ਕਥਾ ਸਾਡੇ ਜੀਵਨ ਦਾ ਉਹ ਸੱਚ ਹੈ ਜੋ ਸਿੱਧੇ ਜਾਂ ਅਸਿੱਧੇ ਤੌਰ ਤੇ ਲੇਖਕ ਦੇ ਮਨ ਨੂੰ ਪ੍ਰਭਾਵਤ ਕਰਨ ਵਾਲੀਆਂ ਘਟਨਾਵਾਂ ਅਤੇ ਵਿਚਾਰਾਂ ਨੂੰ ਪਾਠਕ ਵਰਗ ਤੱਕ ਪਹੁੰਚਾਉਣ ਵਿਚ ਅਜਿਹਾ ਕਿਰਦਾਰ ਨਿਭਾਉਂਦੀ ਹੈ ਜਿਸ ਨਾਲ ਸਾਧਾਰਨ ਮਨੁੱਖ ਨੂੰ ਨਵੀਂ ਸੋਚ ਅਤੇ ਸੇਧ ਮਿਲਦੀ ਹੈ ਅਤੇ ਬਹੁਤੀ ਵਾਰੀ ਤਾਂ ਜੀਵਨ ਦੇ ਪ੍ਰਤੀ ਉਸ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ।
ਲਘੂ ਕਥਾ ਇੱਕ ਅਜਿਹੀ ਸੁਤੰਤਰ ਵਿਧਾ ਹੈ ਜੋ ਅਤਿ ਸੰਖਿਪਤ ਹੁੰਦਿਆਂ ਵੀ ਕਿਸੇ ਦੀ ਵੱਡ ਆਕਾਰੀ ਕਥਾ ਦੇ ਉਦੇਸ਼ ਨੂੰ ਸਪਸ਼ਟ ਕਰਦੀ ਹੈ। ਇਹ ਇਕ ਅਜਿਹੀ ਸੰਪੂਰਨ ਰਚਨਾ ਹੈ ਜੋ ਘੱਟ ਤੋਂ ਘੱਟ ਪਾਤਰਾਂ ਦੇ ਮਾਧਿਅਮ ਰਾਹੀਂ ਲੋਕ ਮਨਾਂ ਤੱਕ ਪੁੱਜਦੀ ਹੈ। ਇਹ ਮੁੱਖ ਕਥਾ ਦਾ ਉਹ ਰੂਪ ਹੈ ਜਿਸ ਵਿਚ ਗੌਣ ਪਾਤਰਾਂ ,ਘਟਨਾਵਾਂ ਜਾਂ ਕਥਾਵਾਂ ਦੀ ਕੋਈ ਜਗ੍ਹਾ ਨਹੀਂ ਹੁੰਦੀ। ਲਘੂ ਕਥਾ ਨੂੰ ਮੂਲ ਕਥਾ ਸੂਤਰ ਦਾ ਉਦੇਸ਼ ਕਿਹਾ ਜਾ ਸਕਦਾ ਹੈ ਕਿਉਂ ਕਿ ਇਸ ਵੰਨਗੀ ਵਿਚਲਾ ਉਦੇਸ਼ ਪਾਠਕਾਂ ਤਕ ਠੀਕ ਉਸੇ ਤਰ੍ਹਾਂ ਹੀ ਪਹੁੰਚਦਾ ਹੈ ਜਿਵੇਂ ਕਿ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਪੋਸਟ।ਲੇਖਕ ਦਾ ਮੂਲ ਉਦੇਸ਼ ਹੁੰਦਾ ਹੈ ਪਾਠਕਾਂ ਦੇ ਮਨੋਰੰਜਨ ਦੇ ਨਾਲ ਨਾਲ ਜੀਵਨ ਜਾਂਚ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਦੇਣਾ।ਜਿਸ ਦੇ ਲਈ ਉਹ ਸਾਹਿਤ ਦੀ ਕਿਸੇ ਵੀ ਵਿਧਾ ਨੂੰ ਆਪਣੀ ਲੇਖਣੀ ਦਾ ਵਿਸ਼ਾ ਬਣਾ ਸਕਦਾ ਹੈ।
ਲਘੂ ਕਥਾ ਪੁਸਤਕ” ਰੰਗਲੇ ਸੱਜਣ ” ਬਾਜ ਸਿੰਘ ਮਹਿਲੀਆ ਦੀ ਇਕ ਅਜਿਹੀ ਪੁਸਤਕ ਹੈ ਜਿਸ ਵਿਚਲੀਆਂ ਕਹਾਣੀਆਂ ਦਾ ਨਾਟਕੀਕਰਨ ਅਤੇ ਫ਼ਿਲਮਾਂਕਣ ਹੋਇਆ ਹੈ।ਹਰਮਨ ,ਰਾਬਤਾ ਅਤੇ ਚੰਨ ਪ੍ਰਦੇਸੀ ਰੇਡੀਓ ਤੋਂ ਇਨ੍ਹਾਂ ਵਿੱਚੋਂ ਕਈ ਕਹਾਣੀਆਂ ਪ੍ਰਸਾਰਤ ਹੋਈਆਂ ਹਨ।ਦੂਰਦਰਸ਼ਨ ਜਲੰਧਰ ,ਆਕਾਸ਼ਵਾਣੀ ਪਟਿਆਲਾ ,ਜਲੰਧਰ ਅਤੇ ਚੜ੍ਹਦੀ ਕਲਾ ਟਾਈਮ ਟੀ .ਵੀ ਨੇ ਵੀ ਇਨ੍ਹਾਂ ਦਾ ਪ੍ਰਸਾਰਨ ਕੀਤਾ ਹੈ । ਲੇਖਕ ਲਗਪਗ ਤਿੰਨ ਦਹਾਕਿਆਂ ਤੋਂ ਸਾਹਿਤ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।
ਹਥਲੀ ਪੁਸਤਕ ਦੀ ਪਹਿਲੀ ਕਥਾ ਨਜ਼ਰੀਆ ਔਰਤ ਵਰਗ ਦੀ ਮਜਬੂਰੀ ਨੂੰ ਦਰਸਾਉਂਦੀ ਹੈ। ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦੀ ਪਾਲਣਾ ਕਰਨ ਵਾਲੀ ਔਰਤ ਦੇ ਪ੍ਰਤੀ ਵੀ ਸਮਾਜ ਦਾ ਨਜ਼ਰੀਆ ਅੱਜ ਤੱਕ ਵੀ ਨਹੀਂ ਬਦਲਿਆ।ਔਰਤ ਵਰਗ ਨਾਲ ਜੁੜੀਆਂ ਅਜਿਹੀਆਂ ਹੋਰ ਵੀ ਕਥਾਵਾਂ ਨੇ ਜਿਨ੍ਹਾਂ ਵਿਚ ਵੱਖ ਵੱਖ ਦ੍ਰਿਸ਼ਟੀਕੋਣ ਤੋਂ ਉਸ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਬਹੁਤ ਹੀ ਸੂਖ਼ਮਤਾ ਨਾਲ ਬਿਆਨ ਕੀਤਾ ਹੈ। ਨੂੰਹਾਂ ਅਤੇ ਧੀਆਂ ਦੇ ਫਰਕ ਨੂੰ ਦਰਸਾਉਂਦੀ ਕਥਾ ” ਧੀਆਂ ” ਔਰਤ ਦੀ ਖ਼ੂਬਸੂਰਤੀ ਨੂੰ ਮੁੱਖ ਰੱਖਦਿਆਂ ਉਸ ਦੀ ਤਾਰੀਫ਼ ਕਰਨਾ ਬਿਨਾਂ ਇਹ ਜਾਣੇ ਕਿ ਕਮਲਾ ਕੌਣ ਹੈ ? ਕਿਵੇਂ ਲਾਲਚੀ ਲੋਕ ਕੁੜੀ ਦੇ ਵਿਆਹ ਤੋਂ ਪਹਿਲਾਂ ਕਮਾਈ ਦੌਲਤ ਤੇ ਵੀ ਗਿੱਧ ਵਰਗੀ ਨਿਗ੍ਹਾ ਰੱਖਦੇ ਨੇ ਇਸ ਦਾ ਜ਼ਿਕਰ ‘ਅਧੂਰਾ ਸੁਪਨਾ ਕਹਾਣੀ ਵਿੱਚ ਕੀਤਾ ਹੈ। ਜ਼ਮਾਨਾ ਭਾਵੇਂ ਬਦਲੀ ਜਾ ਰਿਹਾ ਹੈ ਪਰ ਜਿੱਥੇ ਆਪਣੇ ਪਰਿਵਾਰ ਦੀ ਗੱਲ ਆਉਂਦੀ ਹੈ ਇਨਸਾਨ ਲੱਗਦਾ ਹੈ ਸਦੀਆਂ ਪਿੱਛੇ ਹੀ ਖੜ੍ਹਾ ਹੈ ਪਲਾਂਘ ਵੀ ਨਹੀਂ ਪੁੱਟੀ।ਇਸ ਦਾ ਸਟੀਕ ਉਦਾਹਰਣ ਹੈ ਲਘੂ ਕਥਾ ‘ਪੱਥਰ ‘ । ਔਰਤ ਹੀ ਔਰਤ ਦੀ ਦੁਸ਼ਮਣ ਹੈ ਦੀ ਗਵਾਹੀ ਭਰਦੀ ਹੈ। ‘ਫੈਸਲਾ ‘ ਕਹਾਣੀ ਜਿਸ ਵਿਚ ਜੇਕਰ ਇਕ ਪੱਖ ਔਰਤ ਦੇ ਵਿਰੁੱਧ ਹੈ ਤਾਂ ਮਾਂ ਦੇ ਰੂਪ ਵਿੱਚ ਔਰਤ ਆਪਣੀ ਔਲਾਦ ਲਈ ਸਦਾ ਹੀ ਉਸ ਦੇ ਹਿੱਤ ਵਿੱਚ ਖੜ੍ਹੀ ਹੁੰਦੀ ਹੈ। ‘ਚਾਨਣ ‘ ਕਥਾ ਬਹੁਤ ਹੀ ਵਧੀਆ ਹੈ ਜਿਸ ਵਿੱਚ ਨੂੰਹ ਆਪਣੀ ਸੱਸ ਦੇ ਮਨ ਵਿੱਚ ਬਾਬਿਆਂ ਪ੍ਰਤੀ ਜੋ ਅੰਧਕਾਰ ਫੈਲਿਆ ਹੈ ਉਸ ਨੂੰ ਚਾਨਣ ਵਿੱਚ ਬਦਲ ਦਿੰਦੀ ਹੈ ਕਿਉਂ ਕਿ ਲੋਕਾਂ ਨੂੰ ਉਹ ਮੁੰਡਾ ਹੋਣ ਦੀ ਦਵਾਈ ਦੇਣ ਦੇ ਬਹਾਨੇ ਠੱਗਦਾ ਹੈ , ਜਦੋਂ ਆਪਣੇ ਘਰ ਕੁੜੀ ਜੰਮਦੀ ਹੈ ਤਾਂ ਰੱਬ ਦਾ ਭਾਣਾ ਆਖਦਾ ਹੈ। ਔਰਤ ਦਾ ਇੱਕ ਰੂਪ ਹੈ ‘ਮਾਂ ‘ ਜਿਸ ਦੇ ਪਿਆਰ ਅਤੇ ਕੁਰਬਾਨੀ ਦੀ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ।ਮਮਤਾ , ਮਾਂ ਅਤੇ ਆਂਦਰਾਂ ਦੀ ਖਿੱਚ ਅਜਿਹੀਆਂ ਹੀ ਕਹਾਣੀਆਂ ਹਨ ਜਿਨ੍ਹਾਂ ਵਿਚ ਮਾਂ ਦੀ ਮਮਤਾ ਦਾ ਉੱਚ ਰੂਪ ਪ੍ਰਗਟ ਹੁੰਦਾ ਹੈ। ਪੁੱਤਰ ਨੂੰ ਠੰਢ ਤੋਂ ਬਚਾਉਣ ਲਈ ਆਪਣਾ ਵਸਤਰ ਦੇਣਾ ਜਦੋਂ ਕਿ ਉਹ ਮਾਂ ਨੂੰ ਘਰੋਂ ਦੂਰ ਛੱਡਣ ਜਾ ਰਿਹਾ ਹੈ। ਮਾਂ ਨੂੰ ਇਹ ਵੀ ਨਹੀਂ ਮਨਜ਼ੂਰ ਕਿ ਉਸ ਦੇ ਮਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਘਰ ਲਿਜਾਣ ਲਈ ਪੁੱਤਰ ਨੂੰ ਗੱਡੀ ਕਰਨੀ ਪਵੇ ਕਿਉਂ ਕਿ ਪੁੱਤਰ ਦਾ ਪੈਸਾ ਖਰਚ ਹੋਵੇਗਾ। ‘ਆਂਦਰਾਂ ਦੀ ਖਿੱਚ ‘ ਇੱਕ ਮਾਂ ਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਜਦੋਂ ਇਕ ਜਾਨਵਰ ਵੀ ਆਪਣੇ ਬੱਚੇ ਦੇ ਮੋਹ ਨੂੰ ਤਿਆਗ ਨਹੀਂ ਸਕਦਾਂ ਉਹ ਕਿਵੇਂ ਆਪਣੇ ਬੱਚੇ ਨੂੰ ਪਿੰਗਲਵਾੜੇ ਛੱਡਣ ਜਾ ਸਕਦੀ ਹੈ। ‘ਮਾਪੇ ‘ ਕਹਾਣੀ ਨੂੰਹ ਦੇ ਪੰਚਾਇਤੀ ਚੋਣਾਂ ਵਿਚ ਖੜ੍ਹਨ ਤੇ ਮੁੜ ਉਸ ਦੇ ਪ੍ਰਚਾਰ ਵਿੱਚ ਲੱਗ ਜਾਂਦੀ ਹੈ ਜਦੋਂ ਕਿ ਕੁੱਝ ਮਹੀਨੇ ਪਹਿਲਾਂ ਹੀ ਨੂੰਹ ਪੁੱਤਰ ਨੇ ਉਸ ਨੂੰ ਮਾਰ ਕੁੱਟ ਕੇ ਘਰੋਂ ਕੱਢ ਦਿੱਤਾ ਸੀ।
ਦੂਜਾ ਮੁੱਖ ਵਿਸ਼ਾ ਹੈ ਬਜ਼ੁਰਗਾਂ ਪ੍ਰਤੀ ਲਾਪ੍ਰਵਾਹੀ ,ਉਨ੍ਹਾਂ ਦੀ ਬੇਕਦਰੀ ,ਹੰਝੂ , ਸਫੈਦ ਰੱਤ,ਅੰਤਿਮ ਅਰਦਾਸ ,ਬਟਵਾਰਾ , ਔਲਾਦ ,ਕਦਰ ,ਦੁੱਧ ਦਾ ਮੁੱਲ ਹਨ।ਜਿਨ੍ਹਾਂ ਦੇ ਮੁੱਖ ਪਾਤਰ ਬਜ਼ੁਰਗ ਹਨ। ਜਿਨ੍ਹਾਂ ਨੂੰ ਆਪਣੇ ਹੀ ਘਰ ਵਿੱਚ ਬੇਕਦਰੀ ਝੱਲਣੀ ਪੈਂਦੀ ਹੈ। ਕਦੇ ਉਹ ਬਿਰਧ ਆਸ਼ਰਮ ਵਿੱਚ ਰਹਿਣ ਲਈ ਮਜਬੂਰ ਹਨ , ਕਈ ਪਰਿਵਾਰ ਦਾ ਬੇਰੁਖ਼ੀ ਪੁਣਾ ਝੱਲਦੇ ਝੱਲਦੇ ਹੀ ਇਸ ਜਹਾਨੋਂ ਕੂਚ ਕਰ ਜਾਂਦੇ ਹਨ। ਸੱਚਮੁੱਚ ਹੀ ਇਸ ਤੋਂ ਵੱਧ ਖੂਨ ਸਫ਼ੈਦ ਹੋਣਾ ਹੋਰ ਕੀ ਹੈ ਜਿਸ ਔਲਾਦ ਨੂੰ ਮਾਪੇ ਖ਼ੁਸ਼ੀ ਖ਼ੁਸ਼ੀ ਪਾਲਦੇ ਹਨ ਉਨ੍ਹਾਂ ਨੂੰ ਵੀ ਵੱਖ ਵੱਖ ਕਰਕੇ ਪੁੱਤਰ ਵੰਡੀਆਂ ਪਾ ਕੇ ਦਿਨ ਗਿਣ ਗਿਣ ਕੇ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਦਿੰਦੇ ਹਨ।ਜਿਸ ਬਜ਼ੁਰਗ ਕੋਲ ਪੈਸਾ ਨਹੀਂ ਹੈ ਉਸ ਦੀ ਤਾਂ ਬਿਲਕੁਲ ਹੀ ਕਦਰ ਨਹੀਂ ਹੈ।
ਤੀਜਾ ਵਿਸ਼ਾ ਹੈ ਲੋਕਾਂ ਦੇ ਦੂਹਰੇ ਚਰਿੱਤਰ ਦਾ , ਮੌਕੇ ਦਾ ਫਾਇਦਾ ਉਠਾਉਣ ਵਾਲਿਆਂ ਦਾ ਅਤੇ ਹਰ ਵੇਲੇ ਹਰ ਕੰਮ ਵਿੱਚ ਆਪਣੇ ਹੀ ਸਵਾਰਥ ਨੂੰ ਪੂਰਾ ਕਰਨ ਵਾਲਿਆਂ ਦਾ । ਇਸ ਨਾਲ ਸਬੰਧਤ ਕਹਾਣੀਆਂ ਹਨ ‘ਮੋਹ ਦੀਆਂ ਤੰਦਾਂ ‘ਜਿਸ ਵਿੱਚ ਬਜ਼ੁਰਗ ਮਾਂ ਨੂੰ ਇੰਜ ਲੱਗਦਾ ਹੈ ਕਿ ਲੋਕ ਬਦਲ ਗਏ ਹਨ।ਉਨ੍ਹਾਂ ਵਿਚਕਾਰ ਪਹਿਲਾਂ ਵਾਲਾ ਮੋਹ ਨਹੀਂ ਰਿਹਾ। ਰਿਸ਼ਵਤ ਦੇ ਵੱਖਰੇ ਵੱਖਰੇ ਢੰਗ ਇਖ਼ਤਿਆਰ ਕੀਤੇ ਜਾਣ ਲੱਗ ਪਏ ਹਨ।ਕਦੀ ਉਸ ਨੂੰ ‘ਫੀਸ’ ਕਦੇ ਤੋਹਫਾ ਅਤੇ ਕਦੇ ਮਠਿਆਈ ਕਿਹਾ ਜਾਣ ਲੱਗ ਪਿਆ ਹੈ। ਲੋਕਾਂ ਦੀ ਇਨਸਾਨੀਅਤ ਮਰ ਚੁੱਕੀ ਹੈ।’ਫੀਸ’,ਵਿਕਾਊ ਲੋਕ ,ਰੰਗਲੇ ਸੱਜਣ , ਕੈਟੇਗਰੀ ,ਕਰਜ਼ੇ ਦੀ ਵਸੂਲੀ , ਸ਼ੁਕਰਾਨਾ ਬਨਾਮ ਨਜ਼ਰਾਨਾ ,ਮਖੌਟਾ ,ਤਸੱਲੀ ,ਹੜ੍ਹ ,ਦੀਵੇ ਥੱਲੇ ਹਨੇਰਾ , ਇਨਾਮ , ਚਿੜੀਆਂ , ਚੋਗਾ,ਸਿਆਸਤ , ਕਹਾਣੀਆਂ ਸਮਾਜ ਦੇ ਕੌੜੇ ਸੱਚ ਨੂੰ ਬਿਆਨ ਕਰਦੀਆਂ ਹਨ ਜੋ ਕਿ ਬਹੁਤ ਹੀ ਗੰਧਲਾ ਅਤੇ ਅੱਖੋਂ ਪਰੋਖਾ ਹੁੰਦਾ ਹੈ ਜਿਸ ਦੀ ਤਸਵੀਰ ਵਿੱਚੋਂ ਅਸਲ ਸੱਚ ਨੂੰ ਤਲਾਸ਼ਣਾ ਬਹੁਤ ਹੀ ਔਖਾ ਹੋ ਜਾਂਦਾ ਹੈ।
