉਕਤ ਖੇਡਾਂ ਵਾਸਤੇ ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ 2.5 ਬਿਲੀਅਨ ਦਾ ਫੰਡ ਮੁਹੱਈਆ ਕਰਵਾਉਣ ਦਾ ਵਾਅਦਾ ਕਰਦੀ ਹੈ ਅਤੇ ਬਾਕੀ ਦਾ ਖਰਚਾ ਸਪਾਂਸਰਸ਼ਿਪਾਂ ਅਤੇ ਟਿਕਟਾਂ ਆਦਿ ਤੋਂ ਪੂਰਾ ਕੀਤਾ ਜਾਂਦਾ ਹੈ। ਕੁਈਨਜ਼ਲੈਂਡ ਵਿਚਲੇ ਤਕਰੀਬਨ 90% ਖੇਡਾਂ ਦੇ ਸਥਾਨ ਤਾਂ ਮਾਨਤਾਵਾਂ ਉਪਰ ਪੂਰਾ ਉਤਰਦੇ ਹਨ ਪਰੰਤੂ 10% ਅਜਿਹੇ ਵੀ ਹਨ ਜਿਨ੍ਹਾਂ ਨੂੰ ਅਗਲੇ 11 ਸਾਲਾਂ ਦੌਰਾਨ ਦਰੁਸਤ ਕਰਕੇ ਓਲੰਪਿਕ ਖੇਡਾਂ ਦੇ ਲਾਇਕ ਬਣਾ ਲਿਆ ਜਾਵੇਗਾ। ਇਸ ਵਾਸਤੇ ਬ੍ਰਿਸਬੇਨ ਓਲੰਪਿਕ ਸਟੇਡੀਅਮ ਵਿੱਚ 50,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਜਿਸਨੂੰ ਕਿ ਸਮਾਰੋਹਾਂ ਅਤੇ ਅਥਲੈਟਿਕਸ ਵਾਸਤੇ ਵਰਤਿਆ ਜਾਵੇਗਾ; ਬ੍ਰਿਸਬੇਨ ਇਨਡੋਰ ਸਪੋਰਟਸ ਸੈਂਟਰ ਜਿੱਥੇ ਕਿ 15,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ -ਵਿਖੇ ਬਾਸਕਟਬਾਲ ਖੇਡੀ ਜਾਵੇਗੀ; ਬ੍ਰਿਸਬੇਨ ਐਰੀਨਾ (15,000 ਲੋਕਾਂ ਦੇ ਬੈਠਣ ਦੀ ਸਮਰੱਥਾ) ਵਿਖੇ ਸਵਿਮਿੰਗ ਅਤੇ ਵਾਟਰ ਪੋਲੋ ਆਦਿ ਖੇਡਾਂ ਦੀਆਂ ਪ੍ਰਤੀਯੋਗਿਤਾਵਾਂ ਹੋਣਗੀਆਂ।

Install Punjabi Akhbar App

Install
×