ਪੁਸਤਕ ਰੀਵਿਊ: ਮਟੀਰੀਅਲਿਸਟਿਕ/ਮਕਾਨਕੀ  ਰਿਸ਼ਤਿਆਂ ਦੀ ਦਾਸਤਾਨ  ਹੈ ਰਾਜਵੰਤ ਰਾਜ ਦਾ ਨਾਵਲ ‘ਵਰੋਲੇ ਦੀ ਜੂਨ’

ਪਰਵਾਸੀ ਪੰਜਾਬੀ ਸਾਹਿਤ ਦਾ ਆਰੰਭ ਜਿਨ੍ਹਾਂ ਮਸਲਿਆ ਦੇ ਮੱਦੇਨਜ਼ਰ ਹੋਇਆ ਸੀ ਉਹਨਾਂ ਮਸਲਿਆ ਦਾ ਪਰਵਰਤਿਤ ਰੂਪ ਪਰਵਾਸੀ ਪੰਜਾਬੀਆਂ ਦੀ ਚੌਥੀ ਪੀੜ੍ਹੀ ਦੁਆਰਾ ਕੀਤੇ ਜਾ ਰਹੇ ਪਰਵਾਸ ਦੇ ਹਵਾਲੇ ਨਾਲ ਦੇਖਿਆ ਜਾ ਸਕਦਾ ਹੈ।ਆਮ ਤੌਰ ਤੇ ਪੰਜਾਬੀ ਉਪ ਭਾਸ਼ਾਵਾਂ ਵਿਚ ਟੋਰਨੈਡੋ ਨੂੰ ਵਾ-ਵਰੋਲਾ, ਵਰੋਲਾ,ਬੁੱਲਾ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਹ ਵਾ-ਵਰੋਲੇ ਜਿੰਨੀ ਗਤੀ ਨਾਲ ਤਬਾਹੀ,ਝੱਖੜ ਲੈ ਕੇ ਆਉਂਦਾ ਪਰ ਜਦੋਂ ਜਾਂਦਾ ਤਾਂ ਚਾਰੇ ਪਾਸੇ ਉਜਾੜ ਤੋਂ ਬਾਅਦ ਇਕ ਚੁੱਪ ਪਸਰ ਜਾਂਦੀ ਹੈ। ਇਹ ਚੁੱਪ ਬਹੁਤ ਖ਼ਤਰਨਾਕ ਹੁੰਦੀ ਹੈ, ਜਿਸ ਵਿਚ ਉਸ ਵਰੋਲੇ ਤੋਂ ਬਾਅਦ ਹੋਏ ਨੁਕਸਾਨ,ਤਬਾਹੀ ਦੀ ਦਾਸਤਾਨ ਜ਼ਾਹਿਰ ਹੁੰਦੀ ਹੈ। ਇਸੇ ਹੀ ਸੰਦਰਭ ਵਿਚ ਇਸ ਨਾਵਲ ਦੀ ਗੱਲ ਕੀਤੀ ਜਾਵੇ ਤਾਂ ਇਹ ਨਾਵਲ ਮਨੁੱਖੀ ਜ਼ਿੰਦਗੀ ਵਿਚ ਮਨੁੱਖ ਦੁਆਰਾ ਸਿਰਜੇ,ਪੈਦਾ ਕੀਤੇ ਗਏ ਝੱਖੜ ਜੋ ਵਰੋਲੇ ਦੀ ਤਰ੍ਹਾਂ ਆਉਂਦੇ ਤੇ ਆਪਣੇ ਸਭ ਤੋਂ ਮਹੱਤਵਪੂਰਨ ਉਹ ਮੁੱਲ ਵਿਧਾਨ ਜੋ ਸਾਨੂੰ ਸ਼ੋਸ਼ਲਾਇਜ਼ ਕਰਦੇ ਹਨ ਜੋ ਇਕ ਮਨੁੱਖ ਨੂੰ ਬਾਕੀ ਜੀਵਾਂ ਤੋਂ ਵੱਖਰਾ ਦਰਸਾਉਂਦੇ ਹਨ ਉਸ ਦੇ ਨਾਲ ਕਈ ਕੁਝ ਆਪਣੇ ਨਾਲ ਉਡਾ ਕੇ ਲੈ ਜਾਂਦੇ ਹਨ।

ਰਾਜਵੰਤ ਰਾਜ ਦੁਆਰਾ ਲਿਖਤ ਇਹ ਨਾਵਲ 36 ਚੈਪਟਰ ਵਿਚ ਵੰਡਿਆ ਹੋਇਆ ਹੈ।ਨਾਵਲ ਦਾ ਬਿਰਤਾਂਤ / narrative ਜਿਸ ਪ੍ਰਕਾਰ ਸਿਰਜਿਆ ਗਿਆ ਹੈ ਉਸ ਨੂੰ ਦੇਖਣ ਤੋਂ ਬਾਅਦ ਪਹਿਲਾ ਨੁਕਤਾ ਇਹ ਸਪਸ਼ਟ ਹੁੰਦਾ ਕਿ ਨਾਵਲ ਵਿਚ ਕੋਈ ਵੀ ਨਾਇਕ ਨਹੀਂ ਤੇ ਨਾ ਹੀ ਕੋਈ ਨਾਇਕਾ।ਇਸ ਵਿਚ ਪੇਸ਼ ਸਾਰੇ ਦੇ ਸਾਰੇ ਪਾਤਰ ਇਕ ਲੜੀ ਦੀ ਤਰਾਂ ਸਮਾਨ ਰੂਪ ਵਿਚ ਪੇਸ਼ ਹੋਏ ਹਨ। ਮਤਲਬ ਇਹ ਕੀ ਨਾਇਕ ਤੇ ਨਾਇਕਾ ਦੇ ਸਿਰਜੇ ਗਏ ਮਾਪਦੰਡਾਂ ਤੇ ਇਹ ਖਰੇ ਨਹੀਂ ਉਤਰਦੇ ਇਸ ਲਈ ਇਹਨਾਂ ਨੂੰ ਇਸ ਕੈਟਾਗਰੀ ਤੋਂ ਬਾਹਰ ਕੱਢ ਕੇ ਦੇਖਿਆ ਤੇ ਸਮਝਿਆ ਜਾ ਸਕਦਾ ਹੈ।ਨਾਵਲ ਦਾ ਆਰੰਭ ਫਲੈਸ਼ਬੈਕ ਰਾਹੀਂ ਇਕ ਘਟਨਾ ਦੁਆਰਾ ਦਿਖਾਇਆ ਗਿਆ ਜੋ ਵਰਤਮਾਨ ਨਾਲ ਜੋੜਨ ਵਿਚ ਸਹਾਈ ਹੁੰਦੀ ਹੈ।ਸਭ ਤੋਂ ਪਹਿਲਾ ਪਾਤਰ ਦੀਪਾ ਜੋ ਪੰਜਾਬੀਆਂ ਦੀ ਚੌਥੀ ਪੀੜ੍ਹੀ ਦੇ ਪਰਵਾਸ ਨੂੰ ਪੇਸ਼ ਕਰਦਾ ਜੋ ਵਿਦੇਸ਼ ਵਿਚ ਸਟੱਡੀ ਵੀਜ਼ੇ ਦੇ ਰਾਹੀ ਦਿਖਾਇਆ ਗਿਆ ਹੈ।ਦੀਪੇ  ਦੇ ਪਾਤਰ ਨੂੰ ਜਿਸ ਪ੍ਰਕਾਰ ਸਿਰਜਿਆ ਗਿਆ ਹੈ, ਉਸ ਨੂੰ ਸ਼ੁਰੂਆਤੀ ਸਮੇਂ ਵਿਚ ਦੇਖ ਕੇ ਇਹੀ ਲੱਗਦਾ ਕਿ ਜਿਸ ਵੈਲਿਊਜ਼,ਐਥਿਕਸ ਦੀ ਅਸੀਂ ਗੱਲ ਕਰਦੇ ਹਾਂ ਉਹ ਦੀਪੇ ਵਿਚੋਂ ਹੀ ਨਜ਼ਰ ਆਉਂਦੀ ਹੈ।ਪਰ ਇਹ ਪਾਤਰ ਵਿਚ ਸਮੇਂ ਦੀ ਰੰਗਤ ਵਿਚ ਰੰਗਣ ਤੋਂ ਬਾਅਦ ਆਪਣੀ ਆਦਰਸ਼ਵਾਦੀ ਸ਼ਖ਼ਸੀਅਤ ਦਾ ਭੁਲੇਖਾ ਬਾਰ ਬਾਰ ਸਿਰਜਣ ਦੇ ਬਾਵਜੂਦ ਵੀ ਨਾਇਕ ਦਾ ਦਰਜਾ ਹਾਸਲ ਨਹੀਂ ਕਰ ਪਾਉਂਦਾ।ਜਿਸ ਦਾ ਕਾਰਨ ਨਾਵਲ ਵਿਚ ਵਰੋਲੇ ਦੀ ਤਰਾਂ ਵਾਪਰਦੀਆਂ ਘਟਨਾਵਾਂ

ਰਾਹੀਂ ਲਗਾਇਆ ਜਾ ਸਕਦਾ ਹੈ। ਦੀਪਾ ਹਰ ਸਮੇਂ ਚੰਗਿਆਈ ਤੇ ਸਹੀ ਰਾਹ ਨੂੰ ਪਹਿਲ ਦਿੰਦਾ ਹੈ। ਪਰਵਾਸ ਧਾਰਨ ਕਰਨ ਤੋਂ ਬਾਅਦ ਜਿਸ ਪ੍ਰਕਾਰ ਉਹ ਪੀ.ਆਰ ਲੈ ਕੇ ਪੰਜਾਬ ਜਾ ਕੇ ਵਿਆਹ ਕਰਾਉਣ ਦਾ ਸੋਚਦਾ ਉਸ ਸਮੇਂ ਤੋਂ ਹੀ ਉਸ ਦੀ ਜ਼ਿੰਦਗੀ ਵਿਚ ਇਕ ਵਰੋਲਾ ਆਉਣ ਦਾ ਕਾਰਨ ਬਣਨਾ ਸ਼ੁਰੂ ਹੋ ਜਾਂਦਾ ਹੈ। ਨਾਵਲਕਾਰ ਨੇ ਪੰਜਾਬੀ ਸਮਾਜ ਤੇ ਪੇਂਡੂ ਰਹਿਤਲ  ਨੂੰ ਖ਼ਾਸ ਕਰਕੇ ਦੁਆਬੇ ਦੇ ਕਲਚਰ  ਨੂੰ ਸੰਖੇਪ ਰੂਪ ਵਿਚ ਵਧੀਆਂ ਢੰਗ ਨਾਲ ਸਿਰਜਿਆ ਹੈ।ਵਿਆਹ ਪ੍ਰਬੰਧ,ਸਾਕਾਦਾਰੀ,ਨਵੀਂ ਜਨਰੇਸ਼ਨ ਦਾ ਲਾਈਫ਼ ਸਟਾਈਲ ਜੋ ਵਿਦੇਸ਼ਾਂ ਦੀ ਬਰਾਬਰੀ ਕਰਨ ਵਿਚ ਮਸਰੂਫ਼ ਹੈ।ਪੁਲਿਸ ਸਿਸਟਮ,ਰਾਜਨੀਤੀ,ਪਿੰਡਾਂ ਦਾ ਅਜੋਕਾ ਰਹਿਣ-ਸਹਿਣ,ਨਸ਼ਿਆਂ ਰਾਹੀਂ ਬਦਲ ਰਹੀ ਨਵੀਂ ਪੀੜ੍ਹੀ, ਬੇਸਮਝ ਤੇ ਪੜ੍ਹੀ ਲਿਖੀ ਅਨਪੜ੍ਹ ਯੋਗ ਯੂਥ ਜੋ ਮੌਜੂਦਾ ਹਾਲਾਤ ਦਾ ਯਥਾਰਥ ਦਿਖਾਉਂਦੀ ਹੈ। ਦੀਪਾ ਆਪਣੀ ਜ਼ਿੰਦਗੀ ਦੇ 6 ਸਾਲ ਕੈਨੇਡਾ ਵਿਚ ਲਗਾਉਣ ਤੋਂ ਬਾਅਦ ਪੰਜਾਬ ਪਰਤਦਾ ਤਾਂ ਉਹ ਬਹੁਤ ਤਬਦੀਲੀਆਂ ਆਪਣੇ ਵਿਚ ਵੀ ਲਿਆ ਚੁੱਕਾ ਹੈ।ਸ਼ਾਇਦ ਕੈਨੇਡਾ ਦਾ ਸਿਸਟਮ ਉਸ ਨੂੰ ਦੂਸਰੇ ਦੀ ਮਦਦ ਕਰਨ ਤੇ ਰੋਕਣ ਦੀ ਬਜਾਇ ਹੱਲਾਸ਼ੇਰੀ ਦਿੰਦਾ ਹੈ।

