ਬ੍ਰਿਸਬੇਨ ਸਿਟੀ ਕੌਂਸਲ ਦੇ ਬੱਸ ਆਪ੍ਰੇਟਰਾਂ ਵੱਲੋਂ ਪਹਿਲੀ ਪਾਤਸ਼ਾਹੀ ਨੂੰ ਸਮਰਪਿਤ ਲੰਗਰ ਲਗਾਇਆ

(ਬੱਸ ਆਪ੍ਰੇਟਰ ਲੰਗਰ ਦੀ ਸੇਵਾ ਕਰਦੇ ਹੋਏ)

ਬ੍ਰਿਸਬੇਨ, 7 ਨਵੰਬਰ — ਦੁਨੀਆਂ ਭਰ ਵਿਚ ਜਿੱਥੇ ਹਰ ਪਾਸੇ ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਬਹੁਤ ਹੀ ਧੂਮ-ਧਾਮ ਨਾਲ ਆਯੋਜਿਤ ਕੀਤੇ ਜਾ ਰਹੇ ਹਨ, ਉਥੇ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਵੀ ਪੰਜਾਬੀ ਅਤੇ ਹੋਰ ਭਾਈਚਾਰਿਆਂ ਨਾਲ ਸਬੰਧਿਤ ਬਿ੍ਸਬੇਨ ਸਿਟੀ ਕੌਂਸਲ ਦੇ ਬੱਸ (ਆਪ੍ਰੇਟਰਾਂ) ਵਲੋਂ ਵਰਜੀਨੀਆ ਅਤੇ ਈਗਲ ਫਾਰਮ ਬੱਸ ਡਿੱਪੂਆਂ ਵਿਖੇ ਗੁਰਦੁਆਰਾ ਸਾਹਿਬ ਸ਼੍ਰੀ ਸਿੰਘ ਸਭਾ ਟਾਇਗਮ ਜੀ ਦੇ ਸਹਿਯੋਗ ਦੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਅਰਦਾਸ ਕਰਨ ਉਪਰੰਤ ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਗਿਆ।ਇਸ ਮੌਕੇ ਤੇ ਸੇਵਾਦਾਰਾਂ ਵੱਲੋਂ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਵੰਡ ਕੇ ਛੱਕੋ, ਸੱਚਾ-ਸੁੱਚਾ ਜੀਵਨ ਜਿਊਣ ਤੇ ਗੁਰੂ ਸਾਹਿਬ ਵਲੋ ਚਲਾਈ ਗਈ ਲੰਗਰ ਪ੍ਰਥਾ, ਅਧਿਆਤਮਕ ਜੀਵਨ ਫ਼ਲਸਫੇ, ਸਿੱਖਿਆਵਾ ਅਤੇ ਗੌਰਵਮਈ ਕੁਰਬਾਨੀਆ ਭਰੇ ਸਿੱਖ ਇਤਿਹਾਸ ਦੀ ਮੌਲਿਕਤਾ ਅਤੇ ਵਿਲੱਖਣਤਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਪਤਵੰਤਿਆਂ ਨੇ ਆਪਣੇ-ਆਪਣੇ ਸੰਬੋਧਨ ’ਚ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਹੋਏ ਮਾਰਗ ਤੇ ਚੱਲ ਕੇ ਸਾਂਝੀਵਾਲਤਾ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਅਜਿਹੇ ਕਾਰਜ ਕਰਨ ਨਾਲ ਵਿਦੇਸ਼ਾ ਵਿਚ ਵੱਸਦੇ ਬਹੁ-ਸੱਭਿਅਕ ਸਮਾਜ ਵਿਚ ਭਾਈਚਾਰਿਕ ਏਕਤਾ ਤੇ ਮਿਲਵਰਤਣ ਦੇ ਨਾਲ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ, ਜੋ ਕਿ ਅਜੋਕੇ ਦੌਰ ਵਿਚ ਬਹੁਤ ਹੀ ਜਰੂਰੀ ਹੈ।ਇਸ ਮੌਕੇ ਤੇ ਸਥਾਨਕ ਬਿ੍ਸਬੇਨ ਟਰਾਂਸਪੋਰਟ ਬੱਸ ਡਿੱਪੂਆ ਦੇ ਨੁਮਾਇੰਦਿਆ ਤੇ ਬੱਸ ਆਪ੍ਰੇਟਰਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ।