ਰਣਜੀਤ ਕੌਰ ਸਵੀ ਦੀ ਪਲੇਠੀ ਕਵਿਤਾਵਾਂ ਦੀ ਪੁਸਤਕ ਰਮਜ਼ਾਂ ਰੁਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਕਹੀ ਜਾ ਸਕਦੀ ਹੈ। ਸਾਦ ਮੁਰਾਦੀ ਭਾਸ਼ਾ ਵਿਚ 104 ਪੰਨਿਆਂ ਵਿਚ ਲਿਖੀਆਂ 73 ਕਵਿਤਾਵਾਂ ਅਤੇ ਗੀਤਾਂ ਵਾਲੀ ਪੁਸਤਕ ਪ੍ਰੀਤ ਪਬਲੀਕੇਸ਼ਨਜ਼ ਨਾਭਾ ਨੇ ਪ੍ਰਕਾਸ਼ਤ ਕੀਤੀ ਹੈ। ਕਵਿਤਾਵਾਂ ਦੇ ਵਿਸ਼ੇ ਆਮ ਤੌਰ ਤੇ ਰੁਮਾਂਟਿਕ ਹੀ ਹਨ ਪ੍ਰੰਤੂ ਸਮਾਜਿਕ ਸਰੋਕਾਰਾਂ ਨੂੰ ਰੁਮਾਂਟਿਕਤਾ ਦੇ ਗਲੇਫ ਵਿਚ ਪੇਸ਼ ਕੀਤਾ ਗਿਆ ਹੈ ਤਾਂ ਜੋ ਉਹ ਕਵਿਤਾਵਾਂ ਮਨ ਪ੍ਰਚਾਵੇ ਦਾ ਸਾਧਨ ਵੀ ਬਣ ਸਕਣ। ਉਸਦੀਆਂ ਬਹੁਤੀਆਂ ਕਵਿਤਾਵਾਂ ਪਿਆਰ, ਇਸ਼ਕ ਅਤੇ ਮੁਹੱਬਤ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ, ਜਿਨ੍ਹਾਂ ਵਿਚ ਸਵੈ ਵਿਰੋਧ ਵੀ ਮੌਜੂਦ ਹੈ। ਉਸ ਦੀਆਂ ਕਵਿਤਾਵਾਂ ਕਈ ਵਾਰ ਪਿਆਰ ਤੋਂ ਬਿਨਾਂ ਜ਼ਿੰਦਗੀ ਨੂੰ ਅਧੂਰੀ ਆਖਦੀਆਂ ਹਨ ਅਤੇ ਨਾਲ ਹੀ ਇਹ ਵੀ ਕਹਿੰਦੀਆਂ ਹਨ ਕਿ ਪਿਆਰ ਇੱਕ ਧੋਖਾ ਹੈ। ਸੱਚੇ ਸੁੱਚੇ ਪਿਆਰ ਨੂੰ ਅਸੰਭਵ ਵੀ ਕਹਿੰਦੀਆਂ ਹਨ ਅਤੇ ਇਸਦੀ ਲੋੜ ਵੀ ਮਹਿਸੂਸ ਕਰਦੀਆਂ ਹਨ। ਪਿਆਰ ਦਰਦ ਦਿੰਦਾ ਹੋਇਆ ਤੜਪਾਉਂਦਾ ਰਹਿੰਦਾ ਹੈ। ਇਸ ਲਈ ਪਿਆਰ ਦੀ ਕੋਈ ਲੋੜ ਨਹੀਂ। ਪਿਆਰ ਵਿਚ ਤੂਹਮਤਾਂ ਅਤੇ ਬਦਨਾਮੀ ਮਿਲਦੀ ਹੈ। ‘ਵਖ਼ਤ’ ਕਵਿਤਾ ਵਿਚ ਕਵਿਤਰੀ ਕਹਿੰਦੀ ਹੈ ਕਿ ਜਿਸਨੇ ਸਾਨੂੰ ਪਿਆਰ ਕਰਨਾ ਸਿਖਾਇਆ ਸੀ, ਉਹ ਬੇਵਫ਼ਾ ਨਿਕਲ ਗਿਆ ਹੈ, ਸ਼ਕਲ ਤੋਂ ਭੋਲਾ ਭਾਲਾ ਲੱਗਦਾ ਸੀ, ਜ਼ੁਬਾਨ ਮਿੱਠੀ ਸੀ ਪ੍ਰੰਤੂ ਕੰਮ ਸ਼ੈਤਾਨਾਂ ਵਾਲੇ ਕਰਦਾ ਹੈ। ਇਹੋ ਸਾਡੀ ਸਮਾਜਿਕ ਤ੍ਰਾਸਦੀ ਹੈ। ਕਵਿਤਰੀ ਦਾ ਭਾਵ ਹੈ ਕਿ ਲੜਕੀਆਂ ਨੂੰ ਇਸ਼ਕ ਦੇ ਚਕਰ ਵਿਚ ਪਾਉਣ ਸਮੇਂ ਆਸ਼ਕ ਅਨੇਕਾਂ ਵਾਅਦੇ ਕਰਦੇ ਅਤੇ ਸਬਜ਼ਬਾਗ ਵਿਖਾਉਂਦੇ ਹਨ। ਆਪਣੇ ਮੂੰਹਾਂ ਤੇ ਮਖੌਟੇ ਪਾ ਕੇ ਭੋਲੀਆਂ ਭਾਲੀਆਂ ਲੜਕੀਆਂ ਨੂੰ ਗੁਮਰਾਹ ਕਰ ਲੈਂਦੇ ਹਨ ਅਤੇ ਅਖ਼ੀਰ ਵਿਚ ਧੋਖਾ ਦੇ ਜਾਂਦੇ ਹਨ। ‘ਚੋਰੀ ਚੋਰੀ’ ਸਿਰਲੇਖ ਵਾਲੀ ਕਵਿਤਾ ਵਿਚ ਕਵਿਤਰੀ ਲਿਖਦੀ ਹੈ ਕਿ ਰਾਤਾਂ ਦੀ ਨੀਂਦ ਚੁਰਾਉਣ ਵਾਲੇ, ਦਿਲ ਨੂੰ ਦਿਲਾਸਾ ਦੇਣ ਵਾਲੇ, ਯਾਰਾਂ ਦੇ ਯਾਰ ਕਹਾਉਣ ਵਾਲੇ ਲੋੜ ਪੈਣ ਉਪਰ ਨਿਗਾਹਾਂ ਬਦਲ ਲੈਂਦੇ ਹਨ। ਜਦੋਂ ਇਸ਼ਕ ਦੀ ਸ਼ਰਾਬ ਵਿਚ ਗਲਤਾਨ ਹੁੰਦੇ ਹਨ ਤਾਂ ਅਸਮਾਨ ਵਿਚੋਂ ਤਾਰੇ ਤੋੜਕੇ ਲਿਆਉਣ ਦੀਆਂ ਗੱਲਾਂ ਕਰਦੇ ਹਨ ਪ੍ਰੰਤੂ ਸਮਾਂ ਆਉਣ ਉਪਰ ਅੱਖਾਂ ਬਦਲ ਲੈਂਦੇ ਹਨ ਅਤੇ ਤਾਰਿਆਂ ਦੇ ਵਾਅਦਿਆਂ ਨੂੰ ਪੈਰਾਂ ਵਿਚ ਰੋਲਦੇ ਹਨ। ਉਹ ਇਹ ਵੀ ਲਿਖਦੀ ਹੈ ਕਿ ਪਿਆਰ ਵਿਚ ਪਰੁਚਾ ਵਿਅਕਤੀ ਹੀ ਕਵਿਤਾਵਾਂ ਲਿਖ ਸਕਦਾ ਹੈ। ‘ਮੂੰਹ ਤੇ ਸਿਫਤਾਂ’ ਕਵਿਤਾ ਵਿਚ ਸਮਾਜ ਵਿਚ ਆਈ ਗਿਰਾਵਟ ਬਾਰੇ ਲਿਖਦੀ ਹੈ ਕਿ ਇਨਸਾਨ ਜਦੋਂ ਕੋਲ ਹੁੰਦਾ ਹੈ ਤਾਂ ਸਿਫਤਾਂ ਦੇ ਪੁਲ ਬੰਨ੍ਹਦਾ ਹੈ ਪ੍ਰੰਤੂ ਪਿੱਠ ਪਿਛੇ ਦੁਸ਼ਮਣਾਂ ਦੀ ਤਰ੍ਹਾਂ ਵਿਚਰਦਾ ਹੈ। ਇਨਸਾਨ ਵਿਚ ਆਪੋ ਧਾਪੀ ਪਈ ਹੋਈ ਹੈ। ਝੂਠ, ਫਰੁੇਬ, ਮਕਾਰੀ ਪ੍ਰਧਾਨ ਹੋਈ ਪਈ ਹੈ। ਇਨਸਾਨੀਅਤ ਖੰਭ ਲਾ ਕੇ ਉਡ ਗਈ ਹੈ। ਇਸਦੇ ਨਾਲ ਹੀ ਇੱਕ ਥਾਂ ਤੇ ਪਿਆਰ ਨੂੰ ਪਰਮਾਤਮਾ ਦਾ ਦਰਜਾ ਦਿੰਦੀ ਹੋਈ ਅਧਿਆਤਕ ਗੱਲਾਂ ਕਰਦੀ ਹੈ। ਮੁਹੱਬਤ ਕਵਿਤਾ ਵਿਚ ਲਿਖਦੀ ਹੈ-
ਇੱਕ ਅੱਲਾ ਦਾ ਨਾਮ ਮੁਹੱਬਤ, ਅੱਖਰਾਂ ਵਿਚ ਪੈਗਾਮ ਮੁਹੱਬਤ।
ਸਾਹਾਂ ਦੇ ਵਿਚ ਵਸੀ ਹੈ ਤਾਹੀਂਉਂ, ਜਪੀਏ ਸੁਬ੍ਹਹਾ ਸ਼ਾਮ ਮੁਹੱਬਤ।
ਪਿਆਰ ਬਾਰੇ ਕਵਿਤਰੀ ਵਾਰ ਵਾਰ ਹਰ ਕਵਿਤਾ ਵਿਚ ਜ਼ਿਕਰ ਕਰਦੀ ਰਹਿੰਦੀ ਹੈ। ਉਹ ਇਹ ਵੀ ਲਿਖਦੀ ਹੈ ਕਿ ਪਿਆਰ ਦਾ ਪੈਂਡਾ ਬਿਖੜਾ, ਲੰਮਾ ਅਤੇ ਆਨੰਦਮਈ ਹੈ ਤਾਂ ਵੀ ਪਿਆਰੇ ਵਸਲ ਦੇ ਸੁਪਨੇ ਲੈਂਦੇ ਰਹਿੰਦੇ ਹਨ। ਉਸ ਦੀਆਂ ਕਵਿਤਾਵਾਂ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਕਵਿਤਰੀ ਨੇ ਲੋਕ ਪੀੜਾ ਨੂੰ ਬਾਖ਼ੂਬੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਦਰਜਨ ਕੁ ਕਵਿਤਵਾਂ ਨਿਜਤਾ ਦੇ ਘੇਰੇ ਵਿਚੋਂ ਨਹੀਂ ਨਿਕਲਦੀਆਂ। ਉਹ ਆਪਣੀਆਂ ਕਵਿਤਾਵਾਂ ਵਿਚ ਲਿਖਦੀ ਹੈ ਕਿ ਇਸ਼ਕ ਮੁਹੱਬਤ ਦੇ ਮਾਮਲੇ ਵਿਚ ਇਮਾਨਦਾਰ ਅਤੇ ਸੱਚੇ ਇਨਸਾਨ ਬਹੁਤ ਘੱਟ ਮਿਲਦੇ ਸਨ। ਪ੍ਰੇਮੀ ਖ਼ੁਦਗਰਜ ਅਤੇ ਧੋਖੇਬਾਜ ਜ਼ਿਆਦਾ ਹੁੰਦੇ ਸਨ। ਪਿਆਰ ਵਿਚ ਵੀ ਮੌਕਾਪ੍ਰਸਤੀ ਆ ਗਈ ਹੈ, ਇਸ ਕਰਕੇ ਉਹ ਆਪਣੀ ਇੱਕ ਕਵਿਤਾ ‘ਪਿਆਰ ਦੀ ਤਲਾਸ਼’ ਵਿਚ ਲਿਖਦੀ ਹੈ-