ਇਸ ਨਾਵਲ ਦੇ ਵਿਚ ਔਰਤ ਤੇ ਮਰਦ ਦੇ ਕਰੈਕਟਰ  ਦਾ ਇਕ ਦਵੰਦ ਪੇਸ਼ ਕੀਤਾ ਗਿਆ ਹੈ। ਮਿੱਥ ਆਧਾਰਿਤ ਘਟਨਾ ਜੋ ਐਡਮ ਤੇ ਈਵ ਨੂੰ ਪੇਸ਼ ਕਰਦੀ ਕਿ ਕਿਵੇਂ ਈਵ ਐਡਮ ਨੂੰ ਵਰਜਿਤ ਫਲ ਤੋੜਨ ਲਈ ਕਹਿੰਦੀ ,ਤੇ ਉਸ ਤੋਂ ਨਾਰਾਜ਼ ਹੋ ਕੇ ਰੱਬ ਉਹਨਾਂ ਨੂੰ ਮਨੁੱਖੀ ਦੁਨੀਆਂ ਵਿਚ ਸਜ਼ਾ ਦੇ ਰੂਪ ਵਿਚ ਭੇਜ ਦਿੰਦਾ ਹੈ। ਮੈਨੂੰ ਲੱਗਦਾ ਇਕ ਇਸ ਨਾਵਲ ਵਿਚ  ਦੀਪਾ ਉਸ ਐਡਮ ਦੀ ਤਰ੍ਹਾਂ ਹੈ ,ਜਿਸ ਨੂੰ ਈਵ ਜੋ ਸਭ ਤੋਂ ਪਹਿਲਾ ਰੀਆ ਦੇ ਰੂਪ ਵਿਚ ਆਉਂਦੀ ਉਸ ਤੋਂ ਬਾਅਦ ਨਿੰਮੀ,ਤੇ ਲਾਲੀ ਦੇ ਅਸਤਿਤਵ ਵਿਚ ਢਲ਼ ਕੇ ਦੀਪੇ ਨੂੰ ਵਰਜਿਤ ਫਲ਼ ਤੋੜਨ ਲਈ ਉਕਸਾਉਂਦੀਆਂ ਹਨ ਅਤੇ ਦੀਪਾ  ਵੀ ਬੇਸਮਝੀ ਦਾ ਮੁਜ਼ਾਹਰਾ ਕਰਦਾ ਹੋਇਆ ਇਹ ਸਭ ਅਕਸੈਪਟ ਕਰੀ ਜਾਂਦਾ ਹੈ। ਨਾਵਲ ਦੀ ਕਥਾ ਦੀਪੇ ਦੇ ਪਰਿਵਾਰਕ ਜੀਵਨ ਦੁਆਲੇ ਸਿਰਜੀ ਹੋਈ ਹੈ। ਜੋ ਸਭ ਤੋਂ ਪਹਿਲਾ ਕੈਨੇਡਾ ਵਿਚ ਜਨਮੀ ਪਲ਼ੀ ਰੀਆ ਦੇ ਇਕ ਰਾਤ ਦੇ ਸਾਥ ਨੂੰ ਆਪਣਾ ਪਿਆਰ ਸਮਝਦਾ ਹੈ।ਪਰ ਰੀਆ ਦਾ ਪੱਛਮੀਕਰਨ ਇਸ ਨੂੰ ਪਿਆਰ ਦੀ ਜਗ੍ਹਾ ਤੇ ਸਰੀਰਕ ਲੋੜਾਂ ਤੱਕ ਹੈ। ਇਸ ਤੋਂ ਬਾਅਦ ਦੀਪੇ ਦਾ ਪੰਜਾਬ ਜਾਣਾ ਤੇ  ਨਿੰਮੀ ਦਾ ਰਿਸ਼ਤੇ  ਆਉਣਾ ਅਤੇ ਫਿਰ ਨਿੰਮੀ ਵੱਲੋਂ ਅਗਾਊਂ ਦੀਪੇ ਨੂੰ ਇਨਕਾਰ ਕਰਕੇ ਆਪਣੀ ਪਸੰਦ ਕੋਈ ਹੋਰ ਦੱਸਦੇ ਹੋਏ ਆਪਣੀ ਛੋਟੀ ਭੈਣ ਲਾਲੀ ਨੂੰ ਪ੍ਰਵਾਨ ਕਰਨ ਦੀ ਬੇਨਤੀ ਕਰਨਾ।ਇੱਕ ਤੋਂ ਬਾਅਦ ਇੱਕ ਮਨੁੱਖੀ ਗਰਜ਼ ਦੀ ਪੇਸ਼ਕਾਰੀ ਕਰਦਾ ਹੈ। ਲਾਲੀ ਤੇ ਦੀਪੇ ਦਾ ਕੁਝ ਘਟਨਾਵਾਂ ਤੋਂ ਬਾਅਦ ਵਿਆਹ ਹੋ ਜਾਣਾ ਤੇ ਦੋਵਾਂ ਦਾ ਕੈਨੇਡਾ ਆ ਜਾਣਾ ਨਵੀਂ ਘਟਨਾ ਨੂੰ ਜਨਮ ਦਿੰਦਾ ਹੈ। ਨਿੰਮੀ ਦੀ ਪਸੰਦ ਜੈਲਾ ਕਾਲਜ ਦਾ ਨਸ਼ੇੜੀ ਹੈ ਜੋ ਬਾਅਦ ਵਿਚ ਆਰਕੈਸਟਰਾ ਗਰੁੱਪ ਵਿਚ ਭੰਗੜਾ ਪਾਉਣ ਦਾ ਕੰਮ ਕਰਦਾ ਹੈ। ਨਿੰਮੀ ਬਾਰ ਬਾਰ ਲਾਲੀ ਤੇ ਦੀਪੇ ਦੀ ਖ਼ੁਸ਼ ਜ਼ਿੰਦਗੀ ਤੇ ਰੰਜ ਕਰਦੀ ਹੈ,ਜਿਸ ਦਾ ਸਿਲਾ ਉਸ ਨੂੰ ਜੈਲੇ ਦੁਆਰਾ ਆਪਣੇ ਆਰਕੈਸਟਰਾ ਕੰਪਨੀ ਖੋਲ੍ਹਣ ਲਈ ਇਕ ਫਾਈਨਾਂਸਰ ਕੋਲ ਵੇਚਣ ਦੇ ਰੂਪ ਵਿਚ ਤੇ ਬੇ- ਸਮਝੀ ਵਰਗੇ ਰਿਸ਼ਤੇ ਦੀ ਅਸਲੀਅਤ ਸਾਹਮਣੇ ਆਉਣ ਦਾ ਮਿਲਦਾ ਹੈ।ਬੇਸ਼ੱਕ ਨਿੰਮੀ ਦਾ ਪਾਤਰ ਕਿਤੇ ਵੀ ਤਰਸਯੋਗ ਨਹੀਂ ਲੱਗਦਾ ਬਲਕਿ ਇਹ ਪਾਤਰ ਆਪਣੀ ਹੋਣੀ ਨੂੰ  ਆਪ ਬੁਲਾਉਂਦਾ ਹੋਇਆ ਭੋਗਦਾ ਹੈ।ਕਦੇ ਉਹ ਜੈਲੇ ਤੋਂ ਸਰੀਰਕ ਮਾਨਸਿਕ ਲੁੱਟ ਤੋਂ ਬਾਅਦ ਨੌਕਰੀ ਲੈਣ ਲਈ ਸਫ਼ੈਦਪੋਸ਼ ਦਲਾਲ ਜੋ ਲੀਡਰਾਂ ਦੇ ਰਾਹੀਂ ਸਰਕਾਰੀ ਨੌਕਰੀਆਂ ਦਿਵਾਉਂਦਾ ਹੈ, ਉਹਨਾਂ ਕੋਲ ਆਪਣਾ ਆਪ ਵੇਚਣ ਲਈ ਤਿਆਰ ਹੋ ਜਾਂਦੀ ਹੈ।ਪਰ ਕੁਝ ਵੀ ਪੱਲੇ ਨਾ ਪੈਣ ਤੇ ਆਪਣੇ ਮਾਂ ਬਾਪ ਜੋ ਲਾਲੀ ਕੋਲ ਕੈਨੇਡਾ ਰਹਿ ਰਹੇ। ਉਹਨਾਂ ਨੂੰ ਉਸ ਨੂੰ ਹਰ ਹੀਲੇ ਕੈਨੇਡਾ ਬੁਲਾਉਣ ਦਾ ਜ਼ੋਰ ਪਾਉਂਦੀ ਹੈ।  

ਉਹ ਬਜ਼ਾਰ ਵਿਚ ਵਿਕਣ ਵਾਲੀ ਕੋਈ ਸ਼ੈਅ ਹੈ,ਜਿਹਦਾ ਮੁੱਲ ਲੋਕ ਆਪੋ ਆਪਣੀ ਲੋੜ ਦੇ ਹਿਸਾਬ ਨਾਲ ਪਾ ਰਹੇ ਹਨ।ਸ਼ੰਮੀ ਨੇ ਉਹਦਾ ਮੁੱਲ ਜੈਲੇ ਦੀ ਪਾਰਟਨਰਸ਼ਿਪ ਦੇ ਬਰਾਬਰ ਪਾਇਆ ਸੀ ਅਤੇ ਗੁਰਦਾਸ ਸਿੰਘ ਨੇ ਪੰਜਾਹ ਹਜ਼ਾਰ।ਉਹਨੂੰ ਤਾਂ ਹਮੇਸ਼ਾ ਇਹੀ ਲੱਗਦਾ ਆਇਆ ਸੀ ਕਿ ਦੁਨੀਆ ਵਿਚ ਉਹਦੇ ਤੋਂ ਸੋਹਣਾ ਹੋਰ ਕੋਈ ਹੈ ਹੀ ਨਹੀਂ,ਪਰ ਵਕਤ ਨੇ ਉਹਨੂੰ ਉਹਦੀ ਔਕਾਤ ਦਿਖਾਲ ਦਿੱਤੀ…..,

ਉਹਨੇ ਮਨੋਂ ਮਨੀ ਫ਼ੈਸਲਾ ਕਰ ਲਿਆ ਕਿ ਹੁਣ ਉਹ ਕਿਸੇ ਦਾ ਲਿਹਾਜ਼ ਨਹੀਂ ਕਰੇਗੀ ਅਤੇ ਸਾਮ ਦਾਮ ਦੰਡ ਭੇਦ ਵਾਲੀ ਨੀਤੀ ਤੇ ਚਲਦਿਆਂ ਆਪਣੇ ਹੱਕ ਹਾਸਲ ਕਰ ਕੇ ਰਹੇਗੀ।

ਇਹ ਕੈਨੇਡਾ,ਅਮਰੀਕਾ,ਇੰਗਲੈਂਡ ਦਾ ਲਾਲਚ ਉਸ ਸਵਰਗ ਦੀ ਤਰਾਂ ਲੈਂਦੇ ਜਿਸ ਲਈ ਉਹ ਸਭ ਕੁਝ ਦੇ ਨਾਲ ਨਾਲ ਜ਼ਮੀਰ ਵੇਚਣ ਲਈ ਵੀ ਤਿਆਰ ਹੋ ਜਾਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਨਾਵਲ ਵਿਚ ਪੇਸ਼ ਪਾਤਰ ਦੀਪਾ,ਲਾਲੀ,ਨਿੰਮੀ ਤੇ ਉਹਨਾਂ ਦੇ ਮਾਂ-ਬਾਪ ਗੈਰ ਕਾਨੂੰਨੀ ਢੰਗ ਰਾਹੀ ਨਿੰਮੀ ਤੇ ਦੀਪੇ ਦਾ ਨਕਲੀ ਵਿਆਹ ਦਿਖਾ ਕੇ ਉਸ ਨੂੰ ਕੈਨੇਡਾ ਲਿਆਉਣ ਲਈ ਤਿਆਰ ਹੋ ਜਾਂਦੇ ਹਨ। ਨਿੰਮੀ ਦਾ ਅਜੋਕੇ ਟਰੈਵਲ ਏਜੰਟ  ਦੇ  ਪਿੱਛੇ ਲੱਗ ਕੇ ਆਪਣੇ ਜੀਜੇ ਨਾਲ ਨਕਲੀ ਵਿਆਹ ਕਰਾਉਣਾ,ਫਿਰ ਧੋਖੇ ਨਾਲ ਬੱਚਾ ਪੈਦਾ ਕਰਕੇ ਆਪਣੀ ਰਾਹਦਾਰੀ ਨੂੰ ਹੋਰ ਮਜ਼ਬੂਤ ਕਰਨਾ ਰਿਸ਼ਤਿਆਂ ਦੇ ਵਿਗਾੜ ਦੇ ਨਾਲ ਨਾਲ ਗਰਜ਼ ਨੂੰ ਪੇਸ਼ ਕਰਦਾ ਹੈ। ਲਾਲੀ ਖ਼ੁਦ ਇਸ ਨਕਲੀ ਰਿਸ਼ਤੇ ਦੀ ਆਪਣੇ ਮਾਂ ਬਾਪ ਦੇ ਕਹਿਣ ਤੇ ਪੈਰਵੀ ਕਰਦੀ ਹੈ ਪਰ ਉਸ ਦਾ ਨੁਕਸਾਨ ਉਹ ਆਪਣੀ ਭੈਣ ਦੇ ਰੂਪ ਵਿਚ ਆਪਣੀ ਸ਼ੌਕਣ ਦੇ ਰੂਪ ਵਿਚ ਕਰਦੀ ਹੈ। ਦੀਪਾ ਇਕ ਸਮਝਦਾਰ ਪਾਤਰ ਦਿਖਾਇਆ ਗਿਆ ਜੋ  ਹਰ ਸਹੀ ਪੱਖ ਦੀ ਪੈਰਵੀ ਕਰਦਾ,ਗ਼ਰੀਬਾਂ ਦੀ ਮਦਦ ਕਰਦਾ ਆਦਿ। ਪਰ ਇੰਨਾ ਵੱਡਾ ਫ਼ੈਸਲਾ ਉਹ ਸਿਰਫ਼ ਲਾਲੀ ਦੇ ਦੋ ਕੁ ਵਾਰ ਕਹਿਣ ਤੇ ਕਰ ਲੈਂਦਾ ਹੈ। ਉਸ ਕੋਲ਼ ਇਨਕਾਰ ਕਰਨ ਦਾ ਹੱਕ ਸਭ ਤੋਂ ਜ਼ਿਆਦਾ

ਹੈ। ਪਰ ਉਹ ਕਦੇ ਵੀ ਇਨਕਾਰ ਕਰਦਾ ਦਿਖਾਇਆ ਨਹੀਂ ਗਿਆ। ਬਲਕਿ ਉਸ ਕੁਹਜ ਵਿਚ ਬਰਾਬਰੀ ਦਾ ਹਿੱਸੇਦਾਰ ਬਣਦਾ ਰਿਹਾ ਹੈ। ਇਹ ਮਕਾਨਕੀ ਰਿਸ਼ਤੇ ਕਿਵੇਂ ਇਕ ਦੂਸਰੇ ਦੀ ਲਾਈਫ਼ ਨੂੰ ਬਰਬਾਦ ਕਰਨ ਵਿਚ ਭੂਮਿਕਾ ਨਿਭਾਉਂਦੇ ਹਨ।

