
ਗਲਾਸਗੋ/ਲੰਡਨ — ਯੂਕੇ ਅੰਤਰਰਾਸ਼ਟਰੀ ਪੱਧਰ ‘ਤੇ ਵਪਾਰਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਸਾਰਥਿਕ ਕਦਮ ਪੁੱਟ ਰਿਹਾ ਹੈ। ਇਸੇ ਲੜੀ ਤਹਿਤ ਬ੍ਰਿਟੇਨ ਅਤੇ ਕੈਨੇਡਾ ਨੇ ਬ੍ਰੈਕਸਿਟ ਤਬਦੀਲੀ ਦੀ ਮਿਆਦ ਖਤਮ ਹੋਣ ਤੋਂ ਬਾਅਦ ਮੌਜੂਦਾ ਯੂਰਪੀਅਨ ਸਮਝੌਤੇ ਵਾਂਗ ਹੀ ਸ਼ਰਤਾਂ ਤਹਿਤ ਵਪਾਰ ਜਾਰੀ ਰੱਖਣ ਲਈ ਸਹਿਮਤੀ ਕੀਤੀ ਹੈ। ਕੰਜ਼ਰਵੇਟਿਵ ਸਰਕਾਰ ਅਨੁਸਾਰ ਇਸ ਸਮਝੌਤੇ ਨਾਲ ਅਗਲੇ ਸਾਲ ਕੈਨੇਡਾ ਨਾਲ ਇੱਕ ਨਵੇਂ ਵਿਆਪਕ ਸੌਦੇ ਉੱਤੇ ਗੱਲਬਾਤ ਸ਼ੁਰੂ ਹੋਣ ਦਾ ਰਾਹ ਪੱਧਰਾ ਹੋਇਆ ਹੈ। ਲੇਬਰ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਕਿ ਸਾਲ ਦੇ ਅੰਤ ਤੋਂ ਪਹਿਲਾਂ ਹੋਰ ਪ੍ਰਮੁੱਖ ਵਪਾਰਕ ਸਹਿਯੋਗੀਆਂ ਨਾਲ ਪ੍ਰਬੰਧਾਂ ਨੂੰ ਸੁਰੱਖਿਅਤ ਕੀਤਾ ਜਾਵੇ। ਯੂਕੇ ਦੇ ਅੰਤਰ ਰਾਸ਼ਟਰੀ ਵਪਾਰ ਵਿਭਾਗ (ਡੀ ਆਈ ਟੀ) ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਬੋਰਿਸ ਜੌਹਨਸਨ ਅਤੇ ਉਸ ਦੇ ਕੈਨੇਡੀਅਨ ਹਮਰੁਤਬਾ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਇੱਕ ਵੀਡੀਓ ਕਾਲ ਰਾਹੀਂ ਸਿਧਾਂਤਕ ਤੌਰ ‘ਤੇ ਇਹ ਸਮਝੌਤਾ ਕੀਤਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮਝੋਤੇ ਸੰਬੰਧੀ ਅਗਲੇ ਸਾਲ ਦੇ ਅਰੰਭ ਤੋਂ ਕੰਮ ਸ਼ੁਰੂ ਹੋਵੇਗਾ ਜੋ ਕਿ ਕੈਨੇਡਾ ਨਾਲ ਵਪਾਰਿਕ ਪੱਧਰ ‘ਤੇ ਦੇਸ਼ ਦੀ ਆਰਥਿਕਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਾਇਕ ਹੋਵੇਗਾ।ਇਹ ਨਵਾਂ ਸਮਝੌਤਾ ਲਗਭੱਗ ਸੱਤ ਸਾਲਾਂ ਦੀ ਲੰਮੀ ਗੱਲਬਾਤ ਦੇ ਬਾਅਦ ਸਿਰੇ ਚੜ੍ਹਿਆ ਹੈ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸਦਾ ਸਵਾਗਤ ਕੀਤਾ ਹੈ।