ਪੁਸਤਕ- ਚਰਚਾ: ਇਹ ਸਦੀ ਵੀ ਤੇਰੇ ਨਾਉਂ

ਲੇਖਕ : ਛਿੰਦਰ ਕੌਰ ਸਿਰਸਾ; ਪੰਨੇ : 128, ਮੁੱਲ : 130 ਰੁਪਏ; ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ

‘ਇਹ ਸਦੀ ਵੀ ਤੇਰੇ ਨਾਉਂ’ ਸ਼ਾਇਰਾ ਛਿੰਦਰ ਕੌਰ ਸਿਰਸਾ ਦਾ ਸੱਜਰਾ ਕਾਵਿ- ਸੰਗ੍ਰਹਿ ਹੈ। ਇਸ ਵਿਚ ਕੁਲ 157 ਛੋਟੀਆਂ- ਵੱਡੀਆਂ ਕਵਿਤਾਵਾਂ ਹਨ। ਸਮੁੱਚੇ ਕਾਵਿ- ਸੰਗ੍ਰਹਿ ਦਾ ਅਧਿਐਨ ਕਰਨ ਉਪਰੰਤ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਛਿੰਦਰ ਕੌਰ ਸਿਰਸਾ ਆਪਣੇ ਇਸ ਕਾਵਿ- ਸੰਗ੍ਰਹਿ ਵਿਚ ਔਰਤ ਮਨ ਦੀਆਂ ਕੋਮਲ ਸੰਵੇਦਨਾਵਾਂ ਨੂੰ ਪੇਸ਼ ਕਰਨ ਵਿਚ ਸਫ਼ਲ ਰਹੀ ਹੈ। ਉਂਝ ਇਹ ਲਾਜ਼ਮੀ ਵੀ ਹੈ ਕਿਉਂਕਿ ਛਿੰਦਰ ਕੌਰ ਸਿਰਸਾ ਖ਼ੁਦ ਔਰਤ ਹੈ ਅਤੇ ਇੱਕ ਔਰਤ ਹੀ ਔਰਤ ਜਗਤ ਦੇ ਮਨੋਭਾਵਾਂ ਨੂੰ ਸਹਿਜਤਾ ਨਾਲ ਸਮਝ ਸਕਦੀ ਹੈ / ਮਹਿਸੂਸ ਕਰ ਸਕਦੀ ਹੈ।
ਦੂਜੀ ਗੱਲ, ਮੁੱਖਧਾਰਾ ਦੀ ਪੰਜਾਬੀ ਕਵਿਤਾ ਔਰਤ ਨੂੰ ਮਰਦ ਤੋਂ ਅੱਗੇ ਤੱਕ ਪਹੁੰਚਾਉਣ ਵਾਸਤੇ ਪੱਬਾਂ ਭਾਰ ਹੋਈ ਦਿਖਾਈ ਦੇ ਰਹੀ ਹੈ। ਪਰ, ਕਿਤੇ ਔਰਤ- ਮਰਦ ਦੇ ਮੁਹਬੱਤੀ ਸੰਬੰਧਾਂ ਦਾ ਜ਼ਿਕਰ ਨਹੀਂ ਹੋ ਰਿਹਾ। ਛਿੰਦਰ ਕੌਰ ਸਿਰਸਾ ਨੇ ਔਰਤ ਨਾਲ ਮੁਕਾਬਲੇ ਦੀ ਭਾਵਨਾ ਨੂੰ ਮੱਧਮ ਰੱਖਿਆ ਹੈ ਅਤੇ ਬਾਪ ਦੇ ਪਿਆਰ, ਭਰਾਵਾਂ ਦੇ ਮੋਹ ਤੇ ਪੁੱਤਰਾਂ ਦੇ ਸਤਿਕਾਰ ਦੀ ਗੱਲ ਵੀ ਬਹੁਤ ਖ਼ੂਬਸੂਰਤ ਢੰਗ ਨਾਲ ਬਿਆਨ ਕੀਤੀ ਹੈ।
ਛਿੰਦਰ ਕੌਰ ਸਿਰਸਾ ਨੇ ਇਸ ਕਾਵਿ- ਸੰਗ੍ਰਹਿ ਵਿਚ ਸਮਾਜਿਕ ਵਰਤਾਰੇ ਦੀ ਗੱਲ, ਔਰਤ ਦੇ ਮਨੋਭਾਵਾਂ ਦੀ ਗੱਲ, ਇਸ਼ਕ ਦੀ ਗੱਲ, ਬਾਬਲ ਦੀ ਗੱਲ, ਉਡੀਕ ਦੀ ਗੱਲ ਅਤੇ ਅਨਿਆਂ ਦੀ ਗੱਲ ਬਹੁਤ ਸਹਿਜ ਸ਼ਬਦਾਂ ਵਿਚ ਬਿਆਨ ਕਰ ਦਿੱਤੀ ਹੈ। ਅਸਲ ਵਿਚ ਛਿੰਦਰ ਕੌਰ ਸਿਰਸਾ ਪੇਂਡੂ ਧਰਾਤਲ ਵਿਚੋਂ ਉੱਠ ਕੇ ਲੇਖਣ ਖੇਤਰ ਵਿਚ ਆਈ ਸ਼ਾਇਰਾ ਹੈ। ਇਸ ਕਰਕੇ ਉਸਦੀਆਂ ਕਵਿਤਾਵਾਂ ਵਿਚ ਪੇਂਡੂ ਸੱਭਿਆਚਾਰ ਅਤੇ ਲਹਿਜੇ ਦੇ ਝਲਕਾਰੇ ਆਮ ਹੀ ਵੇਖੇ ਜਾ ਸਕਦੇ ਹਨ।
ਹਰਿਆਣੇ ਵਰਗੇ ਹਿੰਦੀ ਸੂਬੇ ਵਿਚ ਇੰਨੀ ਪਰਪੱਕ ਕਵਿਤਾ ਕਿਸੇ ਅਚੰਭੇ ਨਾਲੋਂ ਘੱਟ ਨਹੀਂ ਹੈ, ਕਿਉਂਕਿ ਹਰਿਆਣੇ ਦੇ ਪੰਜਾਬੀਆਂ ਵਿਚ ਸਾਹਿੱਤ ਪ੍ਰਤੀ ਉੰਨਾ ਉਤਸ਼ਾਹ ਨਹੀਂ ਹੈ ਜਿੰਨਾ ਮੁੱਖਧਾਰਾ ਦੇ ਪੰਜਾਬੀਆਂ ਵਿਚ ਹੈ। ਖ਼ਬਰੇ, ਇਸੇ ਕਰਕੇ ਹਰਿਆਣੇ ਵਿਚੋਂ ਨਿਕਲੀ ਇਹ ਗਹਿਰ- ਗੰਭੀਰ ਕਵਿਤਾ ਪਾਠਕਾਂ ਨੂੰ ਸੋਚਣ ਅਤੇ ਪੜ੍ਹਣ ਲਈ ਮਜ਼ਬੂਰ ਕਰ ਰਹੀ ਹੈ।
ਛਿੰਦਰ ਕੌਰ ਸਿਰਸਾ ਦੀਆਂ ਕਵਿਤਾਵਾਂ ਜਿੱਥੇ ਔਰਤ ਮਨ ਦੀਆਂ ਕੋਮਲ ਸੰਵੇਦਾਵਾਂ ਨੂੰ ਬਿਆਨਦੀਆਂ ਹਨ ਉੱਥੇ ਹੀ ਸਮਾਜਿਕ ਬਦਲਾਓ ਵੱਲ ਵੀ ਧਿਆਨ- ਗੋਚਰ ਕਰਵਾਉਂਦੀਆਂ ਹਨ। ਸਮਾਜ ਵਿਚਲੇ ਚਿੱਟਕਪੜੀਏ ਹੈਵਾਨਾਂ ਨੂੰ ਸ਼ੀਸ਼ਾ ਵਿਖਾਉਂਦੀਆਂ ਹਨ।
‘ਗੌਤਮੀਂ ਲਿਬਾਸ ‘ਚ ਘੁੰਮਦੀ