ਸਾਰੇ ਨਾਵਲ ਵਿਚ ਜਿੱਥੇ ਜਿੱਥੇ ਦੋ ਧਿਰਾਂ ਨੂੰ ਦਿਖਾਇਆ ਗਿਆ ਹੈ,ਉੱਥੇ ਕਿਤੇ ਵੀ ਗ਼ਲਤੀ ਇਕ ਧਿਰ ਦੀ ਨਜ਼ਰ ਨਹੀਂ ਆਉਂਦੀ।ਹਰ ਪਾਤਰ ਖੁੱਲ੍ਹੀ  ਮੰਡੀ ਦਾ ਹਿੱਸਾ ਆਪਣੀ ਮਰਜ਼ੀ ਨਾਲ ਬਣਦਾ ਹੈ। ਰਿਸ਼ਤਿਆਂ ਦਾ ਤਾਣਾ ਬਾਣਾ ਇਸ ਤਰਾਂ ਪੇਸ਼ ਹੁੰਦਾ  ਕਿ ਇੰਨੀਆਂ ਵੱਡੀਆਂ ਘਟਨਾਵਾਂ ਤੋਂ ਬਾਅਦ ਫਿਰ ਉਹ ਉਸ ਨੂੰ ਅਪਣਾ ਲੈਂਦੇ ਹਨ।ਇਕ ਪਾਸੇ ਲੱਗਦਾ ਕਿ ਜਾਂ ਤਾਂ ਇਹ  ਸਮਾਜ ਵੀ ਇਸ ਤਰਾਂ ਦਾ ਸਿਰਜ ਚੁੱਕੇ ਹਨ ਜਾਂ ਫਿਰ ਆਪਣੀ ਗ਼ਲਤੀ ਤੇ ਪਰਦਾ ਪਾਉਣ ਲਈ ਚੁੱਪ ਦਾ ਸਹਾਰਾ ਲੈਂਦੇ ਹਨ।

ਦੂਸਰੇ ਪਾਸੇ ਕੈਲ ਆਪਣੇ ਰਿਸ਼ਤੇ ਵਿਚ ਲੱਗਦੀਆਂ ਮਾਮੇ ਤੇ ਭੂਆ ਦੀਆਂ ਕੁੜੀਆਂ ਨਾਲ ਸਰੀਰਕ ਸਾਥ ਨੂੰ ਗ਼ਲਤ ਨਹੀਂ ਮੰਨਦਾ।ਪਰ ਇਸ ਦਾ ਮੁੱਖ ਆਧਾਰ ਕਿਰਨ ਤੇ ਰੀਟਾ ਹਨ, ਜੋ ਆਪਣੀਆਂ ਖ਼ਾਹਿਸ਼ਾਂ ਨੂੰ ਪੂਰਾ ਕਰਨ ਲਈ ਮਿਹਨਤ ਦੀ ਬਜਾਇ ਕੈਲ ਨੂੰ ਆਪਣਾ ਸਰੀਰ ਵੇਚ ਕੇ ਆਪਣੇ ਅੱਯਾਸ਼ੀ ਵਾਲੇ ਜੀਵਨ ਨੂੰ ਮਾੜਾ ਨਹੀਂ ਮੰਨਦੀਆਂ। ਇੱਥੇ ਲੇਖਕ ਨੇ ਵਿਦਿਆਰਥੀਆਂ ਦੇ ਕਾਲਜ ਦੀ ਪੜਾਈ,ਖ਼ਰਚੇ,ਜੀਵਨ ਦੀ ਤੰਗੀ ਤੁਰਸ਼ੀ ਨੂੰ ਬਹੁਤ ਸਾਰੇ ਪਾਤਰਾਂ ਰਾਹੀ ਪੇਸ਼ ਕੀਤਾ ਹੈ।ਪਰ ਜ਼ਿਆਦਾਤਰ ਪਾਤਰ ਅਜਿਹੇ ਹਨ ਜੋ ਆਸਾਨੀ ਲਈ ਅਜਿਹਾ ਸ਼ਾਰਟ ਕੱਟ ਵਰਤ ਰਹੇ ਜੋ ਹਰ ਪਾਸੇ ਤੇ ਮਾਨਵੀ ਵੈਲਿਊਜ਼ ਤੇ ਸੱਟ ਮਾਰ ਰਿਹਾ ਹੈ।

“ਨਹੀਂ ਕੁੜੀਏ। ਮਰਦ ਤੇ ਔਰਤ ਇੱਕ ਦੂਜੇ ਦੇ ਪੂਰਕ ਹੁੰਦੇ ਨੇ।ਕੋਈ ਮਾੜਾ ਨਹੀਂ,ਕੋਈ ਚੰਗਾ ਨਹੀਂ।ਜਿਹੜੇ ਰਿਸ਼ਤੇ ਈ ਗ਼ਲਤ ਨੀਤ ਨਾਲ ਬਣਾਏ ਗਏ ਹੋਣ ਉਨ੍ਹਾਂ ਨੇ ਤਾਂ ਇਕ ਦਿਨ ਟੁੱਟਣਾ ਈ ਹੁੰਦਾ।“

