ਪਰਮ ਸਰਾਂ ਦੀ ਪੁਸਤਕ ” ਤੂੰ ਕੀ ਜਾਣੇਂ ” ਮੁਹੱਬਤੀ ਕਵਿਤਾਵਾਂ ਦਾ ਦਸਤਾਵੇਜ

 

ujagar-singh-161017-book-review-img_1577ਪਰਮ ਸਰਾਂ ਅਧਿਆਪਕ ਪਰਿਵਾਰ ਵਿਚ ਆਪਣੇ ਮਾਂ ਬਾਪ ਤੋਂ ਨੈਤਿਕ ਕਦਰਾਂ ਕੀਮਤਾਂ ਗ੍ਰਹਿਣ ਕਰਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦੀ ਗੁੜ੍ਹਤੀ ਲੈ ਕੇ ਜਵਾਨ ਪ੍ਰਵਾਨ ਹੋਈ ਪ੍ਰੰਤੂ ਮਾਂ ਬਾਪ ਨੂੰ ਉਸਦਾ ਬਚਪਨ ਵਿਚ ਹੀ ਕਵਿਤਾਵਾਂ ਲਿਖਣਾਂ ਚੰਗਾ ਨਹੀਂ ਸੀ ਲੱਗਦਾ। ਉਸਨੇ ਆਪਣੀ ਪਹਿਲੀ ਕਵਿਤਾ ਜਦੋਂ ਉਹ ਪੰਜਵੀਂ ਕਲਾਸ ਵਿਚ ਪੜ੍ਹਦੀ ਸੀ ਲਿਖ ਮਾਰੀ। ਖ਼ੁਸ਼ਕਿਸਮਤੀ ਨਾਲ ਉਸਦੀ ਉਹ ” ਏਕੇ ਵਿਚ ਬਰਕਤ” ਸਿਰਲੇਖ ਵਾਲੀ ਕਵਿਤਾ ਪੰਜਾਬੀ ਦੇ ਇੱਕ ਰੋਜਾਨਾ ਅਖ਼ਬਾਰ ਵਿਚ ਪ੍ਰਕਾਸ਼ਤ ਹੋ ਗਈ, ਜਿਸਨੇ ਪਰਮ ਸਰਾਂ ਨੂੰ ਕਵਿਤਾਵਾਂ ਲਿਖਣ ਲਈ ਪ੍ਰੋਤਸਾਹਤ ਕੀਤਾ। ਪ੍ਰੰਤੂ ਪਰਿਵਾਰ ਵੱਲੋਂ ਸਪੋਰਟ ਨਾ ਮਿਲਣ ਕਰਕੇ ਆਪਣੀਆਂ ਭਾਵਨਾਵਾਂ ਨੂੰ ਉਹ ਲਿਖਦੀ ਤਾਂ ਕਵਿਤਾ ਦੇ ਰੂਪ ਵਿਚ ਰਹੀ ਪ੍ਰੰਤੂ ਕਿਸੇ ਨਾਲ ਸਾਂਝੀਆਂ ਕਰਨ ਤੋਂ ਕੰਨੀ ਕਤਰਾਉਂਦੀ ਰਹੀ। ਮਾਂ ਬਾਪ ਸਿਰਫ ਸਕੂਲ ਦੀ ਪੜ੍ਹਾਈ ਵਲ ਧਿਆਨ ਦੇਣ ਲਈ ਕਹਿੰਦੇ ਸਨ। ਆਮ ਤੌਰ ਤੇ ਇਨਸਾਨੀ ਫਿਤਰਤ ਹੁੰਦੀ ਹੈ ਕਿ ਜੇਕਰ ਇਨਸਾਨ ਨੂੰ ਕਿਸੇ ਕੰਮ ਤੋਂ ਰੋਕਿਆ ਜਾਵੇ ਤਾਂ ਉਹ ਜ਼ਰੂਰ ਉਹੀ ਕੰਮ ਕਰਦਾ ਹੈ। ਇਹੋ ਪਰਮ ਸਰਾਂ ਨਾਲ ਵਾਪਰਿਆ। ਪੜ੍ਹਾਈ ਖ਼ਤਮ ਕਰਨ ਅਤੇ ਆਪਣੀ ਪਰਿਵਾਰਿਕ ਜ਼ਿੰਦਗੀ ਵਿਚ ਸੈਟਲ ਹੋ ਜਾਣ ਤੋਂ ਬਾਅਦ ਕੈਨੇਡਾ ਆ ਕੇ ਪਰਮ ਸਰਾਂ ਨੇ ਪਿਆਰ ਮੁਹੱਬਤ ਦੀਆਂ ਕਵਿਤਾਵਾਂ ਬੇਬਾਕੀ ਨਾਲ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਪਰਮ ਸਰਾਂ ਦੀ ਕਵਿਤਾਵਾਂ ਦੀ ਪਲੇਠੀ ਪੁਸਤਕ ” ਤੂੰ ਕੀ ਜਾਣੇਂ ” ਮੁਹੱਬਤੀ ਕਵਿਤਾਵਾਂ ਦਾ ਸੁਹਾਵਣਾ ਦਸਵੇਜ ਹੈ। ਇਸ ਪੁਸਤਕ ਵਿਚ ਉਸਦੀਆਂ ਬਹੁਤੀਆਂ ਕਵਿਤਾਵਾਂ ਰੁਮਾਂਸਵਾਦ ਦੇ ਆਲੇ ਦੁਆਲੇ ਘੁੰਮਦੀਆਂ ਮਹਿਸੂਸ ਹੋ ਰਹੀਆਂ ਹਨ। ਪਰਮ ਦੀਆਂ ਕਵਿਤਾਵਾਂ ਨੂੰ ਭਾਵਨਾਵਾਂ, ਸੁਪਨਿਆਂ, ਵਲਵਲਿਆਂ, ਸੋਚਾਂ, ਅਹਿਸਾਸਾਂ ਅਤੇ ਮਾਨਸਿਕ ਸੰਬਾਦਾਂ ਵਾਲੀਆਂ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਉਸਦੀਆਂ ਕਵਿਤਾਵਾਂ ਪਿਆਰ ਮੁਹੱਬਤ ਦੇ ਆਲੇ ਦੁਆਲੇ ਹੀ ਘੁੰਮਦੀਆਂ ਹੋਈਆਂ ਅਸਲੀਅਤ ਤੋਂ ਦੂਰ ਦੀਆਂ ਅੰਤਰ ਆਤਮਾਂ ਨਾਲ ਕੀਤੀਆਂ ਚੁਲਬਲੀਆਂ ਗੱਲਾਂ ਅਤੇ ਨਿਹੋਰਿਆਂ ਵਾਲੀਆਂ ਹੀ ਹਨ। ਜਿਸਨੂੰ ਅਸੀਂ ਰੁਮਾਂਸਵਾਦ ਕਹਿੰਦੇ ਹਾਂ, ਉਸਦਾ ਅਰਥ ਇਹੋ ਹੁੰਦਾ ਹੈ ਕਿ ਉਹ ਅਸਲੀਅਤ ਤੋਂ ਦੂਰ ਦੀਆਂ ਭਾਵਨਾਤਮਕ ਲਹਿਰਾਂ ਹਵਾ ਵਿਚ ਤੈਰਦੀਆਂ ਹੁੰਦੀਆਂ ਹਨ, ਜਿਹੜੀਆਂ ਸਥਾਈ ਨਹੀਂ ਹੁੰਦੀਆਂ ਸਗੋਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਇਹ ਵਲਵਲੇ ਅਤੇ ਅਹਿਸਾਸ ਹੀ ਹੁੰਦੇ ਹਨ ਜਿਹੜੇ ਦਿਲ ਨੂੰ ਟੁੰਬਦਿਆਂ ਉਠਦੇ ਵਹਿੰਦੇ ਰਹਿੰਦੇ ਹਨ। ਇਸ ਲਈ ਹੀ ਰੁਮਾਂਸ ਵਿਚ ਗ੍ਰਸਿਆ ਇਨਸਾਨ ਦੁੱਖਾਂ ਦਰਦਾਂ ਅਤੇ ਵਿਛੋੜਿਆਂ ਵਿਚ ਪਰੁਚਿਆ ਰਹਿੰਦਾ ਹੈ। ਪਰਮ ਸਰਾਂ ਦੀਆਂ ਰੁਮਾਂਟਿਕ ਕਵਿਤਾਵਾਂ ਦੇ ਸ਼ਬਦ ਰੂਪੀ ਮੋਤੀ ਹਮੇਸ਼ਾ ਪਿਆਰ ਮੁਹੱਬਤ ਦੀਆਂ ਬਾਤਾਂ ਪਾਉਂਦੇ ਰਹਿੰਦੇ ਹਨ। ਉਸ ਦੀਆਂ ਕਵਿਤਾਵਾਂ ਵੀ ਖ਼ੁਸ਼ੀ ਅਤੇ ਗ਼ਮੀ ਦਾ ਸੁਮੇਲ ਹਨ ਕਿਉਂਕਿ ਸਾਰਾ ਕੁਝ ਭਾਵਨਾਵਾਂ ਨਾਲ ਹੀ ਜੁੜਿਆ ਹੋਇਆ ਹੈ। ਕਵਿਤਾਵਾਂ ਦੇ ਸ਼ਬਦ ਤ੍ਰੇਲ ਦੇ ਤੁਪਕਿਆਂ ਦੀ ਤਰ੍ਹਾਂ ਅਹਿਸਾਸਾਂ ਦੇ ਰੂਪ ਵਿਚ ਆਉਂਦੇ ਅਤੇ ਅਲੋਪ ਹੋ ਜਾਂਦੇ ਹਨ ਪ੍ਰੰਤੂ ਇਹ ਸ਼ਬਦ ਸਰੀਰ ਵਿਚ ਮਹਿਕਾਂ ਖਿਲਾਰਦੇ ਅਤੇ ਝੁਣਝਣੀਆਂ ਛੇੜਦੇ ਹੋਏ ਬਰਸਾਤ ਦੀ ਕਿਣਮਿਣ ਦੀ ਤਰ੍ਹਾਂ ਇਨਸਾਨ ਦੀ ਮਾਨਸਿਕਤਾ ਨੂੰ ਲਬਰੇਜ ਕਰ ਜਾਂਦੇ ਹਨ। ਕਵਿਤਾਵਾਂ ਦੀ ਇਹ ਕਿਣਮਿਣ ਮਾਨਸਿਕ ਤੌਰ ਤੇ ਠੰਡਕ ਵੀ ਪਾਉਂਦੀ ਹੋਈ ਗਰਮਾਹਟ ਦੀ ਤਪਸ਼ ਦਾ ਅਹਿਸਾਸ ਵੀ ਕਰਵਾਉਂਦੀ ਹੈ। ਸਾਰੀਆਂ ਕਵਿਤਾਵਾਂ ਵਿਚ ਪਿਆਰ-ਮੁਹੱਬਤ ਦੀ ਗਾਥਾ ਹੈ। ਹੁਣ ਉਹੀ ਮਾਂ ਜਿਹੜੀ ਕਵਿਤਾਵਾਂ ਲਿਖਣ ਤੋਂ ਵਰਜਦੀ ਸੀ ਹਮੇਸ਼ਾ ਮੇਰੀ ਨਵੀਂ ਕਵਿਤਾ ਦੀ ਪਹਿਲੀ ਪਾਠਕ ਹੁੰਦੀ ਹੈ। ਜੋਕਰ ਪਰਮ ਸਰਾਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਵਿਤਾ ਲਿਖਦੀ ਹੈ ਤਾਂ ਉਹ ਵੀ ਮੁਹੱਬਤੀ ਰੰਗ ਵਿਚ ਰੰਗਕੇ ਹੀ ਲਿਖਦੀ ਹੈ। ਸਫ਼ਰ ਸਿਰਲੇਖ ਵਾਲੀ ਕਵਿਤਾ ਵਿਚ ਉਹ ਗ਼ਰੀਬ ਲੜਕੀ ਦੀ ਜ਼ਿੰਦਗੀ ਬਾਰੇ ਲਿਖਦੀ ਹੈ ਕਿ-

ਪਰ ਅੱਜ ਵੀ ਯਾਦ ਹੈ, ਉਹ ਸਾਂਵਲੇ ਜਿਹੇ ਰੰਗ ਵਾਲੀ।
ਕੁੜੀ
ਮੋਢੇ ਬਗਲੀ, ਤੇੜ ਪਾਟੇ ਕਪੜੇ, ਕਾਗਜ਼ ਚੁਗਦੀ ਫਿਰਦੀ।
ਅੱਜ ਵੀ ਯਾਦ ਹੈ ਬੱਸ ਅੱਡੇ ਕੋਲੇ ਝੁੱਗੀਆਂ, ਤੇ ਉਹਨਾਂ ‘ਚ ਰੁਲਦਾ ਅਨਮੋਲ ਬਚਪਨ।
ਅੱਜ ਵੀ ਯਾਦ ਹੈ ਗੋਦੀ ‘ਚ ਬਾਲ ਲੈ ਰੋੜੀ ਕੁੱਟਦੀ ਮਾਂ।

ਉਹ ਕਵਿਤਾ ਨੂੰ ਇਸਤਰੀ ਦਾ ਦੂਜਾ ਰੂਪ ਹੀ ਸਮਝਦੀ ਹੈ। ਉਸਦੀਆਂ ਕਵਿਤਾਵਾਂ ਤੋਂ ਪਤਾ ਲੱਗਦਾ ਹੈ ਕਿ ਮੁਹੱਬਤ ਦੀ ਪ੍ਰਾਪਤੀ ਲਈ ਇਨਸਾਨ ਹਰ ਧਰਮ ਦਾ ਦਰਵਾਜਾ ਖੜਕਾਉਂਦਾ ਹੈ। ਮੁਹੱਬਤੀ ਲੋਕ ਆਪਣੇ ਪਰਮ ਪਿਆਰੇ ਦੀ ਪ੍ਰਾਪਤੀ ਲਈ ਹਰ ਹੀਲਾ ਵਰਤ ਲੈਂਦੇ ਹਨ। ਉਨ੍ਹਾਂ ਦੇ ਰਾਹ ਵਿਚ ਧਰਮ ਅਤੇ ਜਾਤ ਅੜਿਕਾ ਨਹੀਂ ਬਣ ਸਕਦੇ।

ਤੇਰੇ ਮੋਹ ਦਾ ਇੱਕ ਘੁੱਟ ਭਰਨ ਲਈ , ਹਰ ਚੌਖਟ ‘ਤੇ ਸਜਦਾ ਕਰ ਆਈ।
ਗੁਰੂ ਘਰ ਮੱਥਾ ਟੇਕ ਲਿਆ, ਅੱਲਾ ਹੂ ਅਕਬਰ ਦਾ ਹੋਕਾ ਦੇ ਆਈ।
ਈਸਾ ਨੂੰ ਦੁਆ ਵੀ ਕਰ ਲਈ ਮੈਂ, ਰਾਮ ਦਾ ਦਰ ਖੜਕਾ ਆਈ।
ਮੁਹੱਬਤ ‘ਚ ਤੇਰੀ ਚਾਹਤ ਨੇ, ਸੱਚ ਜਾਣੀ ਸੱਜਣਾ।
ਮੈਨੂੰ ਮਜ਼ਹਬਾਂ ਦੇ ਬੰਧਨਾਂ ਤੋਂ ਮੁਕਤ ਕਰ ਦਿੱਤਾ।