ਦਰਿੰਦਗੀ ਤੋਂ ਭੈ- ਭੀਤ
ਹੋ ਜਾਨੀਆਂ ਹਾਂ।’ (ਪੰਨਾ- 60)
ਛਿੰਦਰ ਕੌਰ ਸਿਰਸਾ ਦੀਆਂ ਸਮੁੱਚੀਆਂ ਕਵਿਤਾਵਾਂ ਵਿਚ ਮੂਲ ਥੀਮ ਔਰਤ ਦੀਆਂ ਵੱਖ- ਵੱਖ ਮਨੋਸਥਿਤੀਆਂ ਦਾ ਚਿਤਰਣ ਕਰਨ ਵਿਚ ਲੁਕਿਆ ਹੋਇਆ ਹੈ। ਇਹ ਮਨੋਸਥਿਤੀਆਂ ਉਮਰ ਦੇ ਵੱਖ- ਵੱਖ ਪੜਾਵਾਂ ਦੇ ਅਨੁਸਾਰ ਬਦਲਦੀਆਂ ਰਹਿੰਦੀਆਂ ਹਨ। ਕਿਤੇ ਅਲੜ੍ਹ ਉਮਰ ਦੇ ਪਿਆਰ ਦੀਆਂ ਬਾਤਾਂ, ਉਡੀਕ ਤੇ ਸੂਹੇ ਗੁਲਾਬ ਦੀ ਗੱਲ ਹੈ ਤੇ ਕਿਤੇ ਹਉਮੈ ‘ਚ ਗ੍ਰਸਤ ਮਨੁੱਖੀ ਮਨਾਂ ਦੀ ਗੱਲ ਪੜ੍ਹਣ ਨੂੰ ਮਿਲਦੀ ਹੈ।
‘ਬੰਦੇ ਦੀ ਮੈਂ
ਅੰਨ੍ਹਿਆਂ ਕਰ ਦੇਂਦੀ ਹੈ ਬੰਦੇ ਨੂੰ
ਇਸ਼ਕ ‘ਚ ਤੇ ਲੋਕ ਪਾਗ਼ਲ ਹੁੰਦੇ ਨੇ।’ (ਪੰਨਾ- 81)
‘ਇਹ ਸਦੀ ਵੀ ਤੇਰੇ ਨਾਉਂ’ ਕਾਵਿ- ਸੰਗ੍ਰਹਿ ਦੀਆਂ ਕਵਿਤਾਵਾਂ ਅਲੜ੍ਹ ਉਮਰ ਤੋਂ ਅੱਧਖ਼ੜ੍ਹ ਉਮਰ ਦਾ ਪੜਾਅ ਤਹਿ ਕਰਦੀਆਂ ਮਹਿਸੂਸ ਹੁੰਦੀਆਂ ਹਨ। ਕਈ ਕਵਿਤਾਵਾਂ ਤਾਂ ਆਪਣੇ ਵਹਾਅ ਦੇ ਉਲਟ ਅਤੇ ਹੈਰਾਨੀਜਨਕ ਸਿਖ਼ਰ ‘ਤੇ ਪਹੁੰਚ ਕੇ ਖ਼ਤਮ ਹੁੰਦੀਆਂ ਹਨ। ਇਸ ਵਰਤਾਰੇ ਵਿਚੋਂ ਛਿੰਦਰ ਕੌਰ ਸਿਰਸਾ ਗਾਇਬ ਹੈ ਕਿਉਂਕਿ ਉਹ ਖ਼ੁਦ ਸਮੇਂ ਦੇ ਵਹਾਅ ਵਿਚ ਵਹਿ ਗਈ ਹੈ। ਇਹੋ ਹੀ ਕਿਸੇ ਲੇਖਕ ਦੇ ਸਫ਼ਲ ਹੋਣ ਦਾ ਮੂਲ- ਮੰਤਰ ਹੁੰਦਾ ਹੈ ਜਦੋਂ ਉਹ ਕਵਿਤਾ ਨੂੰ ਲਿਖਦਾ ਨਹੀਂ ਬਲਕਿ ਜੀਉਂਦਾ ਹੈ।

(ਡਾ. ਨਿਸ਼ਾਨ ਸਿੰਘ ਰਾਠੌਰ)
+91 75892- 33437.