ਇਸ ਤੋਂ ਇਲਾਵਾ ਦੋ ਪਾਤਰ ਪਾਲਾ ਤੇ ਜੈਸ ਜੋ ਸੰਖੇਪ ਰੂਪ ਵਿਚ ਦੋ ਵੱਖ ਵੱਖ ਕਲਚਰ,ਕਾਸਟ ,ਸਿੱਖਿਆ ਦੇ ਅੰਤਰ ਹੋਣ ਦੇ ਬਾਵਜੂਦ ਸੰਵੇਦਨਸ਼ੀਲ,ਹਿੰਮਤੀ,ਬੁਰੇ ਦਾ ਵਿਰੋਧ ਕਰਨ ਵਾਲੇ  ਸਿਰਜੇ ਗਏ ਹਨ।ਨਾਵਲਕਾਰ ਇਸ ਸਾਰੀ ਘਟਨਾ ਦੇ ਵਿਚ ਦੋਹਾਂ ਦਾ ਅੰਤਰ ਜਾਤੀ ਪਿਆਰ ਜੋ ਬਾਅਦ ਵਿਚ ਆਨਰ ਕਿੰਲਿੰਗ ਦਾ ਕਾਰਨ ਬਣਦਾ ਰਾਹੀ ਅੱਜ ਕੈਨੇਡਾ ਵਰਗੇ ਅਤੀ ਵਿਕਸਤ ਮਲਟੀ ਕਲਚਰਲ ਦੇਸ਼ ਵਿਚ ਫਿਊਡਲ ਸੋਚ ਦੀ  ਧਾਰਨੀ ਪਰਿਵਾਰ ਦਾ ਚਿਹਰਾ ਪੇਸ਼ ਕਰਦਾ ਹੈ।

ਇਹ ਵਾਰਤਾਲਾਪ ਪਾਲੇ ਤੇ ਜੈਸ ਦੇ ਚਰਿੱਤਰ ਨੂੰ ਉਘਾੜਨ ਲਈ ਸਹੀ ਹੈ:

ਮੁਸ਼ਕਲਾਂ ਤਾਂ ਜ਼ਿੰਦਗੀ ਵਿਚ ਆਉਂਦੀਆਂ ਜਾਂਦੀਆਂ ਰਹਿੰਦੀਆਂ।ਕਈ ਚਿਰਾਗ਼ ਸਿਰਫ਼ ਹਨੇਰੇ ਨਾਲ ਲੜਦੇ ਆ ਤੇ ਕਈ ਤੇਰੇ ਅਰਗੇ ਚਿਰਾਗ਼ਾਂ ਨੂੰ ਹਨੇਰੇ ਅਤੇ ਝੱਖੜ ਦੋਹਾਂ ਨਾਲ ਲੜਨਾ ਪੈਂਦਾ ਹੈ। …

ਨਾਵਲ ਵਿਚ ਘਟਨਾਵਾਂ ਦੀ ਗਤੀਸ਼ੀਲਤਾ ਬਹੁਤ ਜ਼ਿਆਦਾ ਹੈ,ਜੋ ਕਿ ਕਹਾਣੀ ਦੀ ਵਿਧਾ ਦਾ ਭੁਲੇਖਾ ਸਿਰਜਦੀ ਹੈ। ਸਰਲ ਸਾਦੀ ਭਾਸ਼ਾ ਤੇ ਮੁਹਾਵਰੇਦਾਰ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ।

ਨਾਵਲ ਦੀ  ਸਮਾਪਤੀ ਉਪਰ ਨਿੰਮੀ ਦੇ ਆਪਣੇ ਦੂਸਰੇ ਪਤੀ ਦੇ ਹੱਥੋ ਕਤਲ ਹੋਣਾ ਦਿਖਾ ਕਿ ਇਸ ਤਰਾਂ ਲੱਗਦਾ ਜਿਵੇਂ ਉਸ ਪਾਤਰ ਦੀ ਸਾਰੀ ਜ਼ਿੰਦਗੀ ਦੀ ਸਜ਼ਾ ਇਕ ਵਾਰ ਵਿੱਚ ਦੇ ਦਿੱਤੀ ਗਈ ਹੋਵੇ।ਭਾਵ ਬਾਕੀਆਂ ਲਈ ਉਹ ਬਹੁਤ ਸੁਖਾਵੀਂ ਹੀ ਲੱਗਦੀ ਹੈ। ਅੰਤ ਉਪਰ ਕਹਿ ਸਕਦੀ ਹਾਂ ਕਿ ਸਾਡਾ ਸਮਾਜ ਜਿਸ ਤਰਾਂ  ਖੁੱਲ੍ਹੀ ਮੰਡੀ ਵਿਚ ਆਪਣੇ ਆਪਣੇ ਨੂੰ ਵੇਚ ਰਿਹਾ ਤੇ ਕੁਝ ਹਿੱਸਾ ਵੇਚਣ ਲਈ ਤਿਆਰ ਬੈਠਾ ਹੈ ਉਸ ਨਾਲ ਕਦੇ ਵੀ ਇਕ ਵਧੀਆ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾਂ ਸਕਦੀ। ਇਹ ਇੱਕ  ਸੋਚਣ ਦਾ ਵਿਸ਼ਾ ਹੈ।

(ਡਾ. ਹਰਜੋਤ ਕੌਰ ਖੈਹਿਰਾ)

harjotkaur0022@gmail.com +16047245741