ਪੁਸਤਕ ਚਰਚਾ- ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ: ਪੰਜਾਬੀ ਸਾਹਿਤ ਦਾ ਇਤਿਹਾਸਕ ਦਸਤਾਵੇਜ਼

Bhagwant Singh dr 190716 mall singh rampuri 001

ਮੱਲ ਸਿੰਘ ਰਾਮਪੁਰੀ ਪੰਜਾਬੀ ਸਾਹਿਤ ਵਿੱਚ ਜਾਣਿਆ ਪਛਾਣਿਆ ਨਾਂ ਹੈ। ਇਸ ਲਈ ਕਿਸੇ ਪ੍ਰਮਾਣ ਦੀ ਲੋੜ ਨਹੀਂ। ਲੇਖਕ ਦੁਆਰਾ ਰਚਿਆ ਸਾਹਿਤ ਹੀ ਪ੍ਰਮਾਣ ਹੈ। ਇਹ ਉਹ ਸਾਹਿਤਕਾਰ ਹੈ ਜਿਸ ਦੀ ਕਲਮ ਨੇ ਸ਼ਾਇਰੀ ਤੋਂ ਲੈ ਕੇ ਇਤਿਹਾਸਕਾਰੀ ਦਾ ਸਫਰ ਤੈਅ ਕੀਤਾ ਹੈ। ਰਾਮਪੁਰੀ ਨੇ ਨਾਟਕ, ਕਵਿਤਾ, ਖੋਜ਼, ਵਾਰਤਕ ਰਾਹੀਂ ਪੰਜਾਬੀ ਸਾਹਿਤ ਵਿੱਚ ਨਾਮਣਾ ਖੱਟਿਆ ਹੈ।

ਰਾਮਪੁਰੀ ਦੀਆਂ ਰਚਨਾਵਾਂ ਬਾਰੇ ਵੱਖ ਵੱਖ ਵਿਦਵਾਨਾਂ ਨੇ ਆਪਣੀ ਆਪਣੀ ਸੂਝ ਅਨੁਸਾਰ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਇੰਨ੍ਹਾਂ ਵਿਚਾਰਾਂ ਨੂੰ ਖੋਜ ਨਿਬੰਧ ਦੇ ਰੂਪ ਵਿੱਚ ਪੇਸ਼ ਕਰਕੇ ਪੁਸਤਕ ਦਾ ਰੂਪ ਦਿੱਤਾ ਗਿਆ ਹੈ। ਇਹ ਪੁਸਤਕ ਦਾ ਨਾਂ ”ਮੱਲ ਸਿੰਘ ਰਾਮਪੁਰੀ ਰਚਨਾ ਅਤੇ ਮੁਲੰਕਣ। ਇਸ ਦੇ ਸੰਪਾਦਕ ਡਾ. ਭਗਵੰਤ ਸਿੰਘ ਅਤੇ ਡਾ. ਰਮਿੰਦਰ ਕੌਰ ਹਨ। ਇਹ ਸਾਰਾ ਉਪਰਾਲਾ ਮਾਲਵਾ ਰਿਸਰਚ ਸੈਂਟਰ ਪਟਿਆਲਾ ਦੀ ਦੇਣ ਹੈ।
ਮੱਲ ਸਿੰਘ ਰਾਮਪੁਰੀ ਦੀ ਪੁਸਤਕ ਜੇਲਾਂ ਜਾਈ ਬਾਰੇ ਡਾ. ਤੇਜਵੰਤ ਮਾਨ ਲਿਖਦੇ ਹਨ ਜਿ ਜੇਲ੍ਹ ਸਿਰਫ ਚਾਰ ਦੀਵਾਰੀ ਜਾਂ ਸੀਖਾਂ ਪਿੱਛੇ ਹੀ ਨਹੀਂ ਬਲਕਿ ਦੇਸ਼ ਦੇ ਰਾਜਨੀਤਕ, ਸਮਾਜਕ, ਆਰਥਕ, ਸੱਭਿਆਚਾਰ ਦਾ ਸ਼ੋਸ਼ਣ ਹੰਢਾ ਰਹੇ ਲੋਕਾਂ ਦਾ ਜੀਵਨ ਹੈ। ਸਾਹਿਤਕਾਰ ਦਾ ਫਰਜ਼ ਹੈ ਕਿ ਉਹ ਲੋਕਾਂ ਨਾਲ ਹੋ ਰਹੇ ਅਨ੍ਹਿਆਂ ਨੂੰ ਆਪਣੀ ਰਚਨਾ ਰਾਹੀਂ ਪੇਸ਼ ਕਰੇ। ਡਾ. ਮਾਨ ਕਹਿੰਦੇ ਹਨ ਕਿ ਰਾਮਪੁਰੀ ਇੱਕ ਚੇਤੰਨ ਕਵੀ ਹੈ ਜ਼ੋ ਆਪਣੀ ਸਿਰਜਨਾਤਮਕ ਸੂਝ ਦੁਆਰਾ ਸਮਾਜ ਵਿੱਚ ਬਦਲਾਅ ਲਿਆਉਣਾ ਚਾਹੁੰਦਾ ਹੈ।
ਜਰਨੈਲ ਸਿੰਘ ਅੱਚਰਵਾਲ ਅਨੁਸਾਰ ਮੱਲ ਸਿੰਘ ਰਾਮਪੁਰੀ ਦੀ ਕਹਿਣੀ ਅਤੇ ਕਥਨੀ ਵਿੱਚ ਕੋਈ ਫਰਕ ਨਹੀਂ। ਉਨ੍ਹਾਂ ਨੇ ਉਹੋ ਲਿਖਿਆ ਹੈ ਜੋ ਉਨ੍ਹਾਂ ਭੋਗਿਆ ਹੈ। ਉਨ੍ਹਾਂ ਦੀ ਰਚਨਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਦਾਇਕ ਹੈ। ਗਜਨੀ ਤੋਂ ਲੈ ਕੇ ਰਾਮਪੁਰ ਦਾ ਇਤਿਹਾਸ ਲਿਖ ਕੇ ਰਾਮਪੁਰੀ ਨੇ ਕਲਮ ਮੇਜ਼ ਉੱਤੇ ਰੱਖ ਦਿੱਤੀ ਹੈ। ਦੇਖੋ ਕੌਣ ਚੁੱਕਦਾ ਹੈ ? ਇਸ ਤੋਂ ਭਾਵ ਇਸ ਅਨੂਪਮ ਰਚਨਾ ਦੀ ਮਹਾਨਤਾ ਹੈ।
ਡਾ. ਭਗਵੰਤ ਸਿੰਘ ਅਨੁਸਾਰ ”ਗਜਨੀ ਤੋਂ ਲੈ ਕੇ ਰਾਮਪੁਰ” ਇੱਕ ਉੱਤਮ ਰਚਨਾ ਹੈ। ਇਸ ਵਿੱਚ ਸਿਰਫ ਮਾਂਗਟ ਖ਼ਾਨਦਾਨ ਬਾਰੇ ਹੀ ਨਹੀਂ ਬਲਕਿ ਪੂਰੇ ਪੰਜਾਬ ਦੀਆਂ ਸਮਾਜਕ, ਆਰਥਕ, ਰਾਜਨੀਤਕ ਅਤੇ ਇਤਿਹਾਸਕ ਤਬਦੀਲੀਆਂ ਨੂੰ ਬੇ-ਬਾਕੀ ਨਾਲ ਬਿਆਨਿਆ ਹੈ। ਇਸ ਪੁਸਤਕ ਵਿੱਚ ਸੱਭਿਆਚਾਰ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ।
ਪਵਨ ਹਰਚੰਦਪੁਰੀ ਦੇ ਵਿਚਾਰ ਅਨੁਸਾਰ ਲੇਖਕ ਦੀਆਂ ਰਚਨਾਵਾਂ ਵਿੱਚੋਂ ਉਸਦੀ ਜਿੰਦਗੀ ਦੇ ਦਰਸ਼ਨ ਹੁੰਦੇ ਹਨ। ਉਨ੍ਹਾਂ ਨੇ ਇੱਕ ਸੱਚੇ ਦੇਸ਼ ਭਗਤ ਹੋਣ ਦੇ ਨਾਤੇ ਜੇਲ੍ਹ ਯਾਤਰਾ ਵੀ ਕੀਤੀ। ਜੇਲ੍ਹ ਦੇ ਅੰਦਰਲੇ ਅਤੇ ਬਾਹਰਲੇ ਅਨੁਭਵਾਂ ਨੇ ਉਨ੍ਹਾਂ ਨੂੰ ਖ਼ੂਬਸੂਸਰਤ ਰਚਨਾਵਾਂ ਦਾ ਰਚੈਤਾ ਬਣਾਇਆ। ਇਹ ਰਚਨਾਵਾਂ ਉਨ੍ਹਾਂ ਦੀਆਂ ਹੱਡ-ਬੀਤੀਆਂ ਦਾ ਨਮੂਨਾ ਹਨ। ਜੇਲਾਂ ਜਾਈ ਕਾਵਿ ਸੰਗ੍ਰਹਿ ਵਿੱਚ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਦੇ ਨਾਂ ਵੀ ਅਜਿਹੇ ਹੀ ਰੱਖੇ ਹਨ ਜਿਵੇਂ ਯੂਨੀਵਰਸਿਟੀ, ਸਹੁਰਾ ਘਰ, ਅਜੋੜ ਸਾਥਣ, ਕਤਲਗਾਹ।
ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੇ ਲਿਖਿਆ ਹੈ ਕਿ ”ਗਜਨੀ ਤੋਂ ਰਾਮਪੁਰ” ਦੇ ਇਤਿਹਾਸ ਨੂੰ ਸਿਰਜਕੇ ਰਾਮਪੁਰੀ ਨੇ ਇਤਿਹਾਸ ਦੇ ਅਣਗੌਲੇ ਤੱਥਾਂ ਨੂੰ ਉਜਾਗਰ ਕੀਤਾ ਹੈ। ।
ਹਰਭਜਨ ਸਿੰਘ ਮਾਂਗਟ ਅਨੁਸਾਰ ਮੱਲ ਸਿੰਘ ਰਾਮਪੁਰੀ ਇੱਕੋ ਰਚਨਾ ਨਾਲ ਹੀ ਅਮਰ ਹੋ ਗਿਆ। ਉਨ੍ਹਾਂ ਦੀ ਖੋਜ ਸਮਰੱਥਾ ਵਾਲੀ ਭਾਸ਼ਾ ਸ਼ੈਲੀ ਜਿੰਦਗੀ ਦੀ ਮੂੰਹ ਬੋਲਦੀ ਤਸਵੀਰ ਹੈ।
ਨਿਰੰਜਣ ਬੋਹਾ ਅਨੁਸਾਰ ਰਾਮਪੁਰੀ ਦੀਆਂ ਰਚਨਾਵਾਂ ਸੰਸਾਰ ਪੱਧਰ ਦੀਆਂ ਭਿੰਨ ਭਿੰਨ ਵਿਵਸਥਾਵਾਂ ਨੂੰ ਬਿਆਨ ਕਰਦੀਆਂ ਹਨ।
ਡਾ. ਰਮਿੰਦਰ ਕੌਰ ਅਨੁਸਾਰ ਮੱਲ ਸਿੰਘ ਰਾਮਪੁਰੀ ਉੱਚੀ ਸੁਰ ਦਾ ਸ਼ਾਇਰ ਹੈ। ਜੋ ਲੋਕਾਂ ਦੀ ਆਵਾਜ਼ ਨੂੰ ਆਪਣੇ ਸ਼ਬਦਾਂ ਰਾਹੀਂ ਪੇਸ਼ ਕਰਦਾ ਹੈ। ਡਾ. ਕੁਲਦੀਪ ਸਿੰਘ ਦੀਪ ਅਨੁਸਾਰ ਰਾਮਪੁਰੀ ਕਲਮੀ ਯੋਧਾ ਅਤੇ ਨਾਟਕਰਮੀ ਹੈ। ਜਿਸਨੇ ਅਵਾਮੀ ਚੇਤਨਾ ਨਾਲ ਲੈਸ ਹੋ ਕੇ ਅਵਾਮ ਦੀ ਪੀੜਾ ਨੂੰ ਰਚਨਾ ਦਾ ਮਾਧਿਅਮ ਬਣਾਇਆ।
