ਗਲਾਸਗੋ ਵਿਖੇ ਲੋਕ ਅਰਪਣ ਹੋਈਆਂ ਸਲੀਮ ਰਜ਼ਾ ਦੀਆਂ ਉਰਦੂ ਤੇ ਪੰਜਾਬੀ ਸ਼ਾਇਰੀ ਦੀਆਂ ਕਿਤਾਬਾਂ 

– ਉਜਾੜੇ ਦਾ ਦਰਦ ਸਲੀਮ ਰਜ਼ਾ ਦੇ ਦਿਲ ‘ਚ ਅਜੇ ਵੀ ਚੀਸਾਂ ਪਾਉਂਦੈ

5 Nov 2019 KhurmiUK 02

ਲੰਡਨ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਗਲਾਸਗੋ ਸਥਿਤ ਅਦਬੀ ਸੰਸਥਾ ”ਹਲਕਾ ਏ ਅਹਿਲੇ ਜ਼ੌਕ” ਵੱਲੋਂ ਪ੍ਰਸਿੱਧ ਉਰਦੂ ਅਤੇ ਪੰਜਾਬੀ ਸ਼ਾਇਰ ਸਲੀਮ ਰਜ਼ਾ ਦੀਆਂ ਉਰਦੂ ਅਤੇ ਪੰਜਾਬੀ ਸ਼ਾਇਰੀ ਦੀਆਂ ਦੋ ਕਿਤਾਬਾਂ ਲੋਕ ਅਰਪਣ ਕਰਨ ਹਿਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਇਫਤਿਖਾਰ ਕੈਸਰ ਨੇ ਹਾਜ਼ਰੀ ਭਰੀ। ਜਿਕਰਯੋਗ ਹੈ ਕਿ ਜਿੱਥੇ ਸਲੀਮ ਰਜ਼ਾ ਆਪਣੀ ਪੁਖਤਾ ਸ਼ਾਇਰੀ ਲਈ ਮਕਬੂਲ ਹਨ, ਉੱਥੇ ਉਹ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਯਾਦਾਂ ‘ਚ ਹਰਦਮ ਲਬਰੇਜ਼ ਰਹਿੰਦੇ ਹਨ। ਚੜ੍ਹਦੇ ਪੰਜਾਬ ਦੇ ਰਾਏਕੋਟ ਸ਼ਹਿਰ ਵਿੱਚੋਂ ਉਜਾੜੇ ਵੇਲੇ ਪਾਕਿਸਤਾਨ ਗਿਆ ਸੱਤ ਵਰ੍ਹਿਆਂ ਦਾ ਸਲੀਮ ਰਜ਼ਾ ਅੱਜ ਵੀ ਆਪਣੀਆਂ ਰਚਨਾਵਾਂ ਵਿੱਚ ਵਿਛੋੜੇ ਦੇ ਦਰਦ ਨੂੰ ਬਿਆਨਦਾ ਰਹਿੰਦਾ ਹੈ। ਸਮਾਗਮ ਦੇ ਪਹਿਲੇ ਦੌਰ ‘ਚ ਮੁੱਖ ਮਹਿਮਾਨਾਂ ਦੀ ਹਾਜ਼ਰੀ ਵਿੱਚ ਉਹਨਾਂ ਦੀ ਉਰਦੂ ਸ਼ਾਇਰੀ ਦੀ ਕਿਤਾਬ ”ਹੂਰੇਂ ਪਿਲਾ ਰਹੀ ਹੈਂ ਸ਼ਰਾਬ” ਅਤੇ ਪੰਜਾਬੀ ਸ਼ਾਇਰੀ ਦੀ ਕਿਤਾਬ ”ਅਸੀਂ ਅਟਕੇ ਹਾਂ ਦੂਣੀ ਦੇ ਪਹਾੜੇ ‘ਤੇ” ਲੋਕ ਅਰਪਣ ਕੀਤੀਆਂ ਗਈਆਂ। ਇਸ ਸਮੇਂ ਕਰਵਾਏ ਗਏ ਮੁਸ਼ਾਇਰੇ ਦੌਰਾਨ ਗ਼ੁਲ ਅਹਿਮਦ ਗ਼ੁਲ, ਅਨਵਾਰ ਅਲ ਹੱਕ, ਅਮਨਦੀਪ ਸਿੰਘ ਅਮਨ, ਦਲਜੀਤ ਸਿੰਘ ਦਿਲਬਰ, ਯਾਸਿਰ ਬੁਖ਼ਾਰੀ, ਮੇਜਰ ਮਜੀਦ, ਸ਼ਮਸਾਦ ਗਨੀ, ਤਾਹਿਰ ਬਸ਼ੀਰ, ਸਈਅਦ ਖਾਨ, ਹਸਨ ਬੇਗ, ਯੈਸਮੀਨ ਅਲੀ, ਸਬੂਹੀ ਗਿੱਲ, ਸ਼ਬਨਮ ਖ਼ਿਲਜ਼ੀ ਆਦਿ ਅਦਬੀ ਹਸਤੀਆਂ ਨੇ ਆਪਣੇ ਕਲਾਮ ਪੇਸ਼ ਕੀਤੇ। ਇਸ ਸਮੇਂ ਸਲੀਮ ਰਜ਼ਾ ਦੀ ਲਿਖਣ ਸ਼ੈਲੀ ਅਤੇ ਸਾਹਿਤ ਨਾਲ ਪਿਆਰ ਸੰਬੰਧੀ ਇਫਤਿਖਾਰ ਕੈਸਰ, ਦਿਲਬਾਗ ਸਿੰਘ ਸੰਧੂ, ਪਿਸ਼ੌਰਾ ਸਿੰਘ, ਪੀਟਰ ਗਿੱਲ, ਹਸਨ ਬੇਗ ਆਦਿ ਨੇ ਭਾਵਪੂਰਤ ਤਕਰੀਰਾਂ ਰਾਂਹੀਂ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਖਾਲਿਦ ਜਾਵੇਦ, ਸੁਖਦੇਵ ਰਾਹੀ, ਤਰਲੋਚਨ ਮੁਠੱਡਾ, ਹਰਜੀਤ ਦੁਸਾਂਝ ਆਦਿ ਸਮੇਤ ਭਾਰੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।