ਮਾਹਿਲਪੁਰ ਦਾ ਫੁੱਟਬਾਲ ਸੰਸਾਰ

ਲੇਖਕ:ਬਲਜਿੰਦਰ ਮਾਨ – ਰੀਵਿਊਕਾਰ: ਪ੍ਰੋ.ਬਲਵੀਰ ਕੌਰ ਰੀਹਲ

ਪ੍ਰਕਾਸਕ :ਪ੍ਰਿੰ.ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ (ਹੁਸ਼ਿਆਰਪੁਰ) ਪੰਨੇ: 156, ਮੁੱਲ:525 /-

ਬਾਲ ਸਾਹਿਤ ਜਗਤ ਵਿਚ ਬਲਜਿੰਦਰ ਮਾਨ ਦਾ ਨਾਮ ਬੜਾ ਉੱਘਾ ਹੈ।ੳਨ੍ਹਾਂ ਨੇ ਨਿੱਕੀਆਂ ਕਰੂੰਬਲਾਂ ਬਾਲ ਰਸਾਲੇ ਨੂੰ 27 ਸਾਲ ਤੋਂ ਨਿਰੰਤਰ ਸੰਪਾਦਿਤ ਅਤੇ ਪ੍ਰਕਾਸ਼ਿਤ ਕਰਕੇ ਰਿਕਾਰਡ ਕਾਇਮ ਕੀਤਾ ਹੋਇਆ ਹੈ।ਮਾਹਿਲਪੁਰ ਇਲਾਕੇ ਨੂੰ ਫੁੱਟਬਾਲ ਨਰਸਰੀ ਦਾ ਰੁਤਬਾ ਹਾਸਲ ਹੈ।ਇਸ ਮਾਣ ਸਨਮਾਨ ਨੂੰ ਕੀਮਤੀ ਰੰਗਦਾਰ ਅਤੇ ਆਰਟ ਪੇਪਰ ਤੇ ਛਪੀ ਕਾਫੀਟੇਬਲ ਬੁੱਕ ‘ਮਾਹਿਲਪੁਰ ਦਾ ਫੁੱਟਬਾਲ ਸੰਸਾਰ’ ਰਾਹੀਂ ਸੰਭਾਲਿਆ ਹੈ।ਜਿੱਥੇ ਉਸਨੇ ਇਸ ਪੁਸਤਕ ਵਿਚ ਫੁੱਟਬਾਲ ਦੇ ਇਤਿਹਾਸ ਮਿਥਿਹਾਸ ਨੂੰ ਅੰਕਿਤ ਕੀਤਾ ਹੈ ਉਥੇ ਇਸ ਇਲਾਕੇ ਨਾਲ ਸਬੰਧਤ 150 ਤੋਂ ਵੱਧ ਅੰਤਰਰਾਸ਼ਟਰੀ ਪੱਧਰ ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ, ਕੋਚਾਂ ਅਤੇ ਖੇਡ ਪ੍ਰਮੋਟਰਾਂ ਬਾਰੇ ਰੌਚਕ ਰੇਖਾ ਚਿਤਰ ਵੀ ਸਿਰਜੇ ਹਨ।ਭਾਰਤੀ ਫੁੱਟਬਾਲ ਦੇ ਇਤਿਹਾਸਕ ਪਲਾਂ ਨੂੰ ਖਿਡਾਰੀਆਂ ਅਤੇ ਪ੍ਰਬੰਧਕਾਂ ਦੀ ਜ਼ੁਬਾਨੀ ਕਹਾਇਆ ਗਿਆ ਹੈ।ਉਹਨਾਂ ਦੁਆਰਾ ਅਪਣਾਈਆਂ ਫੁੱਟਬਾਲ ਦੀਆਂ ਜੁਗਤਾਂ ਨਵੀਂ ਪਨੀਰੀ ਲਈ ਰਾਹ ਦਸੇਰਾ ਬਣਦੀਆਂ ਹਨ।ਇਹ ਪੁਸਤਕ ਖਿਡਾਰੀਆਂ ,ਕੋਚਾਂ,ਅਤੇ ਟੂਰਨਾਮੈਂਟਾਂ ਦੇ ਪ੍ਰਬੰਧਕਾਂ ਨੂੰ ਕਈ ਨੁਕਤਿਆਂ ਬਾਰੇ ਗਿਆਨ ਪ੍ਰਦਾਨ ਕਰਦੀ ਹੈ।ਲੇਖਕ ਨੇ ਇਸ ਕਾਰਜ ਲਈ ਸਾਲਾਂ ਦਾ ਸਮਾਂ ਅਤੇ ਮਿਹਨਤ ਲਗਾਈ ਹੈ ਜੋ ਨਵੀਂ ਪਨੀਰੀ ਨੂੰ ਆਪਣੀ ਅਮੀਰ ਖੇਡ ਵਿਰਾਸਤ ਨਾਲ ਜੋੜ ਕੇ ਭਵਿੱਖ ਲਈ ਤਿਆਰ ਕਰਦੀ ਹੈ।
ਸਵਰਗਵਾਸੀ ੳਲੰਪੀਅਨ ਅਰਜਨ ਅਵਾਰਡੀ ਫੁੱਟਬਾਲਰ ਜਰਨੈਲ ਸਿੰਘ ਨੂੰ ਆਪਣੇ ਸਮੇਂ ਦਾ ਸਭ ਤੋਂ ਮਹਿੰਗਾ ਫੁੱਟਬਾਲਰ ਲਿਖਿਆ ਗਿਆ ਹੈ।ਜੇਤੂ ਕਪਤਾਨ ਗੁਰਦੇਵ ਸਿੰਘ ਗਿੱਲ,ਕੜ੍ਹੇ ਹੋਏ ਦੁੱਧ ਵਰਗਾ ਇਨਸਾਨ ਸਤਵੰਤ ਸਿੰਘ ਬੈਂਸ,ਫੁੱਟਬਾਲ ਦੀ ਨਰਸਰੀ ਦਾ ਮਾਲੀ ਹੈ ਲੰਗੇਰੀ ਵਾਲਾ ਕੁਲਵੰਤ ਸਿੰਘ ਸੰਘਾ,ਇਨਸਾਨੀਅਤ ਦਾ ਪਹਿਰੇਦਾਰ ਸ਼ਵਿੰਦਰਜੀਤ ਸਿੰਘ ਬੈਂਸ ਵਰਗੇ ਸਿਰਲੇਖ ਹਰ ਪਾਠਕ ਨੂੰ ਹੋਰ ਅੱਗੇ ਪੜ੍ਹਨ ਲਈ ਤਿਆਰ ਕਰਦੇ ਹਨ।ਅਰਜਨ ਅਵਾਰਡੀ,ਪਾਲਕ ਤੇ ਸੰਚਾਲਕ,ਉਡਣ ਪਰੀਆਂ,ਮਾਰਦੇ ਜੋ ਉਚੀਆਂ ਉਡਾਰੀਆਂ,ਸਿੰਜਦੇ ਜੋ ਖੇਡ ਕਿਆਰੀਆਂ,ਸੰਦਲੀ ਪੈੜਾਂ,ਫੁੱਟਬਾਲ ਜਗਤ ਦੇ ਸੁਨਹਿਰੇ ਪੰਨੇ,ਜਿਨ੍ਹਾਂ ਦੀ ਚਰਚਾ ਹੁੰਦੀ ਹੈ ਅਤੇ ਅੰਬਰਾਂ ਦੇ ਤਾਰੇ ਆਦਿ ਨੌਂ ਭਾਗਾਂ ਵਿਚ ਵੰਡੀ ਪੁਸਤਕ ਦੀ ਪੇਸ਼ਕਾਰੀ ਵੀ ਬੜੀ ਕਮਾਲ ਦੀ ਹੈ।ਰੰਗਦਾਰ ਤਸਵੀਰਾਂ ਪਾਠਕਾਂ ਦੀ ਪੁਸਤਕ ਵਿਚ ਦਿਲਚਸਪੀ ਪੈਦਾ ਕਰਦੀਆਂ ਹਨ।ਵਿਸ਼ਵ ਮਹਿਲਾ ਲੀਗ ਖੇਡਣ ਵਾਲੀ ਸਟ੍ਰਾਈਕਰ ਫੁੱਟਬਾਲ ਖਡਾਰਨ ਮਨੀਸ਼ਾ ਕਲਿਆਣ ਅਤੇ ਅਰਜਨ ਅਵਾਰਡੀ ਮਾਧਰੀ ਏ ਸਿੰਘ ਨੂੰ ਵੀ ਯੋਗ ਸਥਾਨ ਦਿੱਤਾ ਗਿਆ ਹੈ।ਇੰਜ ਇਹ ਪੁਸਤਕ ਫੁੱਟਬਾਲ ਸੰਸਾਰ ਲਈ ਅਤੇ ਮਾਹਿਲਪੁਰ ਦੇ ਲੋਕਾਂ ਲਈ ਇਕ ਇਤਿਹਾਸਕ ਦਸਤਾਵੇਜ਼ ਦਾ ਮੁੱਲ ਰੱਖਦੀ ਹੈ।ਜਿਸ ਵਾਸਤੇ ਕਲੱਬ ਅਤੇ ਬਲਜਿੰਦਰ ਮਾਨ ਦੀ ਮਿਹਨਤ ਨੂੰ ਸਲਾਮ ਕਰਨੀ ਬਣਦੀ ਹੈ।

Install Punjabi Akhbar App

Install
×