ਇਸ ਤੋਂ ਇਲਾਵਾ ਮੱਲ ਸਿੰਘ ਰਾਮਪੁਰੀ ਦੀਆਂ ਰਚਨਾਵਾਂ ਤੋਂ ਬਿਨ੍ਹਾਂ ਉਨ੍ਹਾਂ ਦੇ ਜੀਵਨ ਅਤੇ ਮੁੱਢਲੀ ਸਿੱਖਿਆ ਬਾਰੇ ਜਾਣੂੰ ਹੁੰਦਿਆਂ ਪਤਾ ਲੱਗਦਾ ਹੈ ਕਿ ਰਾਮਪੁਰੀ ਨੇ ਕਿਸੇ ਸਕੂਲ ਜਾਂ ਕਾਲਜ ਵਿੱਚ ਕੋਈ ਰਸਮੀ ਸਿੱਖਿਆ ਪ੍ਰਾਪਤ ਨਹੀਂ ਕੀਤੀ। ਫਿਰ ਵੀ ਉਨ੍ਹਾਂ ਦਾ ਨਾਂ ਵਿਲੱਖਣ ਸਾਹਿਤਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਅਜਿਹਾ ਉਨ੍ਹਾਂ ਦੀਆਂ ਰਚਨਾਵਾਂ ਸਦਕਾ ਹੀ ਹੈ। ਸਵਾਰਥ ਨੂੰ ਤਿਆਗ ਕੇ ਪਰ ਸਵਾਰਥ ਲਈ, ਦੇਸ਼ ਲਈ, ਸੋਸ਼ਤ ਹੋ ਰਹੇ ਸਮਾਜ ਦੇ ਉਸ ਵਰਗ ਲਈ ਜਿਨ੍ਹਾਂ ਨੂੰ ਹਮੇਸ਼ਾਂ ਹੀ ਤ੍ਰਿਸਕਾਰਿਆ ਗਿਆ ਹੈ, ਉਨ੍ਹਾਂ ਦੇ ਹੱਕਾਂ ਲਈ ਜੇਲ੍ਹਾਂ ਗਏ ਅਤੇ ਕਲਮੀ ਰੂਪ ਵਿੱਚ ਉਨ੍ਹਾਂ ਦੇ ਹੱਕ ਵਿੱਚ ਆਵਾਜ ਉਠਾ ਕੇ ਸਾਹਿਤ ਸਿਰਜਿਆ। ਹੱਡ-ਬੀਤੀ ਅਤੇ ਜੱਗ ਬੀਤੀ ਨੂੰ ਸਮਝਣ ਵਾਲਾ ਮੱਲ ਸਿੰਘ ਰਾਮਪੁਰੀ ਸਾਹਿਤ ਦਾ ਵਿਲੱਖਣ ਕਲਮੀ ਯੋਧਾ ਹੈ। ਜੇਕਰ ਰਾਮਪੁਰੀ ਨੂੰ ਰਾਮਪੁਰ ਦਾ ਕਾਲੀਦਾਸ ਕਹਿ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਵਿਚਾਰ ਅਧੀਨ ਪੁਸਤਕ ਵਿੱਚ ਵਿਦਵਾਨ ਸੰਪਾਦਕਾਂ ਡਾ. ਭਗਵੰਤ ਸਿੰਘ ਤੇ ਡਾ. ਰਮਿੰਦਰ ਕੌਰ ਨੇ ਮੱਲ ਸਿੰਘ ਰਾਮਪੁਰੀ ਦੀ ਲੇਖਣੀ ਤੇ ਵਿਭਿੰਨ ਪਹਿਲੂਆਂ ਦਾ ਵਿਗਿਆਨਕ ਵਿਸ਼ਲੇਸ਼ਣ ਪੇਸ਼ ਕੀਤਾ ਹੈ। ਇਹ ਪੁਸਤਕ ਪੰਜਾਬੀ ਸਾਹਿਤ ਵਿਚ ਰਾਮਪੁਰੀ ਦਾ ਸਥਾਨ ਨਿਰਧਾਰਤ ਕਰਦੀ ਹੈ। ਇਹ ਪੁਸਤਕ ਇੱਕ ਇਤਿਹਾਸਕ ਦਸਤਾਵੇਜ਼ ਦਾ ਦਰਜਾ ਰੱਖਦੀ ਹੈ।

(ਜੋਗਿੰਦਰ ਕੌਰ ਅਗਨੀਹੋਤਰੀ)
+91 94178-40323

Install Punjabi Akhbar App

Install
×