ਹਰ ਚੀਜ਼ ਮਿਲ ਜਾਂਦੀ ਇਸ ਦੁਨੀਆਂ ਵਿਚ, ਪਰ ਮਿਲ ਨਾ ਸਕੇ ਪਿਆਰ ਸੱਚਾ।
ਲੱਭ-ਲੱਭ ਕੇ ਥੱਕ-ਥੱਕ ਕੇ ਜੇ ਮਿਲ ਵੀ ਜਾਵੇ, ਤਾਂ ਵੀ ਮੁਕੰਮਲ ਨਹੀਂ।
ਸਵੈ ਵਿਰੋਧੀ ਕਵਿਤਾ ਇਸ਼ਕ ਵਿਚ ਵੇਖੋ ਸਾਰੇ ਰੰਗ ਮੌਜੂਦ ਹਨ। ਆਪਣੇ ਮਨ ਨੂੰ ਕਵਿਤਾ ਵਿਚ ਕਵਿਤਰੀ ਪਿਆਰ ਨੂੰ ਘਾਟੇ ਵਾਲਾ ਸੌਦਾ ਨਹੀਂ ਮੰਨਦੀ, ਸਗੋਂ ਪਿਆਰ ਕਰਨ ਨੂੰ ਤਰਜ਼ੀਹ ਦੇਣ ਦੀ ਗੱਲ ਕਰਦੀ ਹੋਈ ਲਿਖਦੀ ਹੈ-
ਪਿਆਰ ਮੁਹੱਬਤ ਘਾਟੇ ਵਾਲਾ ਸੌਦਾ ਨਹੀਂ, ਸਾਂਝ ਦਿਲਾਂ ਦੀ, ਬੋਲ ਪੁਗਾਉਣਾ ਚੰਗਾ ਹੈ
ਚਾਰ ਦਿਹਾੜੇ ਹੁਸਨ ਪ੍ਰਾਹੁਣੇ ਵਾਂਗੂੰ ਏ, ਮਨ ਦੇ ਸ਼ਿਕਵੇ ਤੁਰੰਤ ਮਿਟਾਉਣਾ ਚੰਗਾ ਹੈ।
ਵਾਰ ਰਿਹਾ ਜੋ ਜਾਨ ਤੁਹਾਡੇ ਉਤੋਂ ਦੀ, ਉਸ ਨੂੰ ਆਪਣੇ ਸੀਨੇ ਲਾਉਣਾ ਚੰਗਾ ਹੈ।
–
ਦਿਲ ਮੇਰੇ ਦੀ ਪਿਆਸ ਬੁਝਾ ਦੇ, ਨਜ਼ਰਾਂ ਰਾਹੀਂ ਜਾਮ ਪਿਲਾ ਦੇ।
ਅੱਖਾਂ ਰਾਹੀਂ ਸਮਝ ਇਸ਼ਾਰਾ, ਅੱਖਾਂ ਰਾਹੀਂ ਗੱਲ ਸੁਣਾ ਦੇ।
ਜੋਗੀ ਆਇਆ ਆਸ ਲਗਾ ਕੇ, ਖ਼ੈਰ ਮੁਹੱਬਤ ਝੋਲੀ ਪਾ ਦੇ।
ਹੱਡੀਂ ਰਚਿਆ ਇਸ਼ਕ ਜਿਨ੍ਹਾਂ ਦੇ, ਵਡਭਾਗਾਂ ਦੇ ਦਰਸ ਕਰਾ ਦੇ।
ਐਸਾ ਰਾਜਾ ਲੱਭੋ ਕੋਈ, ਗੱਫ਼ੇ ਵੰਡੇ ਭੁੱਖ ਮਿਟਾ ਦੇ।
ਸੋਚ ਸਮੁੰਦਰ ਦੇ ਵਿਚ ਘੁੰਮੇ ‘ ਸਵੀ’ ਨੂੰ ਪਾਰ ਲਗਾ ਦੇ।
