ਪੁਸਤਕ ”ਅਮੋਲਕ ਹੀਰਾ” ਅਮੋਲਕ ਸਿੰਘ ਜੰਮੂ ਦੀਆਂ ਯਾਦਾਂ ਤੇ ਯੋਗਦਾਨ, ਸੁਰਿੰਦਰ ਸਿੰਘ ਤੇਜ ਹੁਰਾਂ ਸੰਪਾਦਿਤ ਕੀਤੀ ਹੈ ਤੇ ਸਪਤਰਿਸ਼ੀ ਪਬਲੀਕੇਸ਼ਨ ਵੱਲੋਂ ਛਾਪੀ ਗਈ ਹੈ। ਅਮੋਲਕ ਸਿੰਘ ਜੰਮੂ, ਹਰਿਆਣੇ ਦੇ ਪਿੰਡ ਕੁੱਤੇ ਵੱਢ ਵਿੱਚ ਜੰਮਿਆ, ਪੰਜਾਬ ਵਿੱਚ ਪੜ੍ਹਾਈ ਪੂਰੀ ਕੀਤੀ, ਪੰਜਾਬੀ ਟ੍ਰਿਬਿਊਨ ਵਿੱਚ ਸਰਵਿਸ ਕੀਤੀ ਅਤੇ ਅਮਰੀਕਾ ਪਹੁੰਚ ਕੇ ਪੰਜਾਬ ਟਾਈਮਜ ਅਖ਼ਬਾਰ ਕੱਢਿਆ। ਅਤੀ ਭਿਆਨਕ ਬੀਮਾਰੀ ਦੀ ਕਈ ਸਾਲ ਪੀੜ ਸ਼ਹਿੰਦਾ ਹੋਇਆ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਪੁਸਤਕ ਦੇ ਸੁਰੂ ਵਿੱਚ ਉਸਦੀ ਪੜ੍ਹਾਈ, ਕਮਾਈ, ਲੋਕ ਸੇਵਾ ਅਤੇ ਉਸਦੀ ਪਤਨੀ ਜਸਪ੍ਰੀਤ ਵੱਲੋਂ ਨਾਮੁਰਾਦ ਬਿਮਾਰੀ ਸਮੇਂ ਕੀਤੀ ਪਤੀ ਦੀ ਸੇਵਾ, ਉਸਦਾ ਸਿਰੜ ਧੀਰਜ, ਜ਼ਜਬਾ ਆਦਿ ਪਾਠਕ ਨੂੰ ਪਰਿਵਾਰ ਅਤੇ ਲੋਕਾਂ ਲਈ ਜੱਦੋਜਹਿਦ ਕਰਨ ਦੀ ਪ੍ਰੇਰਨਾ ਦਿੰਦਾ ਹੈ।
ਇਸਤੋਂ ਅੱਗੇ ਕਾਲਜ ਯੂਨੀਵਰਸਿਟੀ ਦੀਆਂ ਯਾਦਾਂ, ਮਿੱਤਰਾਂ ਦੋਸਤਾਂ ਨਾਲ ਲੰਘਾਏ ਪਲ ਅਤੇ ਖੁਸ਼ਗਵਾਰ ਮਹੌਲ ਤੇ ਨਿੱਜੀ ਮੁਸਕਲਾਂ ਆਦਿ ਦੀਆਂ ਘਟਨਾਵਾਂ ਪੇਸ਼ ਕੀਤੀਆਂ ਗਈਆਂ ਹਨ। ਮਿੱਤਰ ਮੰਡਲੀ ਚੋਂ ਪ੍ਰੇਮ ਗੋਰਖੀ ਬਾਰੇ ਕਾਫ਼ੀ ਭਰਮ ਭੁਲੇਖੇ ਦੂਰ ਕੀਤੇ ਗਏ ਹਨ। ਹਰਭਜਨ ਹਲਵਾਰਵੀ ਭਾਵੇਂ ਮਜਬੂਰੀਆਂ ‘ਚ ਫਸਦਾ ਰਿਹਾ ਪਰ ਨਿੱਡਰ ਤੇ ਸੱਚ ਤੇ ਖੜਾ ਰਹਿਣ ਵਾਲਾ ਇਨਸਾਨ ਸੀ, ਉਸਦਾ ਕਾਲਜ ਸਮੇਂ ਦਾ ਪੱਖ ਵੀ ਦਿਲਚਸਪ ਲੱਗਿਆ। ਇੱਕ ਪੱਤਰਕਾਰ ਹੋਣ ਦੇ ਨਾਤੇ ਮੈਂ ਪੰਜਾਬੀ ਟ੍ਰਿਬਿਊਨ ਦੀ ਕਾਰਜਸ਼ੈਲੀ ਤੇ ਉੱਥੋਂ ਦੇ ਅੰਦਰੂਨੀ ਹਾਲਾਤਾਂ ਬਾਰੇ ਕਾਫ਼ੀ ਕੁੱਝ ਸੁਣ ਚੁੱਕਾ ਸੀ, ਪਰ ਪੁਸਤਕ ਚੋਂ ਹੋਰ ਬਹੁਤ ਕੁੱਝ ਹੋਰ ਸਾਹਮਣੇ ਆਇਆ। ਇਹਨਾਂ ਘਟਨਾਵਾਂ ਯਾਦਾਂ ਨੇ ਪੁਸਤਕ ਦਾ ਅੱਧ ਤੋਂ ਵੱਧ ਹਿੱਸਾ ਆਪਣੇ ਕਲਾਵੇ ਵਿੱਚ ਲੈ ਲਿਆ।
ਇਸਤੋਂ ਅੱਗੇ ਸੁਰੂ ਹੁੰਦਾ ਹੈ ਅਗਲਾ ਬਹੁਤ ਮੁਹੱਤਵਪੂਰਨ ਭਾਗ ‘ਪੈਗਾਮਾਂ ਦਾ ਮਿਆਰ’ ਜਿਸਨੂੰ ਪੰਜਾਬ ਟਾਈਮਜ਼ ਵਿੱਚ ਛਪੇ ਲੇਖਾਂ ਤੇ ਨਿਬੰਧਾਂ ਦਾ ਗੁਲਦਸਤਾ ਕਿਹਾ ਗਿਆ ਹੈ। ਜਿਸ ਵਿੱਚ ਪ੍ਰਸਿੱਧ ਵਿਦਵਾਨਾਂ, ਖੋਜਕਾਰਾਂ, ਸਾਹਿਤਕਾਰਾਂ, ਅਲੋਚਕਾਂ ਦੇ ਲੇਖ ਹਨ। ਅਭੈ ਸਿੰਘ ਦਾ ਲੇਖ ‘ਇਹ ਬੇਲਾ ਸੱਚ ਕੀ ਨਹੀਂ ਹੈ’ ਉੱਘੇ ਸਾਹਿਤਕਾਰ ਜਸਵੰਤ ਸਿੰਘ ਕੰਵਲ ਦੇ ਨਾਂ ਖੁੱਲ੍ਹਾ ਖਤ ਹੈ। ਇਹ ਇੱਕ ਲੇਖ ਹੈ ਜੋ ਉਹਨਾਂ ਦੀ ਪੁਸਤਕ ਬਾਰੇ ਕੀਤੀ ਆਲੋਚਨਾ ਚੋਂ ਜੰਮਿਆ ਹੈ, ਪਰ ਇਹ ਦਿਮਾਗ ਦੇ ਬੰਦ ਕਬਾੜ ਖੋਹਲਦਾ ਹੈ। ਸਮੇਂ ਸਮੇਂ ਵਾਪਰੀਆਂ ਘਟਨਾਵਾਂ, ਜਿਹਨਾਂ ਦਾ ਕੰਵਲ ਦੀ ਪੁਸਤਕ ਵਿੱਚ ਜਿਕਰ ਹੈ, ਉਹਨਾਂ ਦੇ ਕੱਲੇ ਕੱਲੇ ਦੇ ਜਵਾਬ ਵਿੱਚ ਭਖਵੀਂ ਚਰਚਾ ਕਰਕੇ ਚੀਰਫਾੜ ਕਰਦਿਆਂ ਠੀਕ ਗਲਤ ਦਰਸਾਇਆ ਗਿਆ ਹੈ। ਗਲਤ ਲਿਖ ਕੇ ਪਾਠਕ ਨੂੰ ਗੁੰਮਰਾਹ ਕਰਨ ਦੀ ਬਜਾਏ ਕੀ ਹੋਣਾ ਚਾਹੀਦਾ ਸੀ, ਇਹ ਮੱਤ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਪਰ ਲੇਖ ਦਾ ਹਰ ਪੈਰਾ ਝੰਜੋੜਾ ਦਿੰਦਾ ਹੈ ਤੇ ਸੋਚਣ ਲਈ ਮਜਬੂਰ ਕਰਦਾ ਹੈ। ਪੰਜਾਬ ਵਿੱਚ ਪੈਦਾ ਕੀਤੇ ਬੋਲੋੜੇ ਬੁਰੇ ਹਾਲਾਤਾਂ ਦੀ ਬਜਾਏ ਅਸਲ ਮੁੱਦਿਆਂ ਵੱਲ ਧਿਆਨ ਖਿੱਚ ਕੇ ਉਹਨਾਂ ਦੇ ਹੱਲ ਲਈ ਸੰਘਰਸ਼ ਕਰਨ ਦੀ ਗੱਲ ਕੀਤੀ ਗਈ ਹੈ। ਇਹ ਲੇਖ ਗਿਆਨ ਵਧਾਊ ਹੈ।
ਇੰਜ: ਪਾਲ ਸਿੰਘ ਢਿੱਲੋਂ ਦਾ ਲੇਖ ਦਰਿਆਈ ਪਾਣੀਆਂ ਬਾਰੇ ਬਹੁਤ ਜਾਣਕਾਰੀ ਭਰਪੂਰ ਹੈ। ਪਾਣੀਆਂ ਦੀ ਵੰਡ ਦੇ ਮਸਲੇ ਦਾ ਬੀਜ ਕਿਵੇਂ ਪੁੰਗਰਿਆ ਤੇ ਪੌਦਾ ਬਣਿਆ। ਪਾਣੀ ਦੀ ਵੰਡ ਅਸਲ ਵਿੱਚ ਕੀ ਸੀ, ਕੀ ਬਣਾਈ ਗਈ ਤੇ ਕਿਵੇਂ ਮਸਲਾ ਖੜਾ ਕੀਤਾ ਅਤੇ ਕੀ ਹੋਣਾ ਚਾਹੀਦਾ ਹੈ। ਸਮੁੱਚੇ ਮਾਮਲੇ ਬਾਰੇ ਇਹ ਲੇਖ ਕਾਬਲੇ ਤਾਰੀਫ਼ ਹੈ। ਡਾ: ਜਸਵੀਰ ਸਿੰਘ ਆਹਲੂਵਾਲੀਆ ਦਾ ਲੇਖ ਅਨੰਦਪੁਰ ਮਤਿਆਂ ਬਾਰੇ ਹੈ, ਇਹ ਮਤਾ ਕਿਵੇਂ ਹੋਂਦ ਵਿੱਚ ਆਇਆ। ਸ੍ਰ: ਕਪੂਰ ਸਿੰਘ ਨੇ ਕਿਵੇਂ ਮਤੇ ਤੇ ਲੀਡਰਾਂ ਦੇ ਦਸਖਤ ਕਰਵਾਏ ਅਤੇ ਬਾਅਦ ਵਿੱਚ ਕਿਵੇਂ ਇਸ ਵਿੱਚ ਅਦਲਾ ਬਦਲੀ ਕੀਤੀ ਗਈ। ਕਾਫੀ ਜਾਣਕਾਰੀ ਵਾਲਾ ਲੇਖ ਹੈ।
ਪੁਸਤਕ ਚੋਂ ਖੜਕੂਵਾਦ, ਦਰਬਾਰ ਸਾਹਿਬ ਤੇ ਹਮਲਾ, ਬੇਕਸੂਰਾਂ ਦੇ ਕਤਲਾਂ ਦੀਆਂ ਮੰਦਭਾਗੀਆਂ ਘਟਨਾਵਾਂ ਆਦਿ ਦਾ ਜਿਕਰ ਕਰਦਿਆਂ ਇਹਨਾਂ ਘਟਨਾਵਾਂ ਨੂੰ ਆਧਾਰ ਬਣਾ ਕੇ ਹਿੰਦੂ ਸਿੱਖਾਂ ਜਾਂ ਹਿੰਦੂ ਮੁਸਲਮਾਨਾਂ ਵਿੱਚ ਪਾੜਕ ਪਾ ਕੇ ਵੱਡੇ ਲੀਡਰ ਬਣਨ ਵਾਲੀਆਂ ਸੰਤਣੀਆਂ ਜਾਂ ਇਤਿਹਾਸਕਾਰਾਂ ਨੂੰ ਬਾਖੂਬੀ ਨੰਗਾ ਕੀਤਾ ਗਿਆ ਹੈ। ਭਾਰਤ ਦੀ ਵੰਡ ਸਮੇਂ ਵੱਖਰਾ ਦੇਸ ਤੇ ਖਾਲਿਸਤਾਨ ਦੀ ਸਥਾਪਤੀ ਲਈ ਪੈਦਾ ਕੀਤੇ ਭਰਮ ਭੁਲੇਖਿਆਂ ਬਾਰੇ ਕਾਫ਼ੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਸਿੱਖਾਂ ਨੇ ਕਦੇ ਵੀ ਵੱਖਰੇ ਦੇਸ ਦੀ ਮੰਗ ਨਹੀਂ ਕੀਤੀ ਗਈ, ਇਸ ਸਬੰਧੀ ਸਬੂਤ ਪੇਸ਼ ਕੀਤੇ ਹਨ। ਇਹ ਪਰਤੱਖ ਕੀਤਾ ਗਿਆ ਹੈ ਕਿ ਖਾਲਿਸਤਾਨ ਕੁੱਝ ਵਿਅਕਤੀਆਂ ਦੀ ਸਿਆਸੀ ਵਿਚਾਰਧਾਰਾ ਹੈ ਪਰ ਇਹ ਕਦੇ ਵੀ ਹੋਂਦ ਵਿੱਚ ਨਹੀਂ ਆ ਸਕਦਾ, ਨਾ ਅਜਿਹਾ ਲੋਕ ਚਾਹੁੰਦੇ ਹਨ।
ਖਾਲਿਸਤਾਨ ਪੱਖੀ ਅਖੌਤੀ ਖਾੜਕੂਆਂ ਵੱਲੋਂ ਬੇਕਸੂਰਾਂ ਤੇ ਕੀਤੇ ਵਹਿਸ਼ੀ ਅੱਤਿਆਚਾਰ ਨੂੰ ਯਾਦ ਕਰਵਾਇਆ ਗਿਆ ਹੈ। ਇਸ ਸਬੰਧੀ ਰਣਧੀਰ ਸਿੰਘ ਦਾ ਲੇਖ ਦਿਲ ਹਿਲਾਊ ਹੈ। ਜਦੋਂ ਕੋਈ ਸਿੱਖ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਜਾਂਦਾ ਹੈ ਤਾਂ ਉੱਥੇ ਖੜੇ ਜੰਡ ਕੋਲ ਖੜ ਕੇ ਅੱਖਾਂ ਚੋਂ ਹੰਝੂ ਜਰੂਰ ਵਹਾਉਂਦਾ ਹੈ, ਕਿਉਂਕਿ ਇਸ ਜੰਡ ਨਾਲ ਸਮੇਂ ਦੇ ਮਹੰਤਾਂ ਨੇ ਭਾਈ ਲਛਮਣ ਸਿੰਘ ਧੀਰੋਵਾਲੀਆ ਨੂੰ ਪੁੱਠਾ ਲਟਕਾ ਕੇ ਜਿਉਂਦੇ ਨੂੰ ਅੱਗ ਨਾਲ ਸਾੜ ਕੇ ਸ਼ਹੀਦ ਕੀਤਾ ਸੀ। ਅਜਿਹੀ ਘਟਨਾ ਹੀ ਇਸ ਲੇਖ ਵਿੱਚ ਦਰਸਾਈ ਗਈ ਹੈ ਕਿ ਖਾੜਕੂਵਾਦ ਵੇਲੇ ਸੁਰਜੀਤ ਸਿੰਘ ਪੈਂਟਾ ਆਪਣੇ ਹੋਰ ਸਾਥੀਆਂ ਸਮੇਤ ਇੱਕ ਸੱਜਣ ਚਰਨ ਸਿੰਘ ਦੇ ਘਰ ‘ਚ ਦਾਖ਼ਲ ਹੋਇਆ ਤੇ ਉਸਨੂੰ ਇਹ ਕਹਿੰਦਿਆਂ ਕਤਲ ਕਰਨ ਦਾ ਹੁਕਮ ਦਿੱਤਾ ਕਿ ਉਹ ਧਾਰਮਿਕ ਗ੍ਰੰਥ ਨੂੰ ਨਹੀਂ ਮੰਨਦਾ। ਉਸਦੀ ਪਤਨੀ ਨੂੰ ਚਾਹ ਕਰਨ ਲਈ ਕਿਹਾ, ਚਾਹ ਪੀਂਦਿਆਂ ਉਹਨਾਂ ਅਖੌਤੀ ਖਾੜਕੂਆਂ ਨੇ ਚਰਨ ਸਿੰਘ ਨੂੰ ਛੱਤ ਨਾਲ ਪੁੱਠਾ ਲਟਕਾਇਆ ਤੇ ਸਿਰ ਹੇਠਾਂ ਬਾਲਣ ਰੱਖ ਕੇ ਅੱਗ ਲਾ ਦਿੱਤੀ ਤੇ ਜਿਉਂਦੇ ਨੂੰ ਸਾੜ ਦਿੱਤਾ। ਇਹ ਘਟਨਾ ਸੋਚਣ ਲਈ ਹਰ ਪਾਠਕ ਨੂੰ ਮਜਬੂਰ ਕਰਦੀ ਹੈ ਕਿ ਇਹ ਸਿੱਖ ਅਸੂਲਾਂ ਦੇ ਵਿਰੁੱਧ ਅਖੌਤੀ ਖਾੜਕੂਆਂ ਵੱਲੋਂ ਕੀਤੀ ਕਰੂਰਤਾ ਭਰੀ ਅੱਤਿਆਚਾਰਕ ਕਾਰਵਾਈ ਸੀ ਜਾਂ ਖਾੜਕੂਆਂ ਦਾ ਬਹਾਦਰੀ ਭਰਿਆ ਕਾਰਨਾਮਾ।
ਭੂਤਵਾੜੇ ਦੀ ਅੰਮ੍ਰਿਤ ਸੰਤਾਨ ਵਾਲਾ ਲੇਖ ਭਾਵੇ ਮਨੋਰੰਜਨ ਵਾਲਾ ਹੀ ਲਗਦਾ ਹੈ, ਪਰ ਉਹ ਇਹ ਵੀ ਸਪਸ਼ਟ ਕਰਦਾ ਹੈ ਕਿ ਸਮੇਂ ਦੇ ਬੁੱਧੀਜੀਵੀ ਜੋ ਲੋਕ ਹਿਤਾਂ ਲਈ ਤੁਰੇ ਸਨ, ਉਹਨਾਂ ਲਈ ਖਾਣ ਪੀਣ, ਰਹਿਣ ਸਹਿਣ, ਪਹਿਨਣ ਪਰਚਰਣ ਨਾਲੋਂ ਵਿਚਾਰ ਚਰਚਾ ਅਤੇ ਸੰਘਰਸ਼ ਜਰੂਰੀ ਸੀ। ਡਾ: ਗੁਰਨਾਮ ਕੌਰ ਕੈਨੇਡਾ, ਗੁਰਬਚਨ, ਗੁਰਦਿਆਲ ਬੱਲ, ਪ੍ਰਿ: ਸਰਵਣ ਸਿੰਘ, ਪ੍ਰੋ: ਹਰਪਾਲ ਸਿੰਘ, ਕਰਮਜੀਤ ਸਿੰਘ ਹੋਰਾਂ ਦੇ ਲੇਖ ਵੀ ਕਾਫੀ ਦਿਲਚਸਪ ਤੇ ਜਾਣਕਾਰੀ ਭਰਪੂਰ ਹਨ। ਕੁਲ ਮਿਲਾ ਕੇ ਪੁਸਤਕ ਇੱਕ ਬਹੁਤ ਵੱਡਾ ਤੇ ਅਹਿਮ ਦਸਤਾਵੇਜ ਵੀ ਹੈ। ਇਹ ਪੁਸਤਕ ਸੰਭਾਲਯੋਗ ਹੈ ਜੋ ਅਗਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦੇਣ ਵਾਲੀ ਹੈ।