ਪੁਸਤਕ-ਰਿਵੀਊ -ਸ਼ਾਹੀ ਸ਼ਹਿਰ ਪਟਿਆਲਾ ਦੀ ਸਰ-ਜ਼ਮੀਨ ਤੋਂ ਪਹਿਲੀ ਵਾਰ ਸਾਂਝਾ ਗੁਰਮੁਖੀ ਅਤੇ ਸ਼ਾਹਮੁਖੀ ਕਹਾਣੀ-ਸੰਗ੍ਰਹਿ ”ਸੱਥ ਜੁਗਨੂੰਆਂ ਦੀ”

ਸ਼ਾਹੀ ਸ਼ਹਿਰ ਪਟਿਆਲਾ ਵਿਖੇ ਬੀਤੇ 43 ਸਾਲਾਂ ਤੋਂ ਤ੍ਰੈਭਾਸ਼ੀ ਸਾਹਿਤ ਦੀ ਸੇਵਾ ਕਰਦੀ ਆ ਰਹੀ ਸੰਸਥਾ ‘ਤ੍ਰਿਵੇਣੀ ਸਾਹਿਤ ਪ੍ਰੀਸ਼ਦ (ਰਜਿ.), ਪਟਿਆਲਾ’ ਦੀ ਪੇਸ਼ਕਸ਼ ਵੱਜੋਂ ਹੱਥਲੀ ਪੁਸਤਕ ”ਸੱਥ ਜੁਗਨੂੰਆਂ ਦੀ” ਬੀਤੇ ਦੀਆਂ ਯਾਦਾਂ, ਬਟਵਾਰੇ ਦੇ ਟੱਸ-ਟੱਸ ਕਰਦੇ ਜ਼ਖ਼ਮ, ਸਮਾਜਿਕ ਟੁੱਟ ਭੱਜ ਅਤੇ ਨਿੱਘਰ ਰਹੀ ਆਰਥਿਕਤਾ ਦੀ ਮਾਰ ਦੀ ਤਸਵੀਰ ਪੇਸ਼ ਕਰਦੀ, ਸਮਰੱਥ ਕਲਮਕਾਰ ਅੰਮ੍ਰਿਤਪਾਲ ਸਿੰਘ ਵੱਲੋਂ ਲਿਪੀਅੰਤਰਿਤ ਅਤੇ ਸੰਪਾਦਿਤ ਕਹਾਣੀ-ਸੰਗ੍ਰਹਿ ਹੈ।ਇਸ ਕਹਾਣੀ-ਸੰਗ੍ਰਹਿ ਵਿਚ ਵਿੱਚ ਮਾਂ-ਬੋਲੀ ਦੇ ਪੰਦਰਾਂ ਸਮਰੱਥ ਤੇ ਅਨੁਭਵੀ ਕਹਾਣੀਕਾਰਾਂ ਦੀਆਂ ਮਾਸਟਰ-ਪੀਸ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ। ਸ਼ਾਹੀ ਸ਼ਹਿਰ ਵਿਚ ਇਹ ਪੁਸਤਕ ਆਪਣੇ ਆਪ ਵਿੱਚ ਹੀ ਇੱਕ ਨਿਵੇਕਲੀ ਪਹਿਲ ਹੈ। ਇਸ ਪੁਸਤਕ ਦੀ ਵਿਲੱਖਣਤਾ ਇਹ ਹੈ ਕਿ ਪੁਸਤਕ ਵਿਚ ਸ਼ਾਮਲ ਪੰਦਰਾਂ ਕਹਾਣੀਆਂ ਨੂੰ ਗੁਰਮੁਖੀ ਦੇ ਨਾਲ ਨਾਲ ਸ਼ਾਹਮੁਖੀ ਵਿੱਚ ਵੀ ਪ੍ਰਕਾਸ਼ਿਤ ਕਰ ਕੇ ਇਸ ਦਾ ਦਾਇਰਾ ਦੇਸ਼ ਦੀਆਂ ਹੱਦਾਂ ਤੋਂ ਪਾਰ ਦਾ ਕੀਤਾ ਗਿਆ ਹੈ। ਇਸ ਨਾਲ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪਾਠਕਾਂ ਦੀ ਸਾਂਝ ਨੂੰ ਹੁਲਾਰਾ ਮਿਲੇਗਾ।

ਤ੍ਰਿਵੇਣੀ ਸਾਹਿਤ ਪਰਿਸ਼ਦ, ਪਟਿਆਲਾ ਵੱਲੋਂ ਸੰਸਥਾਗਤ ਰੂਪ ਵਿਚ ਚਾਲੂ ਸਾਲ 2021 ਵਿਚ ਹੀ ਇਹ ਦੂਜਾ ਸਫਲ ਉਪਰਾਲਾ ਹੈ। ਫ਼ਰਵਰੀ -2021 ਵਿਚ 30 ਸਮਰੱਥ ਗ਼ਜ਼ਲਗੋ ਸ਼ਾਇਰਾਂ ‘ਤੇ ਅਧਾਰਿਤ ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਵਿਚ ਸਾਂਝਾ ਗ਼ਜ਼ਲ-ਸੰਗ੍ਰਹਿ ”ਸਾਂਝ ਅਮੁੱਲੀ ਬੋਲੀ ਦੀ”, 350 ਪੰਨਿਆਂ ਦੀ ਵੱਡ ਅਕਾਰੀ ਪੁਸਤਕ ਵੀ ਮੰਜ਼ਰੇ-ਆਮ ‘ਤੇ ਆ ਚੁੱਕੀ ਹੈ। ਇਨ੍ਹਾਂ ਦੋਹਾਂ ਪੁਸਤਕਾਂ ਵਿਚ ਲੇਖਕਾਂ ਦੀਆਂ ਰਚਨਾਵਾਂ ਤੋਂ ਪਹਿਲਾਂ ਉਨ੍ਹਾਂ ਦਾ ਸੰਖੇਪ ਜੀਵਨ ਬਿਉਰਾ ਵੀ ਦੋਵੇਂ ਲਿਪੀਆਂ ਵਿੱਚ ਦਿੱਤਾ ਗਿਆ ਹੈ, ਜੋ ਪੁਸਤਕ ਦੀ ਸ਼ੋਭਾ ਵਧਾਉਂਦਾ ਹੈ।

ਹੱਥਲੀ ਪੁਸਤਕ ਦੀ ਭੂਮਿਕਾ ਪੰਜਾਬੀ ਸਾਹਿਤ ਸੰਸਾਰ ਦੇ ਨਾਮਵਰ ਵਿਦਵਾਨ ਡਾ. ਅਮਰ ਕੋਮਲ ਵੱਲੋਂ ਲਿਖੀ ਗਈ ਹੈ। ਵਿਦਵਾਨ ਸੰਪਾਦਕ ਨੇ ਪੁਸਤਕ ਵਿਚਲੀਆਂ ਕਹਾਣੀਆਂ ਦੀ ਤਰਤੀਬ ਵੱਡੀ ਉਮਰ ਦੇ ਕਹਾਣੀਕਾਰ ਤੋਂ ਛੋਟੀ ਉਮਰ ਦੇ ਕਹਾਣੀਕਾਰ ਵਾਲੇ ਕ੍ਰਮ ਅਨੁਸਾਰ ਸਥਾਪਿਤ ਕੀਤੀ ਹੈ। ਇਸ ਪੁਸਤਕ ਵਿਚਲੀ ਪ੍ਰਥਮ ਕਹਾਣੀ ਵਿਚ ਸੰਨ ਸੰਤਾਲੀ ਦੇ ਬਟਵਾਰੇ ਦਾ ਦਰਦ ਵਰਨਣ ਕਰਦਿਆਂ ਪ੍ਰਸਿੱਧ ਵਿਦਵਾਨ ਦਲੀਪ ਸਿੰਘ ਵਾਸਨ, ਕਹਾਣੀ ‘ਜਮਾਤਣ’ ਵਿੱਚ, ਸਾਰੇ ਰਿਸ਼ਤੇ ਪਿਆਰ ਤੇ ਸਾਂਝ ਨੂੰ ਭੁੱਲ ਕੇ ਮਜ਼੍ਹਬੀ ਜਨੂਨ ਦਾ ਸ਼ਿਕਾਰ ਹੋਏ, ਤੇ ਇਨਸਾਨ ਤੋਂ ਹੈਵਾਨ ਬਣੇ ਇਨਸਾਨਾਂ ਦਾ ਵਰਣਨ ਕਰਦਿਆਂ, ਵਿਰਲੇ ਟਾਵੇਂ ਇਨਸਾਨੀ ਹਿਰਦੇ ਦੀ ਕਿਸੇ ਨੁੱਕਰੇ ਪਏ ਹਮਦਰਦੀ ਦੇ ਕਿਣਕੇ ਦਾ ਉਭਾਰ ਬੜੀ ਸਹਿਜਤਾ ਅਤੇ ਸੁੰਦਰਤਾ ਨਾਲ ਕੀਤਾ ਗਿਆ ਹੈ। ‘ਹਵਾ ਵਿੱਚ ਲਟਕਦੇ ਰਿਸ਼ਤੇ’ ਨਾਮੀ ਕਹਾਣੀ ਵਿਚ ਬਾਬੂ ਸਿੰਘ ਰਹਿਲ ਨੇ ਅਜ਼ਾਦੀ ਦੀ ਵੰਡ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਬਸ਼ਿੰਦਿਆਂ ਦੇ ਦਿਲਾਂ ਵਿੱਚ ਆਪਸੀ  ਮਿਲਣ ਦੀ ਤਾਂਘ ਪੁਰਾਣੀਆਂ ਗੂੜ੍ਹੀਆਂ ਸਾਂਝਾਂ ਨੂੰ ਤਾਜ਼ਾ ਕਰਦੀ ਹੈ, ਪਰ ਉਨ੍ਹਾਂ ਦੇ ਮਨ ਦੀ ਰੀਝ ਸਰਹੱਦ ਦੀ ਨਫ਼ਰਤੀ ਲੀਕ ਦੀ ਸ਼ਿਕਾਰ ਹੋ ਉਨ੍ਹਾਂ ਦੇ ਅਰਮਾਨਾਂ ਦਾ ਖ਼ੂਨ ਕਰ ਦਿੰਦੀ ਹੈ ਤੇ ਦੋਵਾਂ ਪਾਸਿਆਂ ਦੇ ਇੱਕ ਦੂਜੇ ਪ੍ਰਤੀ ਪਿਆਰ ਭਰੇ ਦਿਲਾਂ ਕੋਲ ਹੰਝੂਆਂ ਤੋਂ ਬਿਨਾ ਕੁਝ ਨਹੀਂ ਰਹਿ ਜਾਂਦਾ।’ਕੁਝ ਗ਼ਲਤ ਸਲਾਇਡਾਂ’ ਰਾਹੀਂ ਕੁਲਭੂਸ਼ਣ ਕਾਲੜਾ ਨੇ ਬਗ਼ਲੇ ਭਗਤ ਦੇ ਦੁਮੂਹੇ ਕਿਰਦਾਰ ਦੀ ਤਸਵੀਰ ਪੇਸ਼ ਕੀਤੀ ਹੈ। ਆਪ ਉਹ ਸ਼ੱਕੀ ਕਿਰਦਾਰ ਦਾ ਬੰਦਾ ਹੈ। ਉਹ ਸਭ ਨੂੰ ਆਪਣੀ ਸ਼ੱਕੀ ਐਨਕ ਨਾਲ ਹੀ ਦੇਖਦਾ ਹੈ। ਦੂਜਿਆਂ ‘ਤੇ ਧਾਰਮਿਕ ਡੰਡਾ ਚਲਾਉਣ ਵਾਲਾ ਬਜ਼ੁਰਗੀ ਦੀ ਉਮਰ ਵਿਚ ਵੀ ਕਾਮੁਕ ਇੱਛਾਵਾਂ ਦੇ ਚਿੱਕੜ ਵਿਚ ਲੱਥ-ਪੱਥ ਹੈ। ‘ਬਰਫ਼ ਦੀ ਸਿੱਲ’ ਨਾਮੀ ਕਹਾਣੀ ਵਿਚ ਸੁਖਦੇਵ ਸਿੰਘ ਸ਼ਾਂਤ ਨੇ ਇੱਕ ਅਜਿਹੇ ਪਰਿਵਾਰ ਦਾ ਦੁਖਾਂਤ ਬਿਆਨ ਕੀਤਾ ਹੈ, ਜੋ ਲੜਕਾ ਜੰਮਣ ਦੀ ਭੁੱਖ ਨਾਲ ਆਪਣੇ ਹੱਸਦੇ ਵੱਸਦੇ ਪਰਿਵਾਰ ਨੂੰ ਨਰਕ-ਕੁੰਡ ਵਿੱਚ ਡੇਗ ਕੇ ਆਪਣਾ ਭਵਿੱਖ ਧੁੰਦਲਾ ਕਰ ਲੈਂਦਾ ਹੈ। ਅਜੋਕੇ ਮਰਦ-ਪ੍ਰਧਾਨ ਸਮਾਜ ਦੀ ਇਹ ਵੱਡੀ ਤਰਾਸਦੀ ਹੈ। ਐਪਰ, ਇੱਥੇ ਬੰਦੇ ਦੇ ਜਬਰ ਦੇ ਅੱਗੇ ਔਰਤ ਦਾ ਸਬਰ ਜੇਤੂ ਰਹਿੰਦਾ।’ਪਛਤਾਵਾ’ ਕਹਾਣੀ ਵਿਚ ਰਘਬੀਰ ਸਿੰਘ ਮਹਿਮੀ ਨੇ ਸਾਡੇ ਸਮਾਜ ਦੀ ਨਿਘਾਰ ਵੱਲ ਜਾ ਰਹੀ ਆਰਥਿਕਤਾ, ਦੈਂਤ ਬਣੀ ਖੜੀ ਬੇਰੁਜ਼ਗਾਰੀ ਤੇ ਉਸ ਕਾਰਨ ਸਫ਼ੈਦ ਹੋਇਆ ਲਹੂ, ਜੋ ਰੋਜ਼ੀ ਲਈ ਆਪਣਿਆਂ ਦੀ ਬਲੀ ਲੈਣ ਤੋਂ ਵੀ ਨਹੀਂ ਝਿਜਕਦਾ, ਜਿਹੀਆਂ ਪ੍ਰਸਥਿਤੀਆਂ ਨੂੰ ਬਿਆਨਿਆ ਹੈ। ‘ਜਨਮ ਦਿਨ’ ਕਹਾਣੀ ਵਿਚ  ਅੰਗ੍ਰੇਜ਼ ਕਲੇਰ ਅਜੋਕੇ ਸਮਾਜ ਦੀ ਦਿਖਾਵੇ ਦੀ ਭੁੱਖ, ਰਿਸ਼ਤਿਆਂ ਦਾ ਕਤਲ, ਪਰਿਵਾਰਾਂ ਵਿੱਚ ਬਜ਼ੁਰਗਾਂ ਦੀ ਬੇਕਦਰੀ ਦੇ ਬਾਵਜੂਦ ਅਣਜਾਣ ਓਪਰੇ ਇਨਸਾਨਾਂ ਵੱਲੋਂ ਸੜਕਾਂ ‘ਤੇ ਰੁਲ ਰਹੇ ਰੱਜੇ ਪੁੱਜੇ ਘਰਾਂ ਦੇ ਲਾਵਾਰਿਸ ਬਜ਼ੁਰਗਾਂ ਪ੍ਰਤੀ ਹਾਰਦਿਕ ਮਾਣ ਸਤਿਕਾਰ ਦੀ ਅਤਿ ਮਾਰਮਿਕ ਤਸਵੀਰ ਪੇਸ਼ ਕੀਤੀ ਹੈ। ‘ਆਪਣਾ ਤਾਣ ਆਪੇ ਪਹਿਚਾਣ’ ਵਿਚ ਹਰੀ ਸਿੰਘ ਚਮਕ ਵੱਲੋਂ, ਡਾਵਾਂਡੋਲ ਆਰਥਿਕਤਾ ਕਾਰਨ ਵਿਦਿਆਰਥੀ ਜੀਵਨ ਵਿਚ ਆਈ ਹੀਣ ਭਾਵਨਾ ਦਾ ਭਾਰੂ ਹੋਣਾ ਅਤੇ ਕੋਈ ਇੱਕ ਮੌਕਾ ਮਿਲਣ ‘ਤੇ ਛੁਪੇ ਗੁਣ ਉਜਾਗਰ ਹੋਣ ‘ਤੇ ਸਾਥੀਆਂ ਅਤੇ ਉਸਤਾਦਾਂ ਵੱਲੋਂ ਮਿਲੀ ਹੱਲਾਸ਼ੇਰੀ ਕਾਰਨ ਉਸ ਦਾ ਹੀਣ ਭਾਵਨਾ ‘ਚੋਂ ਨਿਕਲਣ ਕਾਰਨ ਜੀਵਨ ‘ਚ ਆਈ ਉਤਸ਼ਾਹਜਨਕ ਤਬਦੀਲੀ ਦਾ ਮਨੋਵਿਗਿਆਨਕ ਢੰਗ ਨਾਲ ਵਰਣਨ ਕੀਤਾ ਗਿਆ ਹੈ। ‘ਇੱਕ ਹੋਰ ਮਹਾਂਯੁੱਧ’ ਵਿੱਚ ਤ੍ਰਿਲੋਕ ਢਿੱਲੋਂ ਵੱਲੋਂ, ਆਧੁਨਿਕਤਾ ਦੀ ਚਮਕ-ਦਮਕ ਅਤੇ ਔਰਤ ਦੀ ਅਸਾਧਾਰਣ ਜਿਨਸੀ ਭੁੱਖ ਕਾਰਨ, ਪਿਆਰ ਭਰੇ ਤੇ ਹਸਦੇ ਵਸਦੇ ਪਰਿਵਾਰ ਦਾ ਉਜਾੜਾ ਤੇ ਬੇਕਸੂਰ ਮਾਸੂਮ ਬੱਚੀਆਂ ਨੂੰ ਮਿਲੀ ਮਾਨਸਿਕ ਟੁੱਟ-ਭੱਜ ਦੀ ਸਜ਼ਾ ਦਾ ਮਾਰਮਿਕ ਵਰਣਨ ਹੈ। ਕਹਾਣੀ ‘ਮਿੱਟੀ ਦਾ ਦਰਦ’ ਵਿੱਚ ਦਰਸ਼ਨ ਸਿੰਘ ਗੋਪਾਲਪੁਰੀ ਨੇ, ਦੇਸ਼ ਦੀ ਵੰਡ ਕਾਰਨ ਆਪਣਿਆਂ ਤੋਂ ਦੂਰ ਹੋਏ ਯਾਰਾਂ ਪਿਆਰਿਆਂ ਦਾ ਆਪਣਿਆਂ ਲਈ ਕੁਰਬਾਨੀ ਦਾ ਜ਼ਿਕਰ ਕਰਦਿਆਂ ਪਾਕਿਸਤਾਨੋਂ ਭਾਰਤੀ ਫੇਰੀ ‘ਤੇ ਆਏ ਕੁਝ ਸਾਥੀਆਂ ਦਾ ਆਪਣੇ ਜੱਦੀ ਪਿੰਡ, ਹਵੇਲੀ, ਦੋਸਤਾਂ, ਤੇ ਮਿੱਟੀ ਪ੍ਰਤੀ ਪਵਿੱਤਰ ਮੋਹ ਤੇ ਆਪਸੀ ਪਿਆਰ ਦੀ ਤਸਵੀਰ ਪੇਸ਼ ਕੀਤੀ ਹੈ। ‘ਚੰਦੂ’ ਨਾਮੀ ਕਹਾਣੀ ਵਿੱਚ ਕਰਮਵੀਰ ਸਿੰਘ ਸੂਰੀ ਨੇ ਕੁਝ ਸਮਾਜੀ ਦਰਿੰਦਿਆਂ ਵੱਲੋਂ ਇੱਕ ਮਾਸੂਮ ਅਤੇ ਬੇਬਸ ਭਿਖਾਰੀ ਜੋੜੀ ਵਿੱਚੋਂ ਔਰਤ ਨਾਲ ਬਲਾਤਕਾਰ ਹੋਣ ਨਾਲ ਚੰਦੂ ਨਾਮਕ ਮਰਦ ਭਿਖਾਰੀ ਨੂੰ ਵੱਜੀ ਮਾਨਸਿਕ ਸੱਟ ਨਾਲ ਨੀਮ ਪਾਗਲ ਹੋ ਕੇ ਅਤਿ ਨਰਕੀ ਹਾਲਤ ਵਿਚ ਮੌਤ ਦਾ ਗ੍ਰਾਸ ਬਣ ਜਾਣ ਦੀ ਮਾਰਮਿਕ ਸਥਿਤੀ ਦਾ ਵਰਣਨ ਕੀਤਾ ਹੈ। ਅੱਤਵਾਦ ਦੇ ਦੌਰਾਨ ਇਨਸਾਨੀਅਤ ਦੇ ਹੋਏ ਘਾਣ ਨੂੰ ਦਰਸਾਉਂਦੀ ਸੁਖਵਿੰਦਰ ਸਿੰਘ ਸੇਖੋਂ ਦੀ ਕਹਾਣੀ ‘ਭਗਤ ਸਿੰਘ ਦੀ ਵਾਪਸੀ’ ਵਿੱਚ ਦਰਸਾਇਆ ਗਿਆ ਹੈ ਕਿ ਖਾੜਕੂਆਂ ਕੋਲੋਂ ਸੁਰੱਖਿਅਤ ਨਿਕਲ ਕੇ ਪੁਲਿਸ ਵਾਲਿਆਂ ਦੇ ਨਾਕੇ ਵਿੱਚ ਫਸੇ ਨਾਟ-ਕਰਮੀ ਕਿਵੇਂ ਆਪਣਾ ਸਭ ਕੁਝ ਲੁਟਾ ਕੇ ਮਸਾਂ ਹੀ ਜਾਨ ਬਚਾ ਕੇ ਆਪਣੀ ਮੰਜ਼ਿਲ ਤਕ ਪੁੱਜਦੇ ਹਨ।ਇਹ ਕਹਾਣੀ ਧਾਰਮਿਕ ਅਤੇ ਸਰਕਾਰੀ ਅੱਤਵਾਦ ਦਾ ਸੁੰਦਰ ਤੁਲਨਾਤਮਕ ਪ੍ਰਸੰਗ ਹੈ।ਹਰਬੰਸ ਸਿੰਘ ਮਾਣਕਪੁਰੀ  ਨੇ ‘ਇੱਕ ਰਾਤ ਦਾ ਮਹਿਮਾਨ’ ਨਾਮੀ ਕਹਾਣੀ ਰਾਹੀਂ, ਅੱਤਵਾਦ ਦੇ ਕਾਲੇ ਦੌਰ ਦੀ ਦਹਿਸ਼ਤ ਦਾ ਜ਼ਿਕਰ ਕਰਦਿਆਂ ਇੱਕ ਅਜਨਬੀ ਵੱਲੋਂ ਮਿਲੇ ਪਿਆਰ ਤੇ ਉਸ ਦੀ ਮਾਤਾ ਵੱਲੋਂ ਮੌਜੂਦਾ ਹਾਲਾਤ ਦੇ ਰੂਬਰੂ, ਸੰਨ ਸੰਤਾਲੀ ਦੇ ਹੱਲਿਆਂ ਵੇਲੇ ਉਸ ਦੇ ਪਰਿਵਾਰ ਨੂੰ ਇੱਕ ਮੁਸਲਿਮ ਪਰਿਵਾਰ ਵੱਲੋਂ ਬਚਾਉਣ ਦਾ ਪ੍ਰਸੰਗ ਸੁਣਾ ਕੇ ‘ਇਨਸਾਨੀਅਤ ਹਮੇਸ਼ਾ ਜ਼ਿੰਦਾ ਰਹਿੰਦੀ ਹੈ’, ਦਾ ਹੋਕਾ ਦਿੱਤਾ ਹੈ। ਐਡਵੋਕੇਟ ਐੱਚ.ਐੱਸ. ਮਝੈਲ ਨੇ ਕਹਾਣੀ ‘ਸਿਤਾਰੇ ਗਰਦਿਸ਼ ‘ਚ ‘  ਰਾਹੀਂ ਸਾਡੇ ਸਮਾਜ ਵਿੱਚ ਪ੍ਰਚਲਤ ਵਹਿਮਾਂ ਭਰਮਾਂ ਨੂੰ ਉਲੀਕਦਿਆਂ, ਕਹਾਣੀ ਦੇ ਪਾਤਰ ਦਾ ਵਿਆਹ ਦੇ ਦਿਨ ਦੇ ਇੰਤਜ਼ਾਰ ਵਿੱਚ ਸਾਰੀ ਉਮਰ ਕੁਆਰਾ ਹੀ ਰਹਿ ਜਾਣ ਦਾ ਦੁਖਦਾਈ ਚਿੱਤਰ ਪੇਸ਼ ਕੀਤਾ ਹੈ। ‘ਕਲਯੁੱਗੀ ਔਲਾਦ’ ਕਹਾਣੀ ਵਿੱਚ ਹਰਪ੍ਰੀਤ ਸਿੰਘ ਰਾਣਾ ਨੇ, ਨਾਪਸੰਦੀਗੀ ਦੀ ਸ਼ਾਦੀ, ਅਨੈਤਿਕ ਸੰਬੰਧ, ਬੰਦੇ ਦਾ ਸ਼ਰਾਬ ਦਾ ਆਦੀ ਹੋਣਾ, ਘਰ ਵਿਚ ਮਾਰ ਕੁਟਾਈ ਦਾ ਵਾਤਾਵਰਣ, ਪਤਨੀ ਦਾ ਗ਼ਰੀਬੀ ਵਾਲਾ ਪਿਛੋਕੜ ਹੋਣ ਹਲੀਮ ਰਹਿਣਾ, ਅੰਤ ਅੱਕ ਦੇ ਪੁੱਤਰ ਵੱਲੋਂ ਅੱਯਾਸ਼ ਪਿਤਾ ਦਾ ਥਾਏਂ ਕਤਲ ਕਰਨਾ ਤੇ ਲੋਕਾਂ ਦੀ ਤੁਹਮਤਾਂ ਆਦਿ ਰਾਹੀਂ ਸਮਾਜ ਦਾ ਕਾਲਾ ਪੱਖ ਪੇਸ਼ ਕੀਤਾ ਨੇ। ਪੁਸਤਕ ਦੀ ਅੰਤਲੀ ਕਹਾਣੀ ‘ਸੰਤਾਲੀ ਦੂਣੀ ਚੁਰਾਸੀ’ ਵਿਚ ਸੁਖਵਿੰਦਰ ਸਿੰਘ ਬਾਜਵਾ ਨੇ ਦੇਸ਼ ਦੀ ਵੰਡ ਦੇ 1947 ਅਤੇ 1984 ਦੌਰਾਨ ਪ੍ਰਤੀਕਾਤਮਕ ਤੌਰ ‘ਤੇ ਇੱਕ ਪਰਿਵਾਰ ਦਾ ਦੋ ਪੁੜਾਂ ਵਿਚ ਵਾਰ ਵਾਰ ਪਿੱਸਣ ਦਾ ਮਾਰਮਿਕ ਵਰਣਨ ਕਰਦਿਆਂ, ਅਜਨਬੀ ਮਿਹਨਤੀ ਇਨਸਾਨਾਂ ਪ੍ਰਤੀ ਆਤਮਿਕ ਹਮਦਰਦੀ ਅਤੇ ਭਰੂਣ ਹੱਤਿਆ ਦੀ ਜਵਲੰਤ ਸਮੱਸਿਆ ਨੂੰ ਵੀ ਦਰਸਾਇਆ ਹੈ।

ਅਸ਼ਲੀਲਤਾ ਰਹਿਤ ਸਾਰੀਆਂ ਕਹਾਣੀਆਂ ਸਮਾਜ ਵਿੱਚ ਵਾਪਰੇ ਤੇ ਵਾਪਰ ਰਹੇ ਦੁਖਾਂਤ, ਸਮਾਜਿਕ ਟੁੱਟ ਭੱਜ, ਆਰਥਿਕ ਅਸਮਾਨਤਾ ਤੇ ਇਸਦਾ ਮਨੋ-ਵਿਗਿਆਨਕ ਪ੍ਰਭਾਵ, ਰਿਸ਼ਤਿਆਂ ‘ਚ ਤਰੇੜਾਂ, ਵਹਿਮਾਂ ਭਰਮਾਂ ਦੀ ਸ਼ਿਕਾਰ ਮਾਨਵਤਾ, ਬੇਜੋੜ ਰਿਸ਼ਤੇ, ਦਿਖਾਵੇ ਦੀ ਭੁੱਖ, ਨਸ਼ਿਆਂ ਦੀ ਮਾਰ ਆਦਿ ਵਿਸ਼ਿਆਂ ਨੂੰ ਬਹੁਤ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਬਿਆਨਦੀਆਂ ਹਨ। ਅੰਮ੍ਰਿਤਪਾਲ ਸਿੰਘ ਸ਼ੈਦਾ ਨੇ ਆਪਣੀ ਪੂਰਨ ਕਲਾਤਮਕ ਅਤੇ ਸਿਰਜਣਾਤਮਕ ਸਮਰੱਥਾ ਰਾਹੀਂ ਵੱਖ- ਵੱਖ ਰੰਗਾਂ ਮਹਿਕਾਂ ਦੇ ਫੁੱਲਾਂ ਦਾ ਸੁੰਦਰ ਗੁਲਦਸਤਾ ਵਿਦਵਾਨਾਂ ਦੇ ਸੁਹਜ ਦੀ ਕਚਿਹਰੀ ਵਿਚ ਪੇਸ਼ ਕੀਤਾ ਹੈ।

ਮੰਨਤ ਪਬਲੀਕੇਸ਼ਨ, ਪੰਚਕੂਲਾ ਤੋਂ ਪ੍ਰਕਾਸ਼ਿਤ ਕਰਵਾਈ, 212 ਪੰਨਿਆਂ ਦੀ ਇਸ ਬਹੁਤ ਹੀ ਠੋਸ ਤੇ ਆਕਰਸ਼ਕ ਦਿੱਖ ਵਾਲੀ, ਪੁਸਤਕ ਦੀ ਕੀਮਤ 350 ਰੁਪਏ ਰੱਖੀ ਗਈ ਹੈ। ਆਸ ਹੀ ਨਹੀਂ ਬਲਕਿ ਪੂਰਾ ਵਿਸ਼ਵਾਸ ਹੈ ਕਿ ਸੁਹਿਰਦ ਪਾਠਕ, ਸਮਰੱਥ ਵਿਦਵਾਨ ਅਤੇ ਸਮੀਖਿਆਕਾਰ, ਤ੍ਰਿਵੇਣੀ ਵੱਲੋਂ ਸੰਸਥਾਗਤ ਰੂਪ ਵਿਚ ਕੀਤੇ ਇਸ ਸੰਜੀਦਾ ਸਾਹਿਤਿਕ ਉਪਰਾਲੇ ਦਾ ਉਤਸ਼ਾਹਜਨਕ ਸੁਆਗਤ ਕਰਨਗੇ ਅਤੇ ਸਾਕਾਰਤਮਕ ਸੁਝਾਅ ਵੀ ਪ੍ਰਦਾਨ ਕਰਨਗੇ।

(ਹਰੀ ਸਿੰਘ ਚਮਕ) ਲੇਖਕ/ਪੱਤਰਕਾਰ

(+91:93128-31521)

Install Punjabi Akhbar App

Install
×