‘ਖਾਮੋਸ਼ੀ’ ਨਾਂ ਦੀ ਕਵਿਤਾ ਵਿਚ ਉਹ ਲਿਖਦੀ ਹੈ ਖਾਮੋਸ਼ੀ ਨੂੰ ਇਸਤਰੀ ਦੀ ਕਮਜ਼ੋਰੀ ਨਾ ਸਮਝਿਆ ਜਾਵੇ। ਇਸਤਰੀ ਹਾਲਾਤ ਅਨੁਸਾਰ ਬੋਲਦੀ ਹੈ। ਕਿਰਤ ਕਰਕੇ ਰੁੱਖੀ ਮਿਸੀ ਖਾ ਕੇ ਗੁਜ਼ਾਰਾ ਕਰ ਸਕਦੀ ਹੈ ਪ੍ਰੰਤੂ ਪਿਆਰ ਵਿਚ ਧੋਖ਼ਾ ਬਰਦਾਸ਼ਤ ਨਹੀਂ ਕਰ ਸਕਦੀ। ਸੱਚ ਉਪਰ ਪਹਿਰਾ ਦਿੰਦੀ ਹੈ। ਉਹ ਖਿਦਮਤਗਾਰ ਵੀ ਨਹੀਂ। ਔਰਤ ਖੁਲ੍ਹਦਿਲੀ ਹੁੰਦੀ ਹੈ ਪ੍ਰੰਤੂ ਇਸ ਦਾ ਭਾਵ ਗ਼ਲਤ ਨਾ ਸਮਝਿਆ ਜਾਵੇ। ਔਰਤ ਤਲਵਾਰ ਦੀ ਨੋਕ ਦੀ ਤਰ੍ਹਾਂ ਹੁੰਦੀ ਹੈ, ਜੇਕਰ ਪਿਆਰ ਨਾਲ ਵਰਤਿਆ ਜਾਵੇ ਤਾਂ ਉਹ ਹਮਦਰਦ ਪ੍ਰੰਤੂ ਜੇਕਰ ਦੁਰਵਿਵਹਾਰ ਕੀਤਾ ਜਾਵੇ ਤਾਂ ਤਲਵਾਰ ਦੀ ਤਰ੍ਹਾਂ ਵਾਰ ਵੀ ਕਰ ਸਕਦੀ ਹੈ। ਇਸ ਲਈ ਉਹ ਆਪਣੀ ਕਵਿਤਾ ਵਿਚ ਲਿਖਦੀ ਹੈ-
ਔਰਤ ਹਾਂ, ਕਮਜ਼ੋਰ ਸ਼ਬਦ ਤੋਂ ਦੂਰੀ ਚੰਗੀ,
ਭੁੱਲ ਕੇ ਵੀ ਘੁੰਗਰੂਆਂ ਦੀ ਛਣਕਾਰ ਨਾ ਸਮਝੀਂ।
ਕਵਿਤਰੀ ਦੀਆਂ ਕਵਿਤਾਵਾਂ ਇਨਸਾਨ ਨੂੰ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਮਿਥ ਕੇ ਉਸਦੀ ਪ੍ਰਾਪਤੀ ਲਈ ਵੀ ਪ੍ਰੇਰਦੀਆਂ ਹਨ। ਸੰਸਾਰ ਵਿਚ ਕੋਈ ਨਿਸ਼ਾਨਾ ਪ੍ਰਾਪਤ ਕਰਨ ਵਿਚ ਮੁਸ਼ਕਲ ਪੇਸ਼ ਨਹੀਂ ਆਉਂਦੀ ਪ੍ਰੰਤੂ ਜੇਕਰ ਇਰਾਦਾ ਮਜ਼ਬੂਤ ਹੋਵੇ। ਉਸਨੂੰ ਇਸ ਗੱਲ ਦਾ ਵੀ ਹੰਦੇਸ਼ਾ ਹੈ ਕਿ ਆਧੁਨਿਕਤਾ ਦੇ ਯੁਗ ਵਿਚ ਸਾਂਝੇ ਪਰਿਵਾਰ ਟੁੱਟ ਰਹੇ ਹਨ। ਲੋਕ ਸਮੇਂ ਦੇ ਵਹਿਣ ਵਿਚ ਵਹਿ ਰਹੇ ਹਨ। ਲਾਲਚ ਵੱਧ ਰਿਹਾ ਹੈ। ਨਿਆਂ ਦੇਣ ਵਾਲੇ ਅਰਥਾਤ ਚੋਰ ਤੇ ਕੁਤੀ ਆਪਸ ਵਿਚ ਰਲੇ ਹੋਏ ਹਨ। ਡੇਰਾਵਾਦ ਦੀ ਚਿੰਤਾ ਵੀ ਕਵਿਤਰੀ ਨੂੰ ਰੜਕ ਰਹੀ ਹੈ। ਧਰਮ ਦੇ ਨਾਂ ਤੇ ਕੁਕਰਮ ਹੋ ਰਹੇ ਹਨ। ਇਨਸਾਨ ਮਖੌਟੇ ਪਾਈ ਫਿਰਦੇ ਹਨ। ਇਹ ਵਿਸ਼ੇ ਕਵਿਤਰੀ ਦੀ ਸਮਾਜ ਪ੍ਰਤੀ ਪ੍ਰਤਬੱਧਤਾ ਦਾ ਸਬੂਤ ਹਨ। ‘ਸਮੇਂ ਦੇ ਵਹਿਣ’ ਕਵਿਤਾ ਵਿਚ ਕਵਿਤਰੀ ਲਿਖਦੀ ਹੈ-
ਚਿੱਟੇ ਦਿਨ ਹੀ ਲੁੱਟੀ ਜਾਂਦੇ, ਆਪਣੀ ਮਿੱਟੀ ਪੁੱਟੀ ਜਾਂਦੇ।
ਘਰਾਂ ਵਿਚ ਖ਼ੁਸ਼ਹਾਲੀ ਕਿੱਥੇ, ਸਾਂਝੇ ਟੱਬਰ ਟੁੱਟੀ ਜਾਂਦੇ।
ਵਿੱਚ ਲਾਲਚ ਇਕ ਦੂਜੇ ਦੀ, ਸੰਘੀ ਸਾਰੇ ਘੁੱਟੀ ਜਾਂਦੇ।
ਹੋਏ ਲੁਟੇਰੇ ਸਾਧ ਪਖੰਡੀ, ਫੇਰ ਵੀ ਲੋਕੀ ਜੁੱਟੀ ਜਾਂਦੇ।
ਪਰਜਾ ਭੋਲੀ ਰਾਜੇ ਜ਼ੁਲਮੀ, ਲੁੱਟ ਲੁੱਟ ਕੇ ਕੁੱਟੀ ਜਾਂਦੇ।
ਜਿਹਨਾਂ ਨੇ ਇਨਸਾਫ ਸੀ ਦੇਣਾ, ਉਹੀ ਸੱਚ ਦੀ ਸੰਘੀ ਘੁੱਟੀ ਜਾਂਦੇ।
ਤੁਰ ਜਾ ਏਥੋਂ ਦੂਰ ਸਵੀ ਤੂੰ, ਚਿੱਕੜ ਲੋਕੀ ਸੁੱਟੀ ਜਾਂਦੇ।
‘ਇਕੱਤੀ ਮਾਰਚ’ ਕਵਿਤਾ ਵਿਚ ਸਮਾਜਿਕ ਰਿਸ਼ਤਿਆਂ ਵਿਚ ਆਈ ਖਟਾਸ ਅਤੇ ਨਿਘਾਰ ਦਾ ਬੜੇ ਸੁਚੱਜੇ ਢੰਗ ਨਾਲ ਪ੍ਰਗਟਾਵਾ ਕੀਤਾ ਗਿਆ ਹੈ। ਉਹ ਲਿਖਦੀ ਹੈ ਕਿ ਫੁਲ ਰੂਪੀ ਸਮਾਜ ਦੇ ਤਲਾਬ ਵਿਚ ਕਮਲ ਦਾ ਫੁਲ ਹੀ ਖ਼ੁਸ਼ਬੂ ਦੇ ਸਕਦਾ ਹੈ। ਉਸਦਾ ਭਾਵ ਹੈ ਕਿ ਚਾਰੇ ਪਾਸੇ ਕਪਟ, ਛਲਾਵਾ ਅਤੇ ਧੋਖਾ ਪ੍ਰਧਾਨ ਹਨ ਅਜਿਹੇ ਸਮਾਜ ਵਿਚ ਵਿਰਲੇ ਹੀ ਭਰਿਸ਼ਟਾਚਾਰ ਤੋਂ ਬਚ ਸਕਦੇ ਹਨ। ‘ਮੱਲੋ ਮੱਲੀ’ ਕਵਿਤਾ ਵੀ ਬੜੀ ਸੰਜੀਦਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਨਫਰਤ ਸਮਾਜਿਕ ਜੀਵਨ ਉਪਰ ਭਾਰੂ ਪੈ ਰਹੀ ਹੈ। ਜਿਵੇਂ ਸੋਨਾ ਭੱਠੀ ਵਿਚ ਪੈ ਕੇ ਚਮਕਦਾ ਹੈ, ਇਸੇ ਤਰ੍ਹਾਂ ਇਨਸਾਨ ਨੂੰ ਵੀ ਮੁਸ਼ਕਲਾਂ ਵਿਚੋਂ ਨਿਕਲਣ ਲਈ ਜਦੋਜਹਿਦ ਕਰਨੀ ਪਵੇਗੀ। ‘ਫੁੱਲ ਤੇ ਆਦਮ’ ਕਵਿਤਾ ਵਿਚ ਵੀ ਇਨਸਾਨ ਨੂੰ ਸਮੇਂ ਅਤੇ ਹਾਲਾਤ ਦਾ ਮੁਕਾਬਲਾ ਕਰਕੇ ਸਫਲ ਹੋਣ ਦੀ ਪ੍ਰੇਰਨਾ ਕਰਦੀ ਕਹਿੰਦੀ ਹੈ ਕਿ ਹੁਣ ਜ਼ਮਾਨਾ ਬਦਲ ਗਿਆ ਹੈ, ਔਰਤ ਪੈਰ ਦੀ ਜੁੱਤੀ ਨਹੀਂ ਸਗੋਂ ਉਹ ਹਮਸਫਰ ਹੈ। ਜਾਤ-ਪਾਤ ਦਾ ਖੰਡਨ ਕਰਦੀ ਹੋਈ ਚੋਰਾਂ ਅਤੇ ਠੱਗਾਂ ਤੋਂ ਬਚਕੇ ਚਲਣ ਦੀਅ ਤਾਕੀਦ ਕਰਦੀ ਹੈ। ਕਵਿਤਰੀ ਆਪਣੀਆਂ ਕਵਿਤਾਵਾਂ ਵਿਚ ਬਿਰਹਾ ਦਾ ਜ਼ਿਕਰ ਵੀ ਕਰਦੀ ਹੋਈ ਲਿਖਦੀ ਹੈ ਕਿ-
ਮੌਤ ਨਾਲੋਂ ਭੈੜੀ ਏ ਜੁਦਾਈ ਵੈਰੀਆ, ਮੇਰੇ ਲਈ ਮੇਰੀ ਤੂੰ ਖੁਦਾਈ ਵੈਰੀਆ।
ਹਰ ਪਲ ਕਰੂੰ ਤੇਰੀਆਂ ਜੀ ਹਜ਼ੂਰੀਆਂ, ਆਜਾ ਕਰੀਏ——ਪੂਰੀਆਂ।
ਤੇਰੇ ਨਾਲ ਸੀ ਸੋਹਣਿਆਂ ਮੌਜ ਬਹਾਰਾਂ, ਨਾਲ ਤੇਰੇ ਹੀ ਖਿੜੀਆਂ ਸਭ ਗੁਲਜ਼ਾਰਾਂ।
ਜੁਦਾਈ ਤਰੀ ਨੇ ਪਾ ਦਿੱਤੀਆਂ ਤਰਥੱਲਾਂ, ਆਜਾ ਕਰੀਏ ਦਿਲ ਦੀਆਂ ਗੱਲਾਂ।
‘ਮੌਤ ਦਾ ਸੱਦਾ’ ਕਵਿਤਾ ਵਿਚ ਕਵਿਤਰੀ ਸਬਰ ਸੰਤੋਖ ਦਾ ਪੱਲਾ ਫੜਨ ਲਈ ਪ੍ਰੇਰਦੀ ਹੈ ਕਿਉਂਕਿ ਮੌਤ ਦਾ ਕੋਈ ਪਤਾ ਨਹੀਂ ਕਦੋਂ ਆ ਟਪਕਣਾ ਹੈ, ਇਸ ਲਈ ਜ਼ਿੰਦਗੀ ਦਾ ਆਨੰਦ ਮਾਨਣਾ ਜਰੂਰੀ ਹੈ। ਸਦਭਾਵਨਾ, ਸਹਿਹੋਂਦ ਅਤੇ ਸਹਿਯੋਗ ਨਾਲ ਜੀਵਨ ਜਿਉਣਾ ਚਾਹੀਦਾ ਹੈ। ਕਵਿਤਰੀ ਨੇ ਵਿਸ਼ਿਆਂ ਦੀ ਚੋਣ ਬਹੁਤ ਹੀ ਸਿਆਣਪ ਨਾਲ ਕੀਤੀ ਹੈ। ਸਮਾਜ ਵਿਚ ਜੋ ਕੁਝ ਵਾਪਰ ਰਿਹਾ ਹੈ ਉਸਤੋਂ ਅੱਖਾਂ ਨਹੀਂ ਮੀਟੀਆਂ ਸਗੋਂ ਉਨ੍ਹਾਂ ਨੂੰ ਆਪਣੀਆਂ ਕਵਿਤਾਵਾਂ ਵਿਚ ਪ੍ਰਮੁਖਤਾ ਦਿੱਤੀ ਹੈ, ਜਿਵੇਂ ਇੱਕ ਕਲਾਕਾਰ ਲੜਕੀ ਨੂੰ ਮੌਤ ਦੇ ਘਾਟ ਉਤਾਰਨਾ, ਪੰਜਾਬੀ ਸਭਿਆਚਾਰ ਨੂੰ ਖੋਰਾ ਲੱਗਣਾ ਆਦਿ। ਉਸਦੀ ‘ਮੈਂ ਇੱਕ ਔਰਤ ਹਾਂ’ ਇੱਕ ਬਿਹਤਰੀਨ ਕਵਿਤਾ ਕਹੀ ਜਾ ਸਕਦੀ ਹੈ, ਜਿਸ ਵਿਚ ਉਸਨੇ ਦੱਸਿਆ ਹੈ ਕਿ ਔਰਤ ਇੱਕ ਭੋਗਣ ਦੀ ਵਸਤੂ ਹੀ ਨਹੀਂ ਸਗੋਂ ਆਦਮੀ ਦੀ ਜਨਮਦਾਤੀ ਹੈ। ਔਰਤ ਜਨਮ ਤੋਂ ਮਰਨ ਤੱਕ ਆਦਮੀ ਦਾ ਸਾਥ ਅਤੇ ਸੰਤੁਸ਼ਟੀ ਦਿੰਦੀ ਹੈ। ਔਰਤ ਨੂੰ ਕਵਿਤਰੀ ਨੇ ਬ੍ਰਹਿਮੰਡ ਦਾ ਦਰਜਾ ਦਿੰਦਿਆਂ ਕਿਹਾ ਹੈ ਕਿ ਉਸਤੋਂ ਬਿਨਾ ਸਮਾਜ ਦੀ ਉਤਪਤੀ ਹੀ ਸੰਭਵ ਨਹੀਂ, ਇਸ ਕਰਕੇ ਇਸਤਰੀ ਸਤਿਕਾਰ ਅਤੇ ਪਿਆਰ ਦੀ ਮੂਰਤ ਹੈ।
ਅਖ਼ੀਰ ਵਿਚ ਕਿਹਾ ਜਾ ਸਕਦ ਹੈ ਕਿ ਭਾਵੇਂ ਰਣਜੀਤ ਕੌਰ ਸਵੀ ਦਾ ਇਹ ਪਲੇਠਾ ਕਾਵਿ ਸੰਗ੍ਰਹਿ ਹੈ ਪ੍ਰੰਤੂ ਇਸ ਕਵਿਤਰੀ ਤੋਂ ਭਵਿਖ ਵਿਚ ਚੰਗੀਆਂ ਕਵਿਤਾਵਾਂ ਆਸ ਕੀਤੀ ਜਾ ਸਕਦੀ ਹੈ।
ਉਜਾਗਰ ਸਿੰਘ
(ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ)
+91-94178 13072
ujagarsingh48@yahoo.com