ਨਿਊ ਸਾਊਥ ਵੇਲਜ਼ ਵਿੱਚ ਆਈ.ਸੀ.ਯੂ. ਐਂਬੂਲੈਂਸ ਸੇਵਾ

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਦੱਸਿਆ ਹੈ ਕਿ ਹੁਣ ਰਾਜ ਵਿੱਚ ਲੋਕਾਂ ਨੂੰ ਰਾਜ ਸਰਕਾਰ ਵੱਲੋਂ ਇੱਕ ਅਜਿਹੀ ਐੇਂਬੂਲੈਂਸ ਨਫਰੀ ਦੀ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ ਜਿਸ ਵਿੱਚ ਕਿ ਆਈ.ਸੀ.ਯੂ. ਨਾਲ ਸਬੰਧਤ ਯੋਗ ਪ੍ਰਬੰਧ ਹੋਣਗੇ ਅਤੇ ਆਪਾਤਕਾਲੀਨ ਸਮਿਆਂ ਵਿੱਚ ਲੋੜ ਪੈਣ ਇਸ ਦੀ ਵਰਤੋਂ ਮਰੀਜ਼ ਦੀ ਜਾਨ ਬਚਾਉਣ ਲਈ ਕੀਤੀ ਜਾ ਸਕੇਗੀ। ਇਸ ਵਾਸਤੇ ਰਾਜ ਸਰਕਾਰ ਨੇ 11.7 ਮਿਲੀਅਨ ਡਾਲਰ ਦਾ ਫੰਡ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਫਰੀ ਵਿੱਚ 69 ਅਜਿਹੀਆਂ ਹੀ ਐਂਬੂਲੈਂਸ ਦੀਆਂ ਗੱਡੀਆਂ ਸ਼ਾਮਿਲ ਕੀਤੀਆਂ ਜਾਣਗੀਆਂ ਜੋ ਕਿ ਹਰ ਸਮੇਂ ਰਾਜ ਦੇ ਵੱਖਰੇ ਵੱਖਰੇ ਹਿੱਸਿਆਂ ਅੰਦਰ ਸੇਵਾਵਾਂ ਦੇਣ ਵਾਸਤੇ ਮੌਜੂਦ ਰਹਿਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਉਕਤ 69 ਐਬੂਲੈਂਸਾਂ ਵਿੱਚੋਂ ਘੱਟੋ ਘੱਟ 50 ਗੱਡੀਆਂ ਨੂੰ ਪੇਂਡੂ ਖੇਤਰਾਂ ਵਿੱਚ ਲਗਾਇਆ ਜਾਵੇਗਾ ਤਾਂ ਜੋ ਦੂਰ ਦੁਰਾਡੇ ਵਸਦੇ ਨਾਗਰਿਕਾਂ ਨੂੰ ਸਹੀ ਅਤੇ ਸਮੇਂ ਸਿਰ ਮਦਦ ਪਹੁੰਚਾਈ ਜਾ ਸਕੇ। ਪੱਛਮੀ ਨਿਊ ਸਾਊਥ ਵੇਲਜ਼, ਦੱਖਣੀ ਨਿਊ ਸਾਊਥ ਵੇਲਜ਼, ਉਤਰੀ ਨਿਊ ਸਾਊਥ ਵੇਲਜ਼, ਹੰਟਰ ਨਿਊ ਇੰਗਲੈਂਡ, ਸੈਂਟਰਲ ਕੋਸਟ ਅਤੇ ਮੈਟਰੋਪਾਲਿਟਨ ਖੇਤਰਾਂ ਵਿੱਚ ਇਸ ਦੀ ਮੌਜੂਦਗੀ ਬਣਾਈ ਜਾਵੇਗੀ ਜੋ ਕਿ ਹਰ ਸਮੇਂ ਉਪਲੱਭਧ ਹੋਵੇਗੀ। ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਕਿਹਾ ਕਿ ਇਹ ਨਫਰੀ ਬੀਤੇ ਸਾਲ ਇਸ ਮੁਹਿੰਮ ਵਿੱਚ ਸ਼ਾਮਿਲ ਕੀਤੀਆਂ ਗਈਆਂ 35 ਆਈ.ਸੀ.ਯੂ. ਐਬੂਲੈਂਸਾਂ ਤੋਂ ਵੱਖਰੀ ਹੋਵੇਗੀ ਅਤੇ ਇਸ ਨਾਲ ਹੁਣ ਰਾਜ ਅੰਦਰ ਕੁੱਲ ਅਜਿਹੀਆਂ ਐਂਬੂਲੈਂਸਾਂ ਦੀ ਕੁੱਲ ਗਿਣਤੀ 104 ਹੋ ਜਾਵੇਗੀ। ਰਾਜ ਦੇ ਐਂਬੂਲੈਂਸ ਸੇਵਾਵਾਂ ਦੇ ਮੁਖ ਕਾਰਜਕਾਰੀ ਡੋਮਿਨਿਕ ਮੋਰਗਨ ਦਾ ਕਹਿਣਾ ਹੈ ਕਿ ਇਨ੍ਹਾਂ ਨਵੀਆਂ ਗੱਡੀਆਂ ਨਾਲ ਬਹੁਤ ਜ਼ਿਆਦਾ ਫਾਇਦਾ ਲੋਕਾਂ ਨੂੰ ਟਰੌਮਾ, ਕਾਰਡਿਅਕ ਅਰੈਸਟ, ਸਟ੍ਰੋਕ ਅਤੇ ਜਾਂ ਫੇਰ ਸਾਹ ਨਾਲ ਸਬੰਧਤ ਬਿਮਾਰੀਆਂ ਆਦਿ ਦੀਆਂ ਆਪਾਤਕਾਲੀਨ ਸਥਿਤੀਆਂ ਵਿੱਚ, ਸਿੱਧੇ ਤੌਰ ਤੇ ਮਿਲੇਗਾ ਅਤੇ ਲੋਕਾਂ ਦੀ ਜਾਨ ਬਚਾਈ ਜਾ ਸਕੇਗੀ।
ਜ਼ਿਕਰਯੋਗ ਹੈ ਕਿ ਰਾਜ ਸਰਕਾਰ ਵੱਲੋਂ ਐਂਬੂਲੈਂਸ ਸੇਵਾਵਾਂ ਵਿੱਚ 1 ਬਿਲੀਅਨ ਡਾਲਰ ਦਾ ਫੰਡ ਨਿਵੇਸ਼ ਕੀਤਾ ਜਾ ਰਿਹਾ ਹੈ ਅਤੇ ਇਸ ਰਾਹੀਂ 27 ਮਿਲੀਅਨ ਡਾਲਰਾਂ ਨਾਲ 180 ਨਵੇਂ ਸਟਾਫ ਮੈਂਬਰ ਰੱਖੇ ਜਾ ਰਹੇ ਹਨ ਅਤੇ ਸਾਲ 2018 ਦੇ ਵਾਅਦੇ ਮੁਤਾਬਿਕ, ਆਉਣ ਵਾਲੇ ਚਾਰ ਸਾਲਾਂ ਅੰਦਰ 750 ਪੈਰਾਮੈਡੀਕਲ ਅਤੇ ਕੰਟਰੋਲ ਸੈਂਟਰ ਦੇ ਸਟਾਫ ਦੀ ਭਰਤੀ ਕਰਨਾ ਵੀ ਇਸ ਵਿੱਚ ਸ਼ਾਮਿਲ ਹੈ।

Install Punjabi Akhbar App

Install
×