ਉਹ ਇਸ ਗੱਲੋਂ ਵੀ ਦੁਨੀਆਂ ਤੇ ਕਿੰਤੂ ਪ੍ਰੰਤੂ ਕਰਦੀ ਹੈ ਕਿ ਕਹਿਣ ਨੂੰ ਤਾਂ ਉਹ ਇਸਤਰੀ ਨੂੰ ਜੱਗ ਜਣਨੀ ਕਹਿੰਦੇ ਹਨ ਪ੍ਰੰਤੂ ਅਮਲੀ ਰੂਪ ਵਿਚ ਉਹ ਔਰਤ ਨੂੰ ਗ਼ੁਲਾਮ ਹੀ ਬਣਾਕੇ ਰੱਖਣਾ ਚਾਹੁੰਦੇ ਹਨ। ਜਿਸ ਆਦਮੀ ਨੂੰ ਉਹ ਪੈਦਾ ਕਰਦੀ ਹੈ, ਉਹੀ ਮਰਦ ਉਸ ਨਾਲ ਅਣਮਨੁੱਖੀ ਹਰਕਤਾਂ ਕਰਦਾ ਹੈ। ਉਹ ਹਮੇਸ਼ਾ ਮਰਦ ਦੀ ਛਤਰ ਛਾਇਆ ਹੇਠ ਹੀ ਰਹਿੰਦੀ ਹੈ, ਭਾਵੇਂ ਬਾਪ, ਭਰਾ, ਪ੍ਰੇਮੀ ਅਤੇ ਪਤੀ ਹੀ ਕਿਉਂ ਨਾ ਹੋਵੇ। ਉਹ ਔਰਤ ਨੂੰ ਕੁਸਕਣ, ਪਨਪਣ, ਫਟਕਣ, ਅਤੇ ਫਰਕਣ ਨਹੀਂ ਦਿੰਦਾ। ਮਰਦ ਔਰਤ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੇ ਸਗੋਂ ਹਓਕੇ ਹੀ ਪੱਲੇ ਪਾਉਂਦੇ ਹਨ। ਮਰਦ ਔਰਤ ਦਾ ਜਿਸਮਾਨੀ ਸ਼ੋਸ਼ਣ ਹੀ ਕਰਦਾ ਹੈ। ਔਰਤ ਤਾਂ ਆਦਮੀ ਨੂੰ ਰੂਹ ਨਾਲ ਪਿਆਰ ਕਰਦੀ ਹੈ। ਆਪਣਾ ਸਭ ਕੁਝ ਸਮਰਪਤ ਕਰ ਦਿੰਦੀ ਹੈ ਪ੍ਰੰਤੂ ਆਦਮੀ ਸਿਰਫ ਤੇ ਸਿਰਫ ਆਪਣੀ ਹਿਰਸ ਪੂਰੀ ਕਰਦਾ ਹੈ। ਉਹ ਲਿਖਦੀ ਹੈ ਕਿ –

ਅੜਿਆ ਰੂਹਾਂ ਦੀ ਸਾਂਝ ਦੀ ਗੱਲ ਕਰਦਾ ਸੈਂ,
ਤੂੰ ਤਾਂ ਜਿਸਮ ਦੇ ਨਾਪ ਤੋਲ ‘ਚ ਹੀ ਉਲਝ ਗਿਆ।
ਉਹ ਕਹਿੰਦਾ ਪਿਆਰ ਤਾਂ ਰੂਹਾਨੀ ਏ,
ਪਰ ਜਿਸਮ ਤੋਂ ਪਾਰ ਹੋਕੇ ਜਾਣਾ ਪੈਣਾ।
ਤੇ ਉਹ ਅੰਗਾਂ ਤੱਕ ਹੀ ਸਿਮਟ ਕੇ ਰਹਿ ਗਿਆ।
ਮੈਂ ਛਲਣੀ ਹੋ ਰੂਹ ਤੱਕ ਤੜਪ ਗਈ।

ਉਹ ਔਰਤ ਨੂੰ ਇਹ ਵੀ ਯਾਦ ਕਰਵਾਉਂਦੀ ਹੈ ਕਿ ਉਸਨੂੰ ਬੋਬਸ ਮਹਿਸੂਸ ਨਹੀਂ ਹੋਣਾ ਚਾਹੀਦਾ ਭਾਵੇਂ ਸਾਡਾ ਇਤਿਹਾਸ ਔਰਤ ਨੂੰ ਦਾਸੀ ਬਣਾਕੇ ਵੀ ਰੱਖਦਾ ਰਿਹਾ ਪ੍ਰੰਤੂ ਇਸਦੇ ਨਾਲ ਹੀ ਬਹਾਦਰ ਔਰਤਾਂ ਦੀ ਬਹਾਦਰੀ ਦਾ ਜ਼ਿਕਰ ਕਰਦੀ ਹੋਈ ਆਪਣੀਆਂ ਕਵਿਤਾਵਾਂ ਵਿਚ ਦਸਦੀ ਹੈ ਕਿ ਮਾਈ ਭਾਗੋ ਅਤੇ ਝਾਂਸੀ ਦੀ ਰਾਣੀ ਨੇ ਆਪਣੀਆਂ ਬਹਾਦਰੀ ਦੀਆਂ ਸਰਗਰਮੀਆਂ ਨਾਲ ਇਤਿਹਾਸ ਸਿਰਜ ਦਿੱਤਾ। ਇਸ ਲਈ ਔਰਤਾਂ ਨੂੰ ਇਨ੍ਹਾਂ ਮਹਾਨ ਇਸਤਰੀਆਂ ਨੂੰ ਮਾਰਗ ਦਰਸ਼ਕ ਬਣਾਉਣਾ ਚਾਹੀਦਾ ਹੈ। ਕਵਿਤਰੀ ਜਿੱਥੇ ਔਰਤ ਦੀ ਦੁਰਦਸ਼ਾ ਦੀ ਗੱਲ ਕਰਦੀ ਹੈ ਉਥੇ ਹੀ ਉਹ ਆਸ਼ਾਵਾਦੀ ਵੀ ਹੈ। ਉਹ ਇਸਤਰੀ ਨੂੰ ਆਪਣੇ ਅਮੀਰ ਵਿਰਸੇ ਤੋਂ ਪ੍ਰੇਰਨਾ ਲੈ ਕੇ ਬਹਾਦਰ ਬਣਨ ਲਈ ਵੀ ਕਹਿੰਦੀ ਹੋਈ ਲਿਖਦੀ ਹੈ ਕਿ

ਮੈਂ ਡਟਾਂਗੀ ਹਰ ਖ਼ੌਫ਼ ਅੱਗੇ, ਹਰ ਵਹਿਸ਼ੀ ਅੱਗੇ।
ਹਰ ਦਾਨਵ ਅੱਗੇ, ਹੁਣ ਮੈਂ ਮਾਈ ਭਾਗੋ ਹਾਂ।
ਝਾਂਸੀ ਦੀ ਰਾਣੀ ਹਾਂ, ਦੁਰਗਾ ਦਾ ਰੂਪ ਹਾਂ।

ਉਹ ਆਪਣੀ ਇੱਕ ਕਵਿਤਾ ਵਿਚ ਲਿਖਦੀ ਹੈ ਕਿ ਮਾਂ ਹੋਣਾ ਸੁਖਦ ਦਾ ਅਹਿਸਾਸ ਹੈ ਪ੍ਰੰਤੂ ਮਾਂ ਨੂੰ ਸਮਾਜ ਦੇ ਤਾਅਨੇ ਮਿਹਣੇ ਵੀ ਸੁਣਨੇ ਪੈਂਦੇ ਹਨ ਅਤੇ ਉਹ ਚੁੱਪ ਕਰਕੇ ਸਹਿਨ ਕਰ ਲੈਂਦੀ ਹੈ। ਮਰਦ ਔਰਤ ਨੂੰ ਆਪਣਾ ਗ਼ੁਲਾਮ ਬਣਾਕੇ ਰੱਖਣ ਨੂੰ ਤਰਜ਼ੀਹ ਦਿੰਦਾ ਹੈ। ਹੋਂਦ ਸਿਰਲੇਖ ਵਾਲੀ ਕਵਿਤਾ ਵਿਚ ਕਵਿਤਰੀ ਲਿਖਦੀ ਹੈ ਕਿ

ਪਤਾ ਨਹੀਂ ਕੀ ਹੋਂਦ ਹੈ ਮੇਰੀ, ਪੈਰ ਪੈਰ ‘ਤੇ ਨਸੀਹਤਾਂ, ਪਾਬੰਦੀਆਂ, ਮਜ਼ਬੂਰੀਆਂ।
ਪਰ ਮੇਰੀ ਸੋਚ ਜਾ ਪਹੁੰਚੀ ਅੰਬਰੀਂ, ਪਰ ਮੇਰਾ ਵਜੂਦ ਅਜੇ ਵੀ ਬੰਧਕ ਏ।
ਛਟਪਟਾ ਕੇ ਰਹਿ ਜਾਂਦੀ ਹਾਂ, ਮਹਿਲਨੁਮਾ ਪਿੰਜਰੇ ਅੰਦਰ।
ਕਾਸ਼ ਮੈਂ ਵੀ ਜ਼ਿੰਦਗੀ ਨੂੰ ਜ਼ਿੰਦਗੀ ਨੂੰ ਜਿਉਂ ਕੇ ਵੇਖ ਲੈਂਦੀ।

ਇਸ ਪੁਸਤਕ ਦਾ ਸਿਰਲੇਖ ” ਤੂੰ ਕੀ ਜਾਣੇਂ ” ਦੇ ਨਾਂ ਵਾਲੀ ਕਵਿਤਾ ਵਿਚ ਉਹ ਆਦਮੀ ਨੂੰ ਵੰਗਾਰਦੀ ਹੈ ਕਿ ਤੂੰ ਮੇਰੀ ਅਹਿਮੀਅਤ ਅਤੇ ਜਦੋਜਹਿਦ ਭਰੀ ਜ਼ਿੰਦਗੀ ਬਾਰੇ ਬਿਲਕੁਲ ਜਾਣਦਾ ਨਹੀਂ ਕਿ ਮੈਂ ਤੇਰੇ ਲਈ ਕਿਤਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੀ ਹੋਈ ਤੇਰੀ ਪ੍ਰਾਪਤੀ ਲਈ ਵੇਲਣ ਵੇਲਦੀ ਹਾਂ। ਮੇਰੇ ਸੁਪਨੇ ਕਈ ਵਾਰ ਅਧਵਾਟੇ ਹੀ ਟੁੱਟ ਜਾਂਦੇ ਹਨ ਪ੍ਰੰਤੂ ਤੈਨੂੰ ਮੇਰੀਆਂ ਘਾਲਨਾਵਾਂ ਦਾ ਅਹਿਸਾਸ ਹੀ ਨਹੀਂ ਹੁੰਦਾ।

ਤੂੰ ਕੀ ਜਾਣੇਂ, ਕਿੰਨਾ ਔਖ਼ਾ ਹੁੰਦਾ।
ਹੰਝੂਆਂ ਭਰੀਆਂ ਅੱਖਾਂ ਨਾਲ ਮੁਸਕਾਉਣਾ
ਤੂੰ ਕੀ ਜਾਣੇਂ, ਕਿੰਨਾ ਔਖਾ ਹੁੰਦਾ ਟੁੱਟੇ ਸੁਪਨਿਆਂ ਨੂੰ ਸਾਹਾਂ ਦੀ ਲੜੀ ‘ਚ ਪਰੋ ਲੈਣਾ।

ਪਰਮ ਸਰਾਂ ਦੀ ਕਵਿਤਾ ਵਿਚ ਦਰਿਆ ਦੇ ਪਾਣੀ ਦੀ ਤਰ੍ਹਾਂ ਰਵਾਨਗੀ ਹੈ, ਜਿਹੜੀ ਝਨਾ ਦੀਆਂ ਲਹਿਰਾਂ ਬਣਕੇ ਇਨਸਾਨ ਦੇ ਮਨਾਂ ਨੂੰ ਉਕਸਾਉਂਦੀ, ਹਿਲਾਉਂਦੀ, ਕੁਰੇਦਦੀ, ਤੜਪਾਉਂਦੀ, ਲਲਚਾਉਂਦੀ ਅਤੇ ਪ੍ਰਚਾਉਂਦੀ ਹੋਈ ਪਿਆਰ ਮੁਹੱਬਤ ਦੇ ਗੀਤ ਗਾਉਣ ਲਈ ਮਜ਼ਬੂਰ ਕਰਦੀ ਹੈ। ਉਸਦੇ ਸ਼ਬਦਾਂ ਵਿਚ ਮੋਹ-ਮੁਹੱਬਤ ਅਤੇ ਪਿਆਰ ਦੀ ਖ਼ੁਸ਼ਬੂ ਆਉਂਦੀ ਰਹਿੰਦੀ ਹੈ। ਉਸ ਵੱਲੋਂ ਕਵਿਤਾਵਾਂ ਵਿਚ ਵਰਤੇ ਗਏ ਸ਼ਬਦਾਂ ਤੋਂ ਉਸਦੀ ਬੋਲੀ ਦੀ ਮਿਠਾਸ ਝਲਕਦੀ ਹੈ। ਇਉਂ ਲੱਗ ਰਿਹਾ ਹੁੰਦਾ ਜਿਵੇਂ ਪਰਮ ਸਰਾਂ ਪਿਆਰ ਦੇ ਫੰਬੇ ਲਾ ਕੇ ਜ਼ਖ਼ਮੀ ਦਿਲਾਂ ਨੂੰ ਤਸੱਲੀ ਦੇ ਕੇ ਪਿਆਰ ਵਿਚ ਗੜੂੰਦ ਹੋਣ ਲਈ ਪ੍ਰੇਰਦੀ ਹੋਵੇ। ਉਸ ਵੱਲੋਂ ਵਰਤੇ ਗਏ ਕੁੱਝ ਸ਼ਬਦ ਚਾਨਣੀ, ਫੁਹਾਰ, ਕਿਣਮਿਣ, ਕਣੀਆਂ, ਤਿਲਕਦੇ, ਖ਼ੁਮਾਰ, ਪੋਟਲੀ, ਲੀਰੋ ਲੀਰ, ਚਹਿਕ , ਮਹਿਕ, ਤੱਤੜੀ, ਅਠਖੇਲੀਆਂ, ਬਰੂਹਾਂ, ਤਰੰਗਾਂ, ਲਟ ਲਟ ਬਲਣਾ, ਛਿਟ, ਚਾਂਦੀ, ਕੂਲੇ, ਮਖਮਲ, ਸੌਣ ਦੇ ਛਰਾਟੇ ਅਤੇ ਪਲਕਾਂ ਆਦਿ ਵਰਨਣਯੋਗ ਹਨ। ਜਿਨ੍ਹਾਂ ਵਿਚੋਂ ਮੁਹੱਬਤਾਂ ਦੀ ਮਹਿਕ ਆਉਂਦੀ ਹੋਈ ਮਨੁੱਖੀ ਮਨਾਂ ਨੂੰ ਸਰਸਾਰ ਕਰਦੀ ਹੈ। ਮੁੱਲ ਨਾਂ ਦੀ ਕਵਿਤਾ ਵਿਚ ਲਿਖਦੀ ਹੈ-

ਮੁੱਲ ਤੇਰੀ ਮੁਹੱਬਤ ਦਾ, ਮੈਥੋਂ ਤਾਰ ਨਹੀਂ ਹੋਣਾ।
ਤੂੰ ਜਾਨ ਵੀ ਚਾਹੇ ਮੰਗ ਲੈ, ਕਰ ਇਨਕਾਰ ਨਹੀਂ ਹੋਣਾ।
ਤੇਰੇ ਇੱਕ ਹਾਸੇ ਲਈ, ਇਹ ਜਿੰਦ ਮੈਂ ਵਾਰ ਦਿਆਂ।

ਮਰਦਾਂ ਨੂੰ ਤਾਅਨੇ ਮਿਹਣੇ ਵੀ ਆਪਣੀਆਂ ਕਵਿਤਾਵਾਂ ਵਿਚ ਮਾਰਦੀ ਹੋਈ ਸੱਚ ਦੇ ਮਾਰਗ ਤੇ ਚਲਣ ਲਈ ਕਹਿੰਦੀ ਹੈ ਕਿ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਵਿਖਾਵਾ ਕਰਨ ਵਾਲਿਆਂ ਨੂੰ ਵੀ ਆੜੇ ਹੱਥੀਂ ਲੈਂਦੀ ਹੈ। ਉਸਦੀਆਂ ਬਹੁਤ ਸਾਰੀਆਂ ਕਵਿਤਾਵਾਂ ਵਿਚ ਉਹ ਮਰਦਾਂ ਨੂੰ ਨਿਹੋਰੇ ਅਤੇ ਵਿਅੰਗ ਕਸਦੀ ਹੈ ਕਿ ਉਹ ਸਿਰਫ ਆਪਣੀ ਵਾਸ਼ਨਾ ਦੀ ਪੂਰਤੀ ਲਈ ਹੀ ਔਰਤ ਦੀ ਇਛਾ ਰੱਖਦੇ ਹਨ ਅਤੇ ਆਪਣਾ ਕੰਮ ਕੱਢਕੇ ਫਾਲਤੂ ਵਸਤੂ ਦੀ ਤਰ੍ਹਾਂ ਸੁਟ ਦਿੰਦੇ ਹਨ। ਕਵਿਤਰੀ ਮਰਦ ਕੋਲੋਂ ਪਾਕਿ ਤੇ ਪਵਿਤਰ ਰਿਸ਼ਤਿਆਂ ਦੀ ਮੰਗ ਕਰਦੀ ਹੈ। ਉਸ ਦੀਆਂ ਕਵਿਤਾਵਾਂ ਤੋਂ ਮਹਿਸੂਸ ਹੁੰਦਾ ਹੈ ਕਿ ਉਸਨੇ ਇਸਤਰੀਆਂ ਨਾਲ ਹੋ ਰਹੇ ਧੋਖਿਆਂ ਅਤੇ ਫਰੇਬਾਂ ਦੇ ਅਨੁਭਵ ਨੂੰ ਲੋਕਾਈ ਸਾਹਮਣੇ ਰੱਖਿਆ ਹੈ। ਉਹ ਲੜਕੀਆਂ ਨੂੰ ਸੁਚੇਤ ਵੀ ਕਰਨਾ ਚਾਹੁੰਦੀ ਹੈ ਕਿ ਉਹ ਮਰਦਾਂ ਦੇ ਚੁੰਗਲ ਵਿਚ ਫਸਣ ਤੋਂ ਪ੍ਰਹੇਜ ਕਰਨ। ਪਿਆਰ ਨੂੰ ਉਹ ਮਰਦਾਂ ਦਾ ਵਣਜ ਕਹਿੰਦੀ ਹੈ। ਉਸ ਦੀਆਂ ਕੁੱਝ ਕਵਿਤਾਵਾਂ ਅਜਿਹੀਆਂ ਹਨ ਜਿਹੜੀਆਂ ਵਿਚ ਉਹ ਮਰਦਾਂ ਤੋਂ ਪਿਆਰ ਦੇ ਵਿਚ ਪਰਪੱਕ ਹੋਣ ਦੀ ਇੱਛਾ ਰੱਖਦੀ ਹੈ। ਅਜਿਹੀਆਂ ਕਵਿਤਾਵਾਂ ਦੇ ਸਿਰਲੇਖ ਹਨ-ਗੁੱਸਾ, ਦੂਰੀ, ਚਲ ਮਨਾਂ, ਚੁੱਪ, ਹਰਫ਼, ਸੁਪਨਮਈ ਮੁਲਾਕਾਤ, ਚੌਖ਼ਟ, ਸੌਦੇਬਾਜੀ, ਬੇਨਾਮ, ਸੁਰਖ਼ੁਰੂ, ਕਿੱਸਾ, ਮੁਹੱਬਤ ਜਾਂ ਉਮਰ ਕੈਦ, ਇੱਕ ਰਾਹੀ, ਵਪਾਰੀ, ਓਪਰੀ ਸ਼ੈ, ਤੂੰ ਕੀ ਜਾਣੇ, ਸੁਪਨਿਆਂ ਦਾ ਟੁੱਟ ਜਾਣਾ, ਮੇਰੀ ਚਾਹਤ, ਦਰਦ, ਮਾਲੀ, ਸੱਚੀ ਮੁਹੱਬਤ, ਤੇਰੇ ਬਗੈਰ, ਗ਼ਲਤੀ, ਅਣਕਹੇ ਅਹਿਸਾਸ, ਜਿੰਦ ਨਿਮਾਣੀ, ਬੇਜਾਨ ਮੂਰਤ, ਮਹਿਬੂਬ ਜਾਂ ਤਵਾਇਫ਼ ਆਖ਼ਰੀ ਖ਼ਤ, ਆਸ ਅਤੇ ਪਾਕਿ ਰਿਸ਼ਤਾ ਆਦਿ। ਕਵਿਤਰੀ ਲਿਖਦੀ ਹੈ ਕਿ ਜਦੋਂ ਔਰਤ ਮਰਦ ਦੇ ਪਿਆਰ ਵਿਚ ਫਸ ਜਾਂਦੀ ਹੈ ਤਾਂ ਮਰਦ ਉਸਨੂੰ ਆਪਣੇ ਚਕਰ ਵਿਚ ਪਾ ਕੇ ਉਸਦੇ ਪਰ ਕੱਟ ਦਿੰਦਾ ਹੈ। ਭਾਵ ਉਸ ਉਪਰ ਬੰਦਸ਼ਾਂ ਲਾ ਕੇ ਪਹਿਲਾਂ ਕੀਤੇ ਸਾਰੇ ਵਾਅਦੇ ਭੁੱਲ ਜਾਂਦਾ ਹੈ। ਮੁਹੱਬਤ ਜਾਂ ਉਮਰ ਕੈਦ ਕਵਿਤਾ ਵਿਚ ਉਹ ਲਿਖਦੀ ਹੈ-

ਮੈਨੂੰ ਤੂੰ ਰੋਜ਼ ਬੁਲਾਇਆ, ਹੱਥਾਂ ਤੇ ਚੋਗ ਚੁਗਾਇਆ।
ਪੁਚਕਾਰਿਆ ਸਹਿਲਾਇਆ, ਤੂੰ ਮੇਰੀ ਆਦਤ ਬਣ ਗਿਆ।
ਮੈਂ ਰੋਜ਼ ਤੇਰੇ ਕੋਲ ਆਉਣ ਲੱਗੀ, ਕਈ ਵਾਰ ਬਿਨ ਬੁਲਾਏ ਵੀ ।
ਇੱਕ ਦਿਨ ਫੜ੍ਹ ਤੂੰ ਮੈਨੂੰ ਪਿੰਜਰੇ ‘ਚ ਪਾ ਲਿਆ, ਫੇਰ ਤੂੰ ਮੈਨੂੰ ਪੈਰੀਂ ਝਾਂਜਰ ਪਾ ਦਿੱਤੀ।
ਪਰ ਮੇਰੇ ਪੰਖ ਕੁਤਰ ਦਿੱਤੇ, ਸਮਝ ਨਹੀਂ ਪਾਈ, ਕਿ ਇਹ ਕੀ ਸੀ।
ਮੁਹੱਬਤ ਜਾਂ ਉਮਰ ਕੈਦ……………..?

ਇਹ ਹੈ ਉਸਦੀ ਕਵਿਤਾ ਵਿਚ ਔਰਤ ਦੇ ਮਰਦ ਤੇ ਵਿਸ਼ਵਾਸ ਦੀ ਤ੍ਰਾਸਦੀ। ਕਿੱਸਾ ਕਵਿਤਾ ਵਿਚ ਵੀ ਮਰਦ ਵੱਲੋਂ ਔਰਤ ਦੀ ਅਸਤ ਨੂੰ ਮਸਲਕੇ ਸੁੱਟਣ ਦੀ ਵਿਥਿਆ ਹੈ। ਇਸੇ ਤਰ੍ਹਾਂ ਸਰੁਖ਼ੁਰੂ ਕਵਿਤਾ ਵਿਚ ਕਵਿਤਰੀ ਲਿਖਦੀ ਹੈ ਕਿ ਮਰਦ ਤਾਂ ਦੁਨੀਆਂਦਾਰੀ ਕਹਿ ਕੇ ਮਰਿਆਦਾ ਪ੍ਰਸ਼ੋਤਮ ਦਾ ਮਖ਼ੌਟਾ ਪਾ ਲੈਂਦਾ ਹੈ। ਔਰਤ ਬਿਰਹਾ ਦਾ ਸੰਤਾਪ ਹੰਢਾਉਂਦੀ ਰਹਿੰਦੀ ਹੈ। ਬੇਨਾਮ ਨਾਂ ਦੀ ਕਵਿਤਾ ਵਿਚ ਆਦਮੀ ਔਰਤ ਨਾਲ ਬੇਨਾਮੀ ਰਿਸ਼ਤੇ ਤਾਂ ਰੱਖਣ ਲਈ ਤਿਆਰ ਰਹਿੰਦਾ ਹੈ, ਦੁਨੀਆਂ ਤੋਂ ਚੋਰੀ ਚੋਰੀ ਮਿਲਣਾ ਪਸੰਦ ਕਰਦਾ ਹੈ ਪ੍ਰੰਤੂ ਔਰਤ ਨੂੰ ਪਰਣਾਉਣ ਲਈ ਤਿਆਰ ਨਹੀਂ ਹੁੰਦਾ। ਸੌਦੇਬਾਜੀ ਅਤੇ ਚੌਖ਼ਟ ਨਾਮ ਦੀਆਂ ਕਵਿਤਾਵਾਂ ਵੀ ਅਜਿਹੀ ਤ੍ਰਾਸਦੀ ਦਾ ਪ੍ਰਗਟਾਵਾ ਕਰਦੀਆਂ ਹਨ। ਕਵਿਤਰੀ ਨੇ ਇਸਤਰੀਆਂ ਬਾਰੇ ਮਰਦਾਂ ਦੀ ਮਾਨਸਿਕਤਾ ਬਾਰੇ ਭਿਉਂ ਭਿਉਂ ਕੇ ਮਿੱਠੀਆਂ ਮਿੱਠੀਆਂ ਜੁਤੀਆਂ ਮਾਰੀਆਂ ਹਨ। ਚਲ ਮਨਾਂ ਨਾਮ ਦੀ ਕਵਿਤਾ ਵਿਚ ਪਰਮ ਸਰਾਂ ਦੁਨੀਆਂ ਨੂੰ ਮਤਲਬੀ ਅਤੇ ਧੋਖ਼ਬਾਜ ਕਹਿੰਦੀ ਹੋਈ ਲਿਖਦੀ ਹੈ ਕਿ ਕਿਸੇ ਕੋਲ ਔਰਤ ਦੇ ਦੁੱਖ ਸੁਣਨ ਲਈ ਵਕਤ ਹੀ ਨਹੀਂ। ਲੋਕ ਤਾਂ ਹਸਦੇ ਚਿਹਰਿਆਂ ਦਾ ਮੁੱਲ ਪਾਉਂਦੇ ਹਨ।

ਇੱਥੇ ਹਸਦੇ ਚਿਹਰੇ ਵਿਕਦੇ ਨੇ, ਰੋਂਦਿਆਂ ਨੂੰ ਕੌਣ ਪੁਛਦਾ।
ਚਲ ਪਾ ਲੈ ਫੇਰ ਉਹੀ ਨਕਾਬ, ਜਰੂਰੀ ਆ ਇਹ।
ਇਸ ਮਤਲਬੀ ਦੁਨੀਆਂ ਅੰਦਰ, ਅੱਖਾਂ ਭਰ ਕੇ ਹੱਸਣਾ ਸਿੱਖ ਲੈ।

ਪਰਮ ਸਰਾਂ ਦੀਆਂ ਕਵਿਤਾਵਾਂ ਨਾਰੀ ਚੇਤਨਾ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀਆਂ ਹਨ। ਪਵਿਖ ਵਿਚ ਪਰਮ ਸਰਾਂ ਤੋਂ ਹੋਰ ਸਾਰਥਿਕ ਕਵਿਤਾੳਾ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।

ਉਜਾਗਰ ਸਿੰਘ

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072
ujagarsingh48@yahoo.com

Install Punjabi Akhbar App

Install
×