ਇਸ ਸਭ ਦੇ ਪਿੱਛੇ ਇਕ ਹੀ ਕਾਰਨ ਹੈ ਕਿ ਇਨਸਾਨ ਦੀ ਜ਼ਮੀਰ ਮਰ ਚੁੱਕੀ ਹੈ।ਇਨਸਾਨੀਅਤ ਖ਼ਤਮ ਹੋ ਚੁੱਕੀ ਹੈ।ਮਨੁੱਖ ਇਹ ਭੁੱਲ ਜਾਂਦਾ ਹੈ ਕਿ ਚੰਗੇ ਕੰਮ ਕਰਨ ਲਈ ਜਜ਼ਬਾ ਜ਼ਰੂਰੀ ਹੈ ਪੈਸਾ ਨਹੀਂ ,ਇਨਸਾਨੀਅਤ ,ਜਜ਼ਬਾ ,ਮਜਬੂਰੀ, ਕਲਯੁਗ , ਖੁੁਦਦਾਰੀ, ਸੱਚ ਦੀ ਮੌਤ , ਦੁਖਦੀ ਰਗ, ਜਾਗਦੀ ਜ਼ਮੀਰ , ਅਜਿਹੀਆਂ ਹੀ ਕਹਾਣੀਆਂ ਹਨ ਜਿਨ੍ਹਾਂ ਵਿੱਚ ਇਨਸਾਨੀਅਤ ਦਾ ਕੋਈ ਨਾ ਕੋਈ ਰੂਪ , ਚੰਗਿਆਈ ਅਤੇ ਸੱਚਾਈ ਨਜ਼ਰ ਆਉਂਦੀ ਹੈ।
ਵੱਖਰੇ ਵੱਖਰੇ ਵਿਸ਼ਿਆਂ ਅਤੇ ਸਮਾਜ ਵਿਚਲੇ ਸੱਚ ਨੂੰ ਬਿਆਨ ਕਰਦੀਆਂ ਕਥਾਵਾਂ ਜਿਵੇਂ ਟੂਣਾ , ਬੇ ਟਿਕਟੇ, ਜੁਗਤ, ਅਧੂਰੀ ਖਾਹਿਸ਼, ਸਬਕ,ਵੋਟਾਂ , ਅਮਲੀ ਦੀ ਅੱਖ, ਲਾਵਾਰਿਸ ਬੈਗ,ਸਜ਼ਾ ,ਜੋਕਾਂ,ਪਰਖ, ਟੌਹਰ, ਖਾਲੀ ਸੀਟ, ਨਵਾਂ ਰਿਸ਼ਤਾ, ਅਸਲ ਦੋਸ਼ੀ, ਰੋਟੀਆਂ , ਠੋਕਰ, ਚੰਗੇ -ਮੰਦੇ , ਸ਼ਰੀਕ, ਅਤੇ ਰਿਸਦੇ ਜ਼ਖਮ (ਵਖਰੇ – ਵਖਰੇ ਵਿਸ਼ਿਆਂ ਨਾਲ )ਕਹਾਣੀਆਂ ਵਿਚਲੇ ਪਾਤਰ ਇੰਜ ਜਾਪਦੇ ਹਨ ਜਿਵੇਂ ਕਿ ਇਹ ਸਾਡੇ ਹੀ ਆਲੇ ਦੁਆਲੇ ਵਿਚਰਦੇ ਹਨ ਜਾਂ ਕਦੇ ਨਾ ਕਦੇ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਇਨ੍ਹਾਂ ਦੀ ਆਮਦ ਸਿੱਧੇ ਜਾਂ ਅਸਿੱਧੇ ਤੌਰ ਤੇ ਹੋ ਹੀ ਜਾਂਦੀ ਹੈ।
ਕੁਰਬਾਨੀ, ਸਨਮਾਨ, ਕੋਈ ਹਰਿਆ ਬੂਟ ਰਹਿਓ ਰੀ ਅਤੇ ਮਹਾਂਦਾਨ ਇਸ ਕਹਾਣੀ ਸੰਗ੍ਰਹਿ ਵਿੱਚ ਜੜਿਤ ਅਨਮੋਲ ਅਤੇ ਮਹਾਨ ਵਿਚਾਰਧਾਰਾ ਪੇਸ਼ ਕਰਦੀਆਂ ਹਨ ਉਹ ਕਹਾਣੀਆਂ ਹਨ ਜੋ ਪਾਠਕਾਂ ਦੇ ਮਨ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾ ਲੈਂਦੀਆਂ ਹਨ।’ ਕੁਰਬਾਨੀ,’ ਕਹਾਣੀ ਇਕ ਅਜਿਹੇ ਆਜ਼ਾਦੀ ਘੁਲਾਟੀਏ ਨਾਲ ਸਬੰਧਤ ਹੈ ਜੋ ਬੇਸ਼ੱਕ ਨੇਤਾਵਾਂ ਦੁਆਰਾ ਕੀਤੇ ਘਪਲਿਆਂ ਤੋਂ ਤੰਗ ਤੇ ਦੁਖੀ ਹੈ ਪਰ ਉਸ ਦਾ ਆਪਣਾ ਵਿਚਾਰ ਹੈ ਕਿ “ਮੈਂ ਆਪਣੀ ਕੁਰਬਾਨੀ ਕਿਉਂ ਵੇਚਾਂ ?” ਉਸ ਨੂੰ ਇਹ ਆਸ ਹੈ ਕਿ ਸ਼ਾਇਦ ਉਸਦੇ ਪੈਨਸ਼ਨ ਲੈਣ ਤੋਂ ਇਨਕਾਰ ਕਰ ਦੇਣ ਤੇ ਉਸ ਨੂੰ ਬਹੁਤ ਮਾਣ ਮਿਲੇਗਾ ਉਹ ਅਕਸਰ ਕਹਿੰਦਾ ਸੀ ,”ਵੇਖਿਓ ਮੇਰੇ ਮਰਨ ਤੇ ਕਿੰਨੇ ਨੇਤਾ ਮੈਨੂੰ ਸ਼ਰਧਾਂਜਲੀ ਭੇਟ ਕਰਦੇ ਨੇ “।ਪਰ ਸ਼ਾਇਦ ਇਹ ਭਰਮ ਸੀ ਕਿਉਂਕਿ ਉਸ ਦਿਨ ਵੀ ਇਕ ਵਿਅਕਤੀ ਨੇ ਹੀ ਆ ਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੀ ” ਅੱਜ ਸਾਰੇ ਨੇਤਾ ਚੋਣ ਪ੍ਰਚਾਰ ਵਿੱਚ ਰੁੱਝੇ ਹੋਣ ਕਾਰਨ ਨਹੀਂ ਆ ਸਕੇ।” ‘ਸਨਮਾਨ ,ਕਹਾਣੀ ਵਿੱਚ ਜਦੋਂ ਲੇਖਕ ਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਨੂੰ ਸਨਮਾਨ ਕਦੋਂ ਮਿਲੇਗਾ ?ਤਾਂ ਉਸ ਦਾ ਜਵਾਬ ਬਹੁਤ ਹੀ ਖੂਬਸੂਰਤ ਹੈ , “ਮੈਨੂੰ ਤਾਂ ਹਰ ਰੋਜ਼ ਹੀ ਸਨਮਾਨ ਮਿਲ ਰਹੇ ਹਨ। ਅੋੌਹ ਵੇਖ ਮੇਰੇ ਪਾਠਕਾਂ ਦੀਆਂ ਢੇਰ ਸਾਰੀਆਂ ਚਿੱਠੀਆਂ।” ਇਸ ਦੁਨੀਆਂ ਵਿੱਚ ਚੰਗੇ ਲੋਕਾਂ ਦੀ ਵੀ ਕੋਈ ਘਾਟ ਨਹੀਂ ਹੈ ਇਹ ਆਪਣਾ ਵੀ ਮੁਕੱਦਰ ਹੁੰਦਾ ਹੈ ਕਿ ਸਾਨੂੰ ਕਿਹੋ ਜਿਹੇ ਲੋਕ ਟੱਕਰਦੇ ਨੇ। ” ਕੋਈ ਹਰਿਆ ਬੂਟ ਰਹਿਓ ਰੀ ” ਕਹਾਣੀ ਵਿਚਲਾ ਪਾਤਰ ਪਟਵਾਰੀ ਇਸ ਦੀ ਮਿਸਾਲ ਕਾਇਮ ਕਰਦਾ ਹੈ।ਉਹ ਲੋਕਾਂ ਦਾ ਕੰਮ ਕਰਨ ਦੇ ਨਾਲ ਨਾਲ ਉਨ੍ਹਾਂ ਨਾਲ ਮਿੱਠਾ ਬੋਲਦਾ ਹੈ ਅਤੇ ਰਿਸ਼ਵਤ ਤੋਂ ਕੋਹਾਂ ਦੂਰ ਹੈ। “ਮਹਾਂਦਾਨ” ਕਹਾਣੀ ਦਾ ਮੁੱਖ ਪਾਤਰ ਕਾਮਰੇਡ ਸਭ ਤੋਂ ਵੱਡਾ ਦਾਨੀ ਸਿੱਧ ਹੁੰਦਾ ਹੈ , ਕਿਉਂ ਕਿ ਇਸ ਦੇ ਮਰਨ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਉਸ ਨੇ ਆਪਣਾ ਸਰੀਰ ਮੈਡੀਕਲ ਖੋਜ ਲਈ ਦਾਨ ਕੀਤਾ ਹੈ।
ਲੇਖਕ ਸਾਹਿਤ ਦੀਆਂ ਕਈ ਹੋਰ ਵਿਧਾਵਾਂ ਜਿਵੇਂ ਕਿ ਕਵਿਤਾ ,ਗੀਤ , ਕਹਾਣੀ , ਅਤੇ ਬਾਲ ਸਾਹਿਤ ਵਿੱਚ ਵੀ ਆਪਣੀ ਪ੍ਰਤਿਭਾ ,ਪਾਠਕਾਂ,ਸਰੋਤਿਆਂ ਅਤੇ ਬਾਲ ਸਾਹਿਤਕਾਰਾਂ ਵਿੱਚ ਪ੍ਰਚਾਰਿਤ ਪਰਸਾਰਿਤ ਕਰ ਚੁੱਕਾ ਹੈ । ਮਿੰਨੀ ਕਹਾਣੀਆਂ ਨੂੰ ਪੁਸਤਕ ਦਾ ਰੂਪ ਦੇਣ ਵਿੱਚ ਵੀ ਬਹੁਤ ਸਮੇਂ ਤੋਂ ਸੰਘਰਸ਼ਸ਼ੀਲ ਰਿਹਾ ਹੈ। ਇਨ੍ਹਾਂ ਕਹਾਣੀਆਂ ਦੇ ਵਿਸ਼ੇ ਪਾਠਕਾਂ ਨੂੰ ਕੋਈ ਨਾ ਕੋਈ ਸੁਝਾਅ , ਸੇਧ , ਅਤੇ ਸੋਚ ਦੇਣ ਵਾਲੇ ਹਨ। ਬਹੁਤ ਸਾਰੇ ਵਿਸ਼ੇ ਹੱਡਬੀਤੇ ਜਾਪਦੇ ਹਨ। ਭਾਸ਼ਾ ਬਹੁਤ ਹੀ ਸਰਲ ਅਤੇ ਪ੍ਰਭਾਵ ਪੂਰਨ ਹੈ। ਸਮਾਜਿਕ ਕੁਰੀਤੀਆਂ ਨੂੰ ਬਹੁਤ ਹੀ ਸੁਚੱਜੇ ਅਤੇ ਮਨੋਰੰਜਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਅਜਿਹਾ ਸਾਹਿਤ ਜੀਵਨ ਜਾਚ ਦਾ ਹਾਣੀ ਸਿੱਧ ਹੁੰਦਾ ਹੈ। ਲਗਪਗ ਤਿੰਨ ਦਹਾਕਿਆਂ ਤੋਂ ਸ਼ੁਰੂ ਕੀਤਾ ਮਿੰਨੀ ਕਹਾਣੀ ਦਾ ਸਫ਼ਰ ਇਸ ਪੁਸਤਕ ਵਿੱਚ ਜ਼ਿੰਦਗੀ ਦੇ ਗੂੜ੍ ਅਤੇ ਗੰਭੀਰ ਤਜਰਬਿਆਂ ਨੂੰ ਪੇਸ਼ ਕਰਦਾ ਹੈ।ਲੇਖਕ ਦੀ ਇਸ ਵੱਡੀ ਪ੍ਰਾਪਤੀ ਲਈ ਬਹੁਤ ਬਹੁਤ ਮੁਬਾਰਕਬਾਦ। ਆਸ ਹੈ ਕਿ ਉਹ ਭਵਿੱਖ ਵਿਚ ਵੀ ਆਪਣੇ ਪਾਠਕਾਂ ਨੂੰ ਸੇਧ ਦੇਣ ਵਿੱਚ ਗਤੀਸ਼ੀਲ ਰਹੇਗਾ।
( ਡਾ.) ਮਧੂ ਬਾਲਾ
+91 99141 – 90724