ਜੰਮੂ ਦੀ ਸੰਗਤ ਨੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਯਾਦ ਵਿਚ ਕਰਵਾਇਆ ਖੇਡ ਮੇਲਾ

ਜੰਮੂ ਦੀ ਸਿੱਖ ਸੰਗਤ ਵਲੋਂ ਪੁੰਛ ਦੇ ਰਾਖੇ ਬ੍ਰਿਗੇਡੀਅਰ ਪ੍ਰੀਤਮ ਸਿੰਘ ‘ਸ਼ੇਰ ਬੱਚਾ’ ਦੀ ਯਾਦ ਵਿਚ 5 ਦਿਨਾ ਖੇਡ ਮੇਲਾ ਆਯੋਜਿਤ ਕਰਵਾਇਆ ਗਿਆ ਜਿਸ ਵਿਚ ਕਰੋਨਾ ਪਾਬੰਦੀਆਂ ਦੇ ਬਾਵਜੂਦ ਵੀ ਹਜਾਰਾਂ ਖਿਡਾਰੀਆਂ ਨੇ ਵੱਖ ਵੱਖ ਖੇਡ ਮੁਕਾਬਲਿਆਂ ਵਿਚ ਭਾਗ ਲਿਆ। ਇਥੇ ਇਹ ਵਰਨਣਯੋਗ ਹੈ ਕਿ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੇ 1947 ਦੀ ਦੇਸ਼ ਵੰਡ ਤੋਂ ਬਾਅਦ ਪਾਕਿਸਤਾਨ ਵਲੋਂ ਪੁੰਛ ਸ਼ਹਿਰ ਅਤੇ ਇਲਾਕੇ ‘ਤੇ ਜਬਰੀ ਕਬਜਾ ਕਰਨ ਲਈ ਫੌਜ ਅਤੇ ਕਬਾਇਲੀਆਂ ਵਲੋਂ ਮਿਲਕੇ ਹਮਲੇ ਕੀਤੇ ਗਏ ਸਨ। ਪੁੰਛ ਵਿਚ ਘੁਸ ਆਏ ਹਜਾਰਾਂ ਪਾਕਿਸਤਾਨੀ ਘੁਸਪੈਠੀਆਂ ਨੂੰ ਇਸ ਖਿੱਤੇ ਵਿਚੋਂ ਬਾਹਰ ਕੱਢਣ ਲਈ ਅਤੇ ਪੁੰਛ ਵਿਚ ਫਸੇ 40 ਹਜਾਰ ਵਿਆਕਤੀਆਂ ਦੀ ਜਾਨ ਬਚਾਉਣ ਲਈ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੇ ਲਗਭਗ 1 ਸਾਲ ਤੱਕ ਲੜਾਈ ਲੜੀ ਅਤੇ ਪੁੰਛ ਦੇ ਹਜਾਰਾਂ ਲੋਕਾਂ ਦੇ ਨਾਲ ਨਾਲ ਪੁੰਛ ਖਿੱਤਾ ਪਾਕਿਸਤਾਨ ਦੇ ਕਬਜੇ ਵਿਚ ਜਾਣ ਤੋਂ ਬਚਾਇਆ ਸੀ।
ਜੰਮੂ ਦੇ ਲੋਕ ਦੱਸਦੇ ਹਨ ਕਿ ਭਾਵੇਂ ਉਸ ਯੋਧੇ ਪ੍ਰਤੀ ਸਤਿਕਾਰ ਜੰਮੂ ਕਸ਼ਮੀਰ ਦੇ ਹਰੇਕ ਸ਼ਖਸ਼ ਦੇ ਮਨ ਵਿਚ ਹੈ ਪਰ ਓਸ ਹੀਰੋਂ ਦੀ ਯਾਦ ਵਿਚ ਖੇਡਾਂ ਦਾ ਉਪਰਾਲਾ 74 ਸਾਲਾਂ ਵਿਚ ਪਹਿਲੀ ਵਾਰ ਹੋਇਆ ਹੈ। ਇਸ ਵਾਰ ਦੇ ਸਫਲ ਖੇਡ ਮੇਲੇ ਉਪਰੰਤ ਪ੍ਰਬੰਧਕ ਬਿਰਗੇਡੀਅਰ ਪ੍ਰੀਤਮ ਸਿੰਘ ਦੀ ਯਾਦ ਵਿਚ ਹਰ ਸਾਲ ਖੇਡ ਮੇਲਾ ਵਿਉਂਤਣ ਲਈ ਉਤਸ਼ਾਹਤ ਹੋਏ ਹਨ। ਇਸ ਵਾਰ ਦੇ ਪਲੇਠੇ ਖੇਡ ਮੇਲੇ ਵਿਚ ਬ੍ਰਿਗੇਡੀਅਰ ਸਾਹਬ ਨਾਲ ਰਹੇ ਸੈਂਕੜੇ ਬਜੁਰਗ ਵੀ ਸ਼ਾਮਲ ਹੋਏ ਜਿਨਹਾਂ ਵਿਚ 1947 ਦੀ ਵੰਡ ਆਪਣੇ ਪਿੰਡੇ ‘ਤੇ ਹੰਢਾਉਣ ਵਾਲੇ ਬਾਬਾ ਹਾੜਾ ਸਿੰਘ ਨੂੰ ਉਚੇਚੇ ਤੌਰ ‘ਤੇ ਮਾਣ ਸਤਿਕਾਰ ਦਿੱਤਾ ਗਿਆ। ਇਸ ਮੌਕੇ ਬ੍ਰਿਗੇਡੀਅਰ ਪ੍ਰੀਤਮ ਸਿੰਘ ‘ਤੇ ਦਸਤਾਵੇਜੀ ਫ਼ਿਲਮ ‘ਦ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਨਿਰਮਾਤਾ ਸ. ਕਰਨਵੀਰ ਸਿੰਘ ਸਿਵੀਆ ਅਤੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਕੱਟੂ ਸਮੇਤ ਸੇਵਾਮੁਕਤ ਫੌਜੀ ਅਫਸਰ ਬ੍ਰਿਗੇਡੀਅਰ ਹਰਚਰਨ ਸਿੰਘ, ਕਮਾਂਡਰ ਜਗਬੀਰ ਸਿੰਘ ਅਤੇ ਪਰਮਵੀਰ ਚੱਕਰ ਵਿਜੇਤਾ ਕੈਪਟਨ ਬਾਨਾ ਸਿੰਘ ਵੀ ਉਚੇਚੇ ਤੌਰ ‘ਤੇ ਸ਼ਾਮਲ ਹੋਏ।
ਖੇਡ ਮੁਕਾਬਲਿਆਂ ਵਿਚ ਖੋ-ਖੋ ਅਤੇ ਕਬੱਡੀ (ਨੈਸ਼ਨਲ ਸਟਾਇਲ) ਵਿਚ ਮੀਰਾ ਸਾਹਿਬ ਕਲੱਬ ਜੰਮੂ ਜੇਤੂ ਰਹੀਆਂ ਜਦਕਿ ਮੱਖਨਪੁਰ ਕਲੱਬ ਅਤੇ ਬ੍ਰਿਜ ਨਗਰ ਕਲੱਬ ਕ੍ਰਮਵਾਰ ਰਨਰ ਅਪ ਰਹੀਆਂ। ਕ੍ਰਿਕਟ ਮੁਕਾਬਲੇ ਵਿਚ ਸਿੰਬਲ ਕੈਂਪ ਜੇਤੂ ਅਤੇ ਆਰ.ਐਸ.ਪੁਰਾ ਟੀਮ ਰਨਰ ਅਪ ਰਹੀ। ਫੁੱਟਬਾਲ ਵਿਚ ਐਮ.ਐਮ. ਐਸ. ਕਲੱਬ ਜੇਤੂ ਅਤੇ ਗੋਲ ਗੁਲਜ਼ਾਰ ਕੈਂਪ ਦੀ ਟੀਮ ਰਨਰ ਅਪ ਰਹੀ। ਵਾਲੀਬਾਲ ਮੁਕਾਬਲੇ ਵਿਚ ਲਕਸ਼ਮੀ ਕਲੱਬ ਜੇਤੂ ਅਤੇ ਪ੍ਰੀਵਰਤਨ ਕਲੱਬ ਰਨਰ ਅਪ ਰਹੀ। ਇਸੇ ਤਰ੍ਹਾਂ ਬੈਡਮਿੰਟਨ ਮੁਕਾਬਲੇ ਵਿਚ ਜਸਪ੍ਰੀਤ ਸਿੰਘ ਫਸਟ ਅਤੇ ਸਮਰਪ੍ਰੀਤ ਸਿੰਘ ਸੈਕਿੰਡ ਰਿਹਾ। ਸ਼ਾਟ ਪੁੱਟ ਮੁਕਾਬਲੇ ਵਿਚ ਨੌਜਵਾਨ ਰੌਕੀ ਸਿੰਘ ਨੇ 31 ਮੀਟਰ ਗੋਲਾ ਸੁੱਟ ਕੇ ਪਹਿਲਾ ਸਥਾਨ ਹਾਸਲ ਕੀਤਾ ਇਸ ਮੁਕਾਬਲੇ ਵਿਚ ਦੂਜਾ ਸਥਾਨ ਹਰਮੀਤ ਸਿੰਘ ਨੇ ਮੱਲਿਆ। ਇਸਦੇ ਨਾਲ ਔਰਤਾਂ ਅਤੇ ਬੱਚਿਆਂ ਦੇ ਮਨੋਰੰਜਕ ਮੁਕਾਬਲੇ ਵੀ ਰੌਚਕ ਰਹੇ। ਆਏ ਮਹਿਮਾਨਾਂ ਅਤੇ ਮੇਜਬਾਨਾਂ ਨੇ ਜੇਤੂ ਟੀਮਾਂ ਨੁੰ ਸੁੰਦਰ ਟਰਾਫੀਆਂ ਨਾਲ ਸਨਮਾਨਿਆ।
ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਬ੍ਰਿਗੇਡੀਅਰ ਪ੍ਰੀਤਮ ਸਿੰਘ ਬਾਰੇ ਫਿਲਮ ਦੇਖਦਿਆਂ ਭਾਵੁਕ ਹੋਣੋਂ ਨਾ ਰਹਿ ਸਕੇ। ਸਮੂਹ ਪ੍ਰਬੰਧਕਾਂ ਵਲੋਂ ਬੀਤੇ ਸਮੇਂ ਦੇ ਸਿੱਖ ਨਾਇਕਾਂ ਦੀਆਂ ਕੁਰਬਾਨੀਆਂ ਅਤੇ ਉਨਹਾਂ ਵਲੋਂ ਦੇਸ਼-ਕੌਮ ਸੇਵਾ ਵਿਚ ਪਾਏ ਯੋਗਦਾਨ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਉਪਰਾਲੇ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾ ਵਲੋਂ ਪੁੱਜੀਆਂ ਪ੍ਰਮੁੱਖ ਸਖਸ਼ੀਅਤਾਂ ਨੁੰ ਸਨਮਾਨਿਤ ਵੀ ਕੀਤਾ ਗਿਆ। ਦਸਤਾਵੇਜੀ ਫਿਲਮ ਟੀਮ ਦਾ ਵੀ ਪੂਰਾ ਸਨਮਾਨ ਕੀਤਾ ਗਿਆ ਜਿਸ ਲਈ ਕਰਨਵੀਰ ਸਿੰਘ ਸਿਵੀਆ ਨੇ ਜੰਮੂ ਦੀ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਬ੍ਰਿਗੇਡੀਅਰ ਪ੍ਰੀਤਮ ਸਿੰਘ ਯਾਦਗਾਰੀ ਖੇਡ ਮੇਲਾ ਸਚਮੁੱਚ ਯਾਦਗਾਰੀ ਹੋ ਨਿੱਬੜਿਆ।

(ਪਰਮਜੀਤ ਸਿੰਘ ਬਾਗੜੀਆ) +91 98147 65705
paramjit.bagrria@gmail.com

Install Punjabi Akhbar